Khaas Lekh Khalas Tv Special Lok Sabha Election 2024 Punjab

ਖ਼ਾਸ ਲੇਖ – ਪੰਜਾਬ ਦੇ 10 ਧਨਾਢ ਉਮੀਦਵਾਰਾਂ ’ਚ 2 ਔਰਤਾਂ! ਕਈਆਂ ਦੇ ਖ਼ਾਤੇ ਡਬਲ ਹੋਏ ਤਾਂ ਕੁਝ ਦੇ ਅੱਧੇ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – 1 ਜੂਨ ਨੂੰ ਪੰਜਾਬ ਵਿੱਚ 13 ਸੀਟਾਂ ’ਤੇ ਚੋਣਾਂ ਹੋਣੀਆਂ ਹਨ। ਇਸ ਦੇ ਲਈ ਪੰਜਾਬ ਦੇ 328 ਦੇ ਕਰੀਬ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਾਮਜ਼ਦਗੀਆਂ ਵਿੱਚ 22 ਉਮੀਦਵਾਰਾਂ ਨੇ ਆਪਣੇ ਚੋਣ ਹਲਫ਼ਨਾਮਿਆਂ ਵਿੱਚ 10 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੱਸੀ ਹੈ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 6, ਬੀਜੇਪੀ ਅਤੇ ਕਾਂਗਰਸ ਦੇ 5-5, ਆਮ ਆਦਮੀ ਪਾਰਟੀ ਦੇ 4 ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ 2 ਉਮੀਦਵਾਰ ਸ਼ਾਮਲ ਹਨ। ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਸੂਬੇ ਦੇ 328 ਉਮੀਦਵਾਰਾਂ ਵਿੱਚੋ ਸਭ ਤੋਂ ਅਮੀਰ ਹੈ।

ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ, ਬਠਿੰਡਾ ਲੋਕ ਸਭਾ ਹਲਕਾ

ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ 2009, 2014 ਅਤੇ 2019 ਜਿੱਤ ਹਾਸਲ ਕੀਤੀ ਹੈ ਚੌਥੀ ਵਾਰ ਉਹ ਮੈਦਾਨ ਵਿੱਚ ਹਨ। ਪਤੀ ਸੁਖਬੀਰ ਸਿੰਘ ਬਾਦਲ ਦੇ ਨਾਲ ਉਨ੍ਹਾਂ ਨੇ 198.51 ਕਰੋੜ ਰੁਪਏ ਦੀ ਜਾਇਦਾਦ ਤੇ HUF ਖਾਤੇ ਦੇ ਨਾਲ ਉਹ ਸਭ ਤੋਂ ਅਮੀਰ ਹਨ।

ਹਾਲਾਂਕਿ, ਆਪਣੇ 2019 ਦੇ ਚੋਣ ਹਲਫ਼ਨਾਮੇ ਵਿੱਚ, ਉਨ੍ਹਾਂ ਨੇ 217.99 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਇਸ ਵਾਰ ਆਪਣੇ ਚੋਣ ਹਲਫ਼ਨਾਮੇ ਵਿੱਚ ਉਨ੍ਹਾਂ ਨੇ 7 ਕਰੋੜ ਰੁਪਏ ਦੇ ਗਹਿਣੇ ਦੱਸੇ ਹਨ। ਹਰਸਿਮਰਤ ਕੌਰ ਦੀ ਚੱਲ ਜਾਇਦਾਦ 66.86 ਕਰੋੜ ਰੁਪਏ ਅਤੇ ਅਚੱਲ ਜਾਇਦਾਦ 131.65 ਕਰੋੜ ਰੁਪਏ ਹੈ। ਉਨ੍ਹਾਂ ਦੀ 54.45 ਕਰੋੜ ਰੁਪਏ ਦੀ ਦੇਣਦਾਰੀ ਹੈ ਜੋ 2019 ਦੇ ਮੁਕਾਬਲੇ ਘਟੀ ਹੈ, ਉਸ ਸਮੇਂ ਇਹ 95.5 ਕਰੋੜ ਰੁਪਏ ਸੀ।

ਪਰਨੀਤ ਕੌਰ, ਭਾਰਤੀ ਜਨਤਾ ਪਾਰਟੀ, ਪਟਿਆਲਾ

ਮਹਾਰਾਣੀ ਪਰਨੀਤ ਕੌਰ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਹਨ। ਇਸ ਵਾਰ ਉਹ ਦੂਜੇ ਸਭ ਤੋਂ ਅਮੀਰ ਉਮੀਦਵਾਰ ਹਨ। ਚੋਣ ਹਲਫ਼ਨਾਮੇ ਵਿੱਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਸਾਥੀ ਤੇ ਉਨ੍ਹਾਂ ਦੇ HUF ਖਾਤੇ ਦੇ ਨਾਲ 55.83 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ।

ਪਰਨੀਤ ਕੌਰ ਦੀ ਜਾਇਦਾਦ ਵੀ 2019 ਦੇ ਮੁਕਾਬਲੇ ਘਟੀ ਹੈ। ਉਦੋਂ ਉਨ੍ਹਾਂ ਨੇ ਆਪਣੀ ਜਾਇਦਾਦ ਦੀ ਕੁੱਲ ਕੀਮਤ 63.5 ਕਰੋੜ ਰੁਪਏ ਐਲਾਨੀ ਸੀ। ਚੋਣ ਹਲਫ਼ਨਾਮੇ ਮੁਤਾਬਕ 35 ਕਰੋੜ ਰੁਪਏ ਦੀ ਕੀਮਤ ਦੇ HUF ਵਿੱਚ ਪਟਿਆਲਾ ਦੇ ਮੋਤੀ ਬਾਗ ਅਤੇ ਸਟਾਫ਼ ਹਾਊਸਾਂ ਦਾ ਜ਼ਿਕਰ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕੁੱਲ 55.83 ਕਰੋੜ ਰੁਪਏ ਦੀ ਜਾਇਦਾਦ ਵਿੱਚੋਂ 47.75 ਕਰੋੜ ਰੁਪਏ HUF ਖ਼ਾਤੇ ਵਿੱਚ ਹਨ।

ਸੁਖਪਾਲ ਖਹਿਰਾ, ਕਾਂਗਰਸ, ਸੰਗਰੂਰ

ਕਾਂਗਰਸ ਦੇ ਸੁਖਪਾਲ ਖਹਿਰਾ ਸੰਗਰੂਰ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਉਹ ਮੌਜੂਦਾ ਭੁਲੱਥ ਦੇ ਵਿਧਾਇਕ ਹਨ।

ਖਹਿਰਾ ਨੇ ਚੋਣ ਹਲਫ਼ਨਾਮੇ ਵਿੱਚ 50.02 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ ਜੋ ਕਿ 2019 ਦੇ ਮੁਕਾਬਲੇ ਘਟੀ ਹੈ ਜਦੋਂ ਉਨ੍ਹਾਂ ਨੇ ਆਪਣੀ ਜਾਇਦਾਦ ਦੀ ਕੁੱਲ ਕੀਮਤ 59.87 ਕਰੋੜ ਰੁਪਏ ਦੱਸੀ ਸੀ।

ਤਰਨਜੀਤ ਸਿੰਘ ਸੰਧੂ, ਭਾਜਪਾ, ਅੰਮ੍ਰਿਤਸਰ

ਭਾਜਪਾ ਦੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਚੋਣ ਹਲਫ਼ਨਾਮੇ ਵਿੱਚ 39.92 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਚੋਣ ਲੜ ਰਹੇ ਹਨ। ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਕੋਲ ਵਸੰਤ ਵਿਹਾਰ (ਦਿੱਲੀ), ਗੁਰੂਗ੍ਰਾਮ ਅਤੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਵਿੱਚ ਰਿਹਾਇਸ਼ੀ ਜਾਇਦਾਦਾਂ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਂ ’ਤੇ ਕੋਈ ਵਾਹਨ ਰਜਿਟਰਡ ਨਹੀਂ ਹੈ।

ਐਨ ਕੇ ਸ਼ਰਮਾ, ਸ਼੍ਰੋਮਣੀ ਅਕਾਲੀ ਦਲ, ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ, ਪੰਜਾਬ ਦੇ ਮਸ਼ਹੂਰ ਰੀਅਲਟਰ ਤੇ ਪਟਿਆਲਾ ਸੰਸਦੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ 32.21 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਇਨ੍ਹਾਂ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ 23.7 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਸਾਬਕਾ ਅਕਾਲੀ ਵਿਧਾਇਕ, ਸ਼ਰਮਾ ਨੇ 2022 ਵਿੱਚ ਡੇਰਾਬਸੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਹਨ।

ਕੁਸ਼ਲ ਪਾਲ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ੍ਰੀ ਆਨੰਦਪੁਰ ਸਾਹਿਬ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਕੁਸ਼ਲ ਪਾਲ ਸਿੰਘ ਮਾਨ ਪਹਿਲੀ ਵਾਰ ਚੋਣ ਲੜ ਰਹੇ ਹਨ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉੱਤਰੇ ਹਨ। ਉਨ੍ਹਾਂ ਨੇ ਚੋਣ ਹਲਫ਼ਨਾਮੇ ਵਿੱਚ ਆਪਣੀ ਜਾਇਦਾਦ ਦੀ ਕੁੱਲ ਕੀਮਤ 30.4 ਕਰੋੜ ਰੁਪਏ ਦੱਸੀ ਹੈ।

ਜੀਤ ਮਹਿੰਦਰ ਸਿੰਘ ਸਿੱਧੂ, ਕਾਂਗਰਸ, ਬਠਿੰਡਾ

ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਚੋਣ ਹਲਫ਼ਨਾਮੇ ਵਿੱਚ 27.38 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਉਨ੍ਹਾਂ ਨੇ ਤਲਵੰਡੀ ਸਾਬੋਂ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ ਸੀ ਤਾਂ ਉਨ੍ਹਾਂ ਨੇ 27.88 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਨਵੰਬਰ 2023 ਵਿੱਚ ਸਿੱਧੂ ਨੇ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਕੇ ਘਰ ਵਾਪਸੀ ਕੀਤੀ ਹੈ।

ਅਰਵਿੰਦ ਖੰਨਾ, ਭਾਜਪਾ, ਸੰਗਰੂਰ

ਭਾਜਪਾ ਦੇ ਅਰਵਿੰਦ ਖੰਨਾ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਨੇ ਚੋਣ ਹਲਫ਼ਨਾਮੇ ਵਿੱਚ 27.04 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। ਜਦੋਂ ਉਹ ਭਾਜਪਾ ਦੀ ਟਿਕਟ ’ਤੇ ਸੰਗਰੂਰ ਤੋਂ ਵਿਧਾਨ ਸਭਾ ਚੋਣ ਲੜੇ ਸਨ ਤਾਂ ਉਨ੍ਹਾਂ ਨੇ 2022 ਵਿੱਚ ਆਪਣੀ ਜਾਇਦਾਦ ਦੀ ਕੁੱਲ ਕੀਮਤ 27.2 ਕਰੋੜ ਰੁਪਏ ਘੋਸ਼ਿਤ ਕੀਤੀ ਸੀ। ਹਾਲਾਂਕਿ ਉਹ ਚੋਣ ਹਾਰ ਗਏ ਹਨ। ਸਾਬਕਾ ਕਾਂਗਰਸੀ ਵਿਧਾਇਕ, ਖੰਨਾ ਨੇ 2014 ਵਿੱਚ ਧੂਰੀ ਦੇ ਵਿਧਾਇਕ (ਕਾਂਗਰਸ) ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸਿਆਸਤ ਛੱਡ ਦਿੱਤੀ ਸੀ। ਉਹ ਕੁਝ ਸਾਲ ਰਾਜਨੀਤੀ ਤੋਂ ਦੂਰ ਰਹੇ ਅਤੇ ਫਿਰ ਦਸੰਬਰ 2021 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਕੇ ਵਾਪਸ ਪਰਤੇ।

ਵਿਜੇ ਇੰਦਰ ਸਿੰਗਲਾ, ਕਾਂਗਰਸ, ਸ੍ਰੀ ਆਨੰਦਪੁਰ ਸਾਹਿਬ

ਸੰਗਰੂਰ ਤੋਂ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਚੋਣ ਹਲਫ਼ਨਾਮੇ ਵਿੱਚ ਆਪਣੀ ਜਾਇਦਾਦ ਦੀ ਕੁੱਲ ਕੀਮਤ 26.29 ਕਰੋੜ ਰੁਪਏ ਦੱਸੀ ਹੈ। 2022 ਵਿੱਚ ਉਹ ਸੰਗਰੂਰ ਵਿਧਾਨ ਸਭਾ ਸੀਟ ਤੋਂ ‘ਆਪ’ ਦੀ ਪਹਿਲੀ ਵਾਰ ਚੋਣ ਲੜ ਰਹੀ ਉਮੀਦਵਾਰ ਨਰਿੰਦਰ ਕੌਰ ਭਾਰਜ ਤੋਂ ਹਾਰ ਗਏ ਸਨ। ਉਦੋਂ ਵਿਧਾਨ ਸਭਾ ਚੋਣਾਂ ਦੌਰਾਨ ਸਿੰਗਲਾ ਨੇ ਚੋਣ ਹਲਫ਼ਨਾਮੇ ਵਿੱਚ 18.87 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ। 2022 ਤੋਂ 2024 ਦੌਰਾਨ ਉਨ੍ਹਾਂ ਦੀ ਜਾਇਦਾਦ ਵਿੱਚ 7.42 ਕਰੋੜ ਦਾ ਇਜ਼ਾਫ਼ਾ ਹੋਇਆ ਹੈ।

ਰਾਣਾ ਗੁਰਮੀਤ ਸਿੰਘ ਸੋਢੀ, ਭਾਜਪਾ, ਫਿਰੋਜ਼ਪੁਰ

ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ 24.29 ਕਰੋੜ ਰੁਪਏ ਦੀ ਜਾਇਦਾਦ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਆਪਣੀ ਜਾਇਦਾਦ ਦੀ ਕੁੱਲ ਕੀਮਤ 17.01 ਕਰੋੜ ਰੁਪਏ ਘੋਸ਼ਿਤ ਕੀਤੀ ਸੀ ਜਦੋਂ ਉਹ ਭਾਜਪਾ ਦੀ ਟਿਕਟ ‘ਤੇ ਫਿਰੋਜ਼ਪੁਰ ਸ਼ਹਿਰ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਸਨ, ਪਰ ਹਾਰ ਗਏ ਹਨ। ਚਾਰ ਵਾਰ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਪੰਜਾਬ ਦੇ ਸਾਬਕਾ ਖੇਡ ਮੰਤਰੀ ਰਹੇ ਸੋਢੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2021 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ, ਸ੍ਰੀ ਆਨੰਦਪੁਰ ਸਾਹਿਬ

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣ ਹਲਫ਼ਨਾਮੇ ਵਿੱਚ ਆਪਣੀ ਜਾਇਦਾਦ ਦੀ ਕੁੱਲ ਕੀਮਤ 19.83 ਕਰੋੜ ਰੁਪਏ ਦੱਸੀ ਹੈ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 8.02 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। 2022 ਤੋਂ 2024 ਦਰਮਿਆਨ ਉਨ੍ਹਾਂ ਦੀ ਜਾਇਦਾਦ ਵਿੱਚ 11.81 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਰਾਜ ਕੁਮਾਰ ਚੱਬੇਵਾਲ, ਆਪ, ਹੁਸ਼ਿਆਰਪੁਰ

ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੱਬੇਵਾਲ ਵਿਧਾਨ ਸਭਾ ਹਲਕੇ (ਜ਼ਿਲ੍ਹਾ ਹੁਸ਼ਿਆਰਪੁਰ) ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ। ਉਸ ਸਮੇਂ ਦਿੱਤੇ ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ 20.72 ਕਰੋੜ ਰੁਪਏ ਦੀ ਜਾਇਦਾਦ ਸੀ। ਮਾਰਚ 2024 ਵਿੱਚ ਉਹ ‘ਆਪ’ ਵਿੱਚ ਸ਼ਾਮਲ ਹੋਏ ਤੇ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ, ਉਨ੍ਹਾਂ ਨੂੰ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ‘ਆਪ’ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਲੋਕ ਸਭਾ ਚੋਣਾਂ 2024 ਦੇ ਚੋਣ ਹਲਫ਼ਨਾਮੇ ਵਿੱਚ ਉਨ੍ਹਾਂ ਨੇ 19.99 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। 2022 ਦੇ ਮੁਕਾਬਲੇ ਉਨ੍ਹਾਂ ਦੀ ਜਾਇਦਾਦ ਘਟੀ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ, ਲੁਧਿਆਣਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ, ਕਾਂਗਰਸ ਦੀ ਟਿਕਟ ’ਤੇ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਚੋਣ ਹਲਫਨਾਮੇ ਮੁਤਾਬਕ ਉਨ੍ਹਾਂ ਦੀ ਮੌਜੂਦਾ ਜਾਇਦਾਦ 17.15 ਕਰੋੜ ਰੁਪਏ ਹੈ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 15 ਕਰੋੜ ਰੁਪਏ ਸੀ। ਉਹ ਆਪਣੀ ਪਤਨੀ ਨਾਲੋਂ ਘੱਟ ਜਾਇਦਾਦ ਰੱਖਦੇ ਹਨ। ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਉਨ੍ਹਾਂ ਦੀ ਕਵਰਿੰਗ ਕੈਂਡੀਡੇਟ ਹੈ ਤੇ ਉਹ ਰਾਜਾ ਵੜਿੰਗ ਤੋਂ ਵੱਧ ਅਮੀਰ ਹੈ।

ਹੰਸ ਰਾਜ ਹੰਸ, ਭਾਜਪਾ, ਫਰੀਦਕੋਟ

ਚੋਣ ਹਲਫਨਾਮੇ ਦੇ ਅਨੁਸਾਰ ਸੂਫੀ ਗਾਇਕ ਹੰਸ ਰਾਜ ਹੰਸ ਦੀ ਜਾਇਦਾਦ 16.32 ਕਰੋੜ ਰੁਪਏ ਹੈ। ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ। 2019 ਦੀਆਂ ਆਮ ਚੋਣਾਂ ਵਿੱਚ ਜਦੋਂ ਉਨ੍ਹਾਂ ਨੇ ਉੱਤਰ ਪੱਛਮੀ ਦਿੱਲੀ ਸੰਸਦੀ ਹਲਕੇ ਤੋਂ ਚੋਣ ਲੜੀ ਸੀ ਤਾਂ ਉਨ੍ਹਾਂ ਨੇ 13.09 ਕਰੋੜ ਰੁਪਏ ਦੀ ਜਾਇਦਾਦ ਘੋਸ਼ਿਤ ਕੀਤੀ ਸੀ।

ਕਰਮਜੀਤ ਸਿੰਘ ਅਨਮੋਲ, ਆਪ, ਫਰੀਦਕੋਟ

ਚੋਣ ਹਲਫ਼ਨਾਮੇ ਅਨੁਸਾਰ ‘ਆਪ’ ਦੇ ਕਰਮਜੀਤ ਸਿੰਘ ਅਨਮੋਲ ਦੀ ਜਾਇਦਾਦ 14.89 ਕਰੋੜ ਰੁਪਏ ਹੈ। ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਨ। ਅਨਮੋਲ ਕੋਲ ਕੈਨੇਡਾ ਦੀ PR ਹੈ ਪਰ ਉਹ ਅਕਸਰ ਇਹ ਕਹਿ ਕੇ ਆਪਣਾ ਬਚਾਅ ਕਰਦੇ ਹਨ ਕਿ ਉਹ ਪੰਜਾਬ ਵਿੱਚ ਰਹਿੰਦੇ ਹਨ ਤੇ ਜਨਤਾ ਲਈ ਹਮੇਸ਼ਾ ਉਪਲੱਬਧ ਰਹਿੰਦੇ ਹਨ। ਆਪਣੇ ਹਲਫ਼ਨਾਮੇ ਵਿੱਚ ਉਨ੍ਹਾਂ ਨੇ ਸਰੀ ਵਿੱਚ ਇੱਕ 625 ਵਰਗ ਫੁੱਟ ਦਾ ਘਰ ਦੱਸਿਆ ਹੈ ਜਿਸ ਦੀ ਕੀਮਤ 4,99,651 ਕੈਨੇਡੀਅਨ ਡਾਲਰ ਹੈ। ਹਲਫ਼ਨਾਮੇ ਦੇ ਅਨੁਸਾਰ ਇਹ ਅਕਤੂਬਰ 2023 ਵਿੱਚ ਖਰੀਦਿਆ ਗਿਆ ਸੀ। ਇਸ ਵਿੱਚੋਂ $3,90,559 ਬੈਂਕ ਕਰਜ਼ਾ ਹੈ।

ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਅਕਾਲੀ ਦਲ, ਸੰਗਰੂਰ

ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਤੇ ਉਨ੍ਹਾਂ ਨੇ ਚੋਣ ਹਲਫ਼ਨਾਮੇ ਵਿੱਚ 12.94 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ।

ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸੰਗਰੂਰ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਗਰੂਰ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਚੋਣ ਹਲਫ਼ਨਾਮੇ ਵਿੱਚ 12.84 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਕਾਰਾਂ ਦੇ ਪਿਆਰ ਲਈ ਜਾਣੇ ਜਾਂਦੇ ਹਨ। ਚੋਣ ਹਲਫਨਾਮੇ ਦੇ ਅਨੁਸਾਰ, ਉਨ੍ਹਾਂ ਕੋਲ ਮਾਰੂਤੀ ਦਾ 2017 ਮਾਡਲ ਸਿਆਜ਼, 2014 ਮੇਕ ਦਾ ਟਾਟਾ ਨੇਕਸਨ ਅਤੇ 2008 ਮੇਕ ਦਾ ਇੱਕ ਇੰਡੀਕਾ ਹੈ। ਉਨ੍ਹਾਂ ਕੋਲ 2019 ਮਾਡਲ ਦੀ ਕੋਰੋਲਾ ਐਲਟਿਸ ਅਤੇ 2011 ਮਾਡਲ ਦੀ ਲੈਂਡ ਕਰੂਜ਼ਰ ਪਰਾਡੋ ਵੀ ਹੈ।

ਅਨਿਲ ਜੋਸ਼ੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਚੋਣ ਹਲਫ਼ਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਕੋਲ 12.49 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।

ਜਗਦੀਪ ਸਿੰਘ ਕਾਕਾ ਬਰਾੜ, ਆਪ, ਫਿਰੋਜ਼ਪੁਰ

‘ਆਪ’ ਦੇ ਜਗਦੀਪ ਸਿੰਘ ਕਾਕਾ ਬਰਾੜ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਜਾਇਦਾਦ 12.17 ਕਰੋੜ ਰੁਪਏ ਹੈ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਕਤਸਰ ਵਿਧਾਨ ਸਭਾ ਸੀਟ ਤੋਂ ਸਫਲਤਾਪੂਰਵਕ ਚੋਣ ਲੜਦਿਆਂ 13.10 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ।

ਲਾਲਜੀਤ ਸਿੰਘ ਭੁੱਲਰ, ਆਪ, ਖਡੂਰ ਸਾਹਿਬ

ਆਪ ਦੇ ਲਾਲਜੀਤ ਸਿੰਘ ਭੁੱਲਰ ਨੇ ਚੋਣ ਹਲਫ਼ਨਾਮੇ ਵਿੱਚ 11.97 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਉਨ੍ਹਾਂ ਦੀ ਜਾਇਦਾਦ ਵਿੱਚ 5.45 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਉਸ ਸਮੇਂ ਉਨ੍ਹਾਂ ਦੀ ਜਾਇਦਾਦ 6.52 ਕਰੋੜ ਰੁਪਏ ਸੀ ਜਦੋਂ ਉਹ ਪੱਟੀ ਵਿਧਾਨ ਸਭਾ ਸੀਟ ਤੋਂ ਜਿੱਤੇ ਸਨ। ਲਾਲਜੀਤ ਭੁੱਲਰ ਪੰਜਾਬ ਦੇ ਕੈਬਨਿਟ ਮੰਤਰੀ ਹਨ, ਇਸ ਵਾਰ ਉਹ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।

ਮਹਿੰਦਰ ਸਿੰਘ ਕੇਪੀ, ਸ਼੍ਰੋਮਣੀ ਅਕਾਲੀ ਦਲ, ਜਲੰਧਰ

ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਨੇ ਚੋਣ ਹਲਫ਼ਨਾਮੇ ਵਿੱਚ 11.61 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। ਉਹ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਤਿੰਨ ਵਾਰ ਕਾਂਗਰਸੀ ਵਿਧਾਇਕ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਜਾਇਦਾਦ 5.48 ਕਰੋੜ ਰੁਪਏ ਸੀ। ਉਹ ਇਸ ਸਾਲ ਅਪ੍ਰੈਲ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। 2017 ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਵਿੱਚ 6.13 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਚਰਨਜੀਤ ਸਿੰਘ ਚੰਨੀ, ਕਾਂਗਰਸ, ਜਲੰਧਰ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਉਨ੍ਹਾਂ ਨੇ ਚੋਣ ਹਲਫ਼ਨਾਮੇ ਵਿੱਚ 10.15 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਾਇਦਾਦ 9.45 ਕਰੋੜ ਰੁਪਏ ਸੀ ਜਦੋਂ ਉਹ ਭਦੌੜ ਅਤੇ ਚਮਕੌਰ ਸਾਹਿਬ ਵਿਧਾਨ ਸਭਾ ਸੀਟਾਂ ਤੋਂ ਚੋਣ ਲੜੇ ਸਨ।