Khaas Lekh Khalas Tv Special Lok Sabha Election 2024 Punjab

ਖ਼ਾਸ ਲੇਖ – ਪੰਜਾਬ ਦਾ ਕਿਹੜਾ ਡੇਰਾ ਇਸ ਵਾਰ ਸਿਆਸੀ ਹਵਾ ਤੈਅ ਕਰੇਗਾ! ਕਿਸ-ਕਿਸ ਨੇ ਭਗਤਾਂ ਨੂੰ ਭੇਜੇ ਇਸ਼ਾਰੇ! ਕਿਸ ਹਲਕੇ ’ਚ ਕਿਸ ਡੇਰੇ ਦਾ ਜ਼ੋਰ?

Lok Sabha Elections 2024 The impact of Deras in the politics of Punjab

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – 70 ਦੇ ਦਹਾਕੇ ਤੋਂ ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦਾ ਵੱਡਾ ਰੋਲ ਰਿਹਾ ਹੈ। ਪਹਿਲਾਂ ਰਾਧਾ ਸਵਾਮੀ ਅਤੇ ਨਿਰੰਕਾਰੀ ਡੇਰਿਆਂ ਦਾ ਜ਼ੋਰ ਜ਼ਿਆਦਾ ਸੀ। ਇਹ ਦੋਵੇ ਡੇਰੇ ਖੁੱਲ੍ਹ ਕੇ ਕਿਸੇ ਪਾਰਟੀ ਦੀ ਹਮਾਇਤ ਦਾ ਐਲਾਨ ਨਹੀਂ ਕਰਦੇ ਸਨ। ਪਰ ਅੰਦਰਲੇ ਇਸ਼ਾਰਿਆਂ ਨਾਲ ਸੁਨੇਹਾ ਜ਼ਰੂਰ ਪਹੁੰਚਾ ਦਿੱਤਾ ਜਾਂਦਾ ਸੀ। 2007 ਵਿੱਚ ਪਹਿਲੀ ਵਾਰ ਖੁੱਲ੍ਹ ਕੇ ਇਸ਼ਾਰੇ ਹੋਣ ਲੱਗੇ ਜਦੋਂ ਮਾਲਵੇ ਦੇ ਸਭ ਤੋਂ ਵੱਡੇ ਡੇਰੇ ਸੌਦਾ ਸਾਧ ਨੇ ਕਾਂਗਰਸ ਨੂੰ ਪੰਜਾਬ ਵਿੱਚ ਖੁੱਲ੍ਹ ਕੇ ਹਮਾਇਤ ਕੀਤੀ।

ਬੱਸ ਉਸ ਵੇਲੇ ਤੋਂ ਪੰਜਾਬ ਵਿੱਚ ਡੇਰਿਆਂ ਦੀ ਸਿਆਸਤ ਸ਼ੁਰੂ ਹੋ ਗਈ। ਹਾਲਾਂਕਿ ਡੇਰੇ ਦੀ ਹਮਾਇਤ ਦੇ ਬਾਵਜੂਦ ਕਾਂਗਰਸ ਹਾਰੀ, 2017 ਅਤੇ 2022 ਵਿੱਚ ਵੀ ਸੌਦਾ ਸਾਧ ਨੇ ਬੀਜੇਪੀ ਨੂੰ ਹਮਾਇਤ ਦਾ ਐਲਾਨ ਦਿੱਤਾ ਪਰ ਇਸ ਦੇ ਬਾਵਜੂਦ ਅਕਾਲੀ-ਬੀਜੇਪੀ ਗਠਜੋੜ ਦੀ ਹਾਰ ਹੋਈ ਹੈ। ਇਸ ਦੇ ਬਾਵਜੂਦ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਡੇਰੇ ਦੀ ਵੋਟ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ, ਇਸ ਦਾ ਅਸਰ ਜ਼ਰੂਰਤ ਹੁੰਦਾ ਹੈ। ਸਿਰਫ਼ ਇੱਕ ਡੇਰੇ ਦੇ ਸਾਥ ਨਾਲ ਸੱਤਾ ’ਤੇ ਕਾਬਜ਼ ਨਹੀਂ ਹੋਇਆ ਜਾ ਸਕਦਾ, ਪੰਜਾਬ ਦੇ ਮਾਲਵਾ, ਮਾਝਾ ਅਤੇ ਦੋਆਬਾ ਵਿੱਚ ਵੱਖ-ਵੱਖ ਡੇਰਿਆਂ ਦੀ ਆਪਣੀ ਹੈਸੀਅਤ ਹੈ। 

 

ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਡੇਰਿਆਂ ਦਾ ਪ੍ਰਭਾਵ 

ਪੰਜਾਬ ਵਿੱਚ ਸਰਗਰਮ ਡੇਰਿਆਂ ਬਾਰੇ ਕੋਈ ਸਰਕਾਰੀ ਅੰਕੜਾ ਨਹੀਂ ਹੈ ਪਰ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 9 ਹਜ਼ਾਰ ਸਿੱਖ ਅਤੇ 12 ਹਜ਼ਾਰ ਗ਼ੈਰ-ਸਿੱਖ ਡੇਰੇ ਮੌਜੂਦ ਹਨ। ਇਨ੍ਹਾਂ ਵਿਚੋਂ 300 ਦੇ ਕਰੀਬ ਡੇਰਾ ਮੁਖੀ ਅਜਿਹੇ ਹਨ, ਜਿਨ੍ਹਾਂ ਦਾ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਹਿਮਾਚਲ ਵਿੱਚ ਵੀ ਪ੍ਰਭਾਵ ਹੈ। ਇਨ੍ਹਾਂ ਵਿੱਚੋਂ 12 ਡੇਰੇ ਅਜਿਹੇ ਹਨ ਜਿਨ੍ਹਾਂ ਦੇ ਇੱਕ ਲੱਖ ਤੋਂ ਵੱਧ ਪੈਰੋਕਾਰ ਹਨ। ਡੇਰਾ ਬਿਆਸ ਇਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ । 

 

ਪੰਜਾਬ ਦੇ ਪ੍ਰਮੁੱਖ ਡੇਰੇ 

ਪੰਜਾਬ ਵਿੱਚ ਹਜ਼ਾਰਾਂ ਵੱਡੇ ਅਤੇ ਛੋਟੇ ਡੇਰੇ ਹਨ। ਇਨ੍ਹਾਂ ਵਿੱਚੋਂ ਸਿੱਖ ਅਤੇ ਗੈਰ-ਸਿੱਖ ਡੇਰੇ ਵੱਖਰੇ-ਵੱਖਰੇ ਹਨ। ਦਮਦਮੀ ਟਕਸਾਲ, ਡੇਰਾ ਨਾਨਕਸਰ, ਸੰਤ ਅਜੀਤ ਸਿੰਘ ਹੰਸਾਲੀ ਸਾਹਿਬ, ਸੰਤ ਦਇਆ ਸਿੰਘ ਸੁਰਸਿੰਘ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਅਤੇ ਡੇਰਾ ਬਾਬਾ ਰੂਮੀ ਵਾਲਾ (ਭੁੱਚੋ ਕਲਾਂ) ਪੰਜਾਬ ਦੇ ਪ੍ਰਮੁੱਖ ਸਿੱਖ ਡੇਰੇ ਹਨ।

ਇਨ੍ਹਾਂ ਤੋਂ ਇਲਾਵਾ ਰਾਧਾ ਸੁਆਮੀ ਸਤਿਸੰਗ ਬਿਆਸ (ਡੇਰਾ ਬਿਆਸ), ਡੇਰਾ ਸੱਚਾ ਸੌਦਾ, ਨੂਰਮਹਿਲ ਡੇਰਾ, ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ, ਸੰਤ ਨਿਰੰਕਾਰੀ ਮਿਸ਼ਨ, ਡੇਰਾ ਬਾਬਾ ਭੂਮਣ ਸ਼ਾਹ (ਸੰਘਰ ਸਾਧ) ਅਤੇ ਰਵਿਦਾਸੀ (ਡੇਰਾ ਸੱਚਖੰਡ ਸਮੇਤ) ਪ੍ਰਮੁੱਖ ਪੰਜਾਬ ਦੇ ਗੈਰ-ਸਿੱਖ ਡੇਰੇ ਹਨ।

ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦਾ ਰੋਲ ਸਮਝਣ ਲਈ ਅਸੀਂ ਪੰਜਾਬ ਦੇ 3 ਮੁੱਖ ਹਿੱਸਿਆਂ; ਮਾਝਾ, ਮਾਲਵਾ ਤੇ ਦੁਆਬਾ ਬੈਲਟ ਬਾਰੇ ਇੱਕ-ਇੱਕ ਕਰਕੇ ਜਾਣਾਂਗੇ। ਸਭ ਤੋਂ ਪਹਿਲਾਂ ਮਾਝੇ ਦੀ ਗੱਲ ਕਰਦੇ ਹਾਂ। 

 

ਮਾਝੇ ਵਿੱਚ ਡੇਰਾ ਬਿਆਸ ਦਾ ਬੋਲਬਾਲਾ, ਇਸਾਈ ਭਾਈਚਾਰਾ ਵੀ ਪੈਰ ਪਸਾਰ ਰਿਹਾ 

ਮਾਝਾ ਖੇਤਰ ਵਿੱਚ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹੇ ਆਉਂਦੇ ਹਨ। ਅਜਨਾਲਾ ਦੇ ਆਲੇ-ਦੁਆਲੇ ਦੇ  ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪਾਸਟਰ ਦਾ ਵੱਡਾ ਅਸਰ ਹੈ। ਮਸੀਹ ਭਾਈਚਾਰੇ ਦਾ ਪ੍ਰਭਾਵ ਦੁਆਬੇ ਦੇ ਇਲਾਕੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। 

ਮਾਝੇ ਵਿੱਚ ਸਭ ਤੋਂ ਵੱਧ ਪ੍ਰਭਾਵ ਡੇਰਾ ਬਿਆਸ ਦਾ ਮੰਨਿਆ ਜਾਂਦਾ ਹੈ। ਡੇਰਾ ਬਿਆਸ (Radha Soami Satsang Beas) ਦੀ ਸਥਾਪਨਾ ਬਾਬਾ ਜੈਮਲ ਸਿੰਘ ਨੇ 1891 ਵਿੱਚ ਕੀਤੀ ਸੀ। ਡੇਰਾ ਕਦੇ ਵੀ ਕਿਸੇ ਆਗੂ ਜਾਂ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਨਹੀਂ ਕਰਦਾ। ਉਂਞ ਡੇਰੇ ਦੇ ਪੈਰੋਕਾਰ ਇੰਨੇ ਪੱਕੇ ਹਨ ਕਿ ਉਹ ਡੇਰੇ ਤੋਂ ਮਿਲੇ ਕਿਸੇ ਵੀ ਹੁਕਮ ਤੋਂ ਪਿੱਛੇ ਨਹੀਂ ਹਟਦੇ। ਇਸੇ ਲਈ ਸਿਆਸਤਦਾਨ ਇਸ ਡੇਰੇ ਦਾ ਮਹੱਤਵ ਚੰਗੀ ਤਰ੍ਹਾਂ ਸਮਝਦੇ ਹਨ। ਪ੍ਰਧਾਨ ਮੰਤਰੀ ਮੋਦੀ ਵੀ ਇਨ੍ਹਾਂ ਸਿਆਸਤਦਾਨਾਂ ਵਿੱਚ ਸ਼ੁਮਾਰ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਡੇਰਾ ਬਿਆਸ ਦਾ ਪ੍ਰਭਾਵ ਇਕੱਲੇ ਪੰਜਾਬ ਨਹੀਂ, ਬਲਕਿ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ। ਖ਼ਾਸ ਕਰਕੇ ਯੂਪੀ, ਬਿਹਾਰ, ਰਾਜਸਥਾਨ ਆਦਿ ਸੂਬਿਆਂ ਵਿੱਚ। 

ਸੋ ਇਹ ਸਭ ਵੇਖਦਿਆਂ ਚੋਣ ਪ੍ਰਚਾਰ ਦੇ ਅਖ਼ੀਰਲੇ ਦੌਰ ਵਿੱਚ ਸਿਆਸਤਦਾਨਾਂ ਨੇ ਹੁਣ ਡੇਰਿਆਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੇਰਾ ਬਿਆਸ ਜਾ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਰਹੇ ਹਨ। ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਸਿਰ ’ਤੇ ਹਨ। ਸਿਰਫ਼ 14 ਦਿਨ ਰਹਿ ਗਏ ਹਨ ਤੇ ਇਸ ਦੇ ਮੱਦੇਨਜ਼ਰ ਲੋਕ ਸਭਾ ਉਮੀਦਵਾਰ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡ ਰਹੇ।

ਡੇਰਾ ਬਿਆਸ ਵਿੱਚ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ, ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ, ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਪੰਜਾਬ ਹਰਜੋਤ ਬੈਂਸ, ‘ਆਪ’ ਉਮੀਦਵਾਰ ਮਾਲਵਿੰਦਰ ਕੰਗ, ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ, ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਜ਼ੀਰਾ ਆਦਿ ਆਗੂ ਡੇਰਾ ਬਿਆਸ ਦਾ ਗੇੜਾ ਲਾ ਚੁੱਕੇ ਹਨ।

ਪਾਰਟੀਆਂ ਦੇ ਉਮੀਦਵਾਰ ਡੇਰਾ ਮੁਖੀ ਨਾਲ ਆਪਣੀ ਮੀਟਿੰਗ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਹਨ ਤਾਂ ਜੋ ਉਹ ਡੇਰੇ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰ ਸਕਣ।

ਇੱਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਤਿੰਨ ਵਾਰ ਡੇਰਾ ਬਿਆਸ ਪੁੱਜੇ ਹਨ। ਹਿਮਾਚਲ ‘ਚ ਸਾਲ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ 4 ਦਿਨ ਪਹਿਲਾਂ ਪੀਐੱਮ ਮੋਦੀ ਨੇ ਡੇਰਾ ਬਿਆਸ ਪਹੁੰਚ ਕੇ ਗੁਰਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਸੀ। ਇਸੇ ਤਰ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਤੋਂ ਇਲਾਵਾ ਪਿਛਲੇ ਹਫ਼ਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਡੇਰੇ ਪੁੱਜੇ ਤੇ ਮੁਖੀ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਕੀਤੀ ਸੀ।

ਡੇਰੇ ਦਾ ਆਪਣਾ ਮਜ਼ਬੂਤ ​​ਵੋਟ ਬੈਂਕ ਹੈ ਜੋ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਫੈਸਲਾ ਕਰਦਾ ਹੈ। ਡੇਰੇ ਨਾਲ ਜੁੜੇ ਸੂਤਰਾਂ ਅਨੁਸਾਰ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਪਟਿਆਲਾ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ’ਤੇ ਡੇਰੇ ਦਾ ਜ਼ਿਆਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ। ਹਿਮਾਚਲ ਵਿੱਚ ਵੀ ਡੇਰੇ ਦੇ ਬਹੁਤ ਸਾਰੇ ਪੈਰੋਕਾਰ ਹਨ। ਹਾਲਾਂਕਿ ਹੁਸ਼ਿਆਰਪੁਰ ਦੁਆਬਾ ਇਲਾਕੇ ਵਿੱਚ ਆ ਜਾਂਦਾ ਹੈ, ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਡੇਰਾ ਬਿਆਸ ਦਾ ਪ੍ਰਭਾਵ ਮਾਝੇ ਤੋਂ ਬਾਹਰ ਵੀ ਪੈਰ ਪਸਾਰ ਰਿਹਾ ਹੈ। 

ਡੇਰਾ ਬਿਆਸ ਦੀ ਇੱਕ ਕਿਤਾਬ ਮੁਤਾਬਕ ਦੇਸ਼ ਭਰ ਵਿੱਚ ਉਨ੍ਹਾਂ ਦੀਆਂ 5 ਹਜ਼ਾਰ ਸ਼ਾਖਾਵਾਂ ਹਨ। ਉਨ੍ਹਾਂ ਦੀਆਂ 99 ਬਾਹਰਲੇ ਦੇਸ਼ਾਂ ਵੀ ਵਿੱਚ ਸ਼ਾਖਾਵਾਂ ਹਨ। ਪੰਜਾਬ ਵਿੱਚ ਉਨ੍ਹਾਂ ਦੇ 80 ਤੋਂ 90 ਸਤਿਸੰਗ ਘਰ ਹਨ। ਇਸ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਵਿੱਚ ਵੀ ਅਜਿਹੇ ਸਤਿਸੰਗ ਘਰ ਬਣਾਏ ਗਏ ਹਨ।

ਹੁਣ ਅਜਨਾਲੇ ਵਾਲੇ ਪਾਸੇ ਜਾਂਦੇ ਹਾਂ ਤੇ ਇੱਥੇ ਇਸਾਈ ਭਾਈਚਾਰੇ ਦਾ ਕੁਝ ਜ਼ਿਆਦਾ ਰੁਝਾਨ ਚੱਲ ਰਿਹਾ ਹੈ। ਇੱਥੇ ਤਾਂ ਸਿਆਸਤਦਾਨ ਵੀ ਮਸੀਹ ਭਾਈਚਾਰੇ ਦੇ ਵੋਟ ਬੈਂਕ ਲਈ ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਪਿਛਲੇ ਦਿਨੀਂ  ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਇੱਕ ਵਿਵਾਦਤ ਬਿਆਨ ਵਾਇਰਲ ਹੋਇਆ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ‘ਪ੍ਰਭੂ ਯਿਸੂ ਮਸੀਹ ਵੱਡਾ ਭਰਾ ਤੇ ਸਿੱਖ ਸੱਭ ਤੋਂ ਛੋਟਾ ਬੱਚਾ’ ਹੈ। ਸੋ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿੱਚ ਮਸੀਹ ਭਾਈਚਾਰੇ ਦਾ ਕਿੰਨਾ ਪ੍ਰਭਾਵ ਹੋਏਗਾ। 

ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਵੀ ਮਸੀਹ ਭਾਈਚਾਰਾ ਪੈਰ ਪਸਾਰ ਰਿਹਾ ਹੈ। ਇੱਥੋਂ ਤਕ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਮਸੀਹ ਭਾਈਚਾਰੇ ਨੂੰ ਅਣਦੇਖਿਆਂ ਨਹੀਂ ਕਰ ਰਹੇ। ਉਨ੍ਹਾਂ ਤੋਂ ਪਹਿਲਾਂ 2021 ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਬਾਈਬਲ ਦੇ ਅਧਿਐਨ ਲਈ ਯੂਨੀਵਰਸਿਟੀ ਵਿੱਟ ਚੇਅਰ ਕਾਇਮ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਇਸਾਈ ਭਾਈਚਾਰੇ ਦੀਆਂ ਕਬਰਿਸਤਾਨ ਸਬੰਧੀ ਮੁਸ਼ਕਲਾਂ ਦਾ ਹੱਲ ਕਰਨ ਬਾਰੇ ਵੀ ਗੱਲ ਕੀਤੀ ਸੀ। 

 

ਦੁਆਬੇ ’ਚ ਨਜ਼ਰ ਅੰਦਾਜ਼ ਨਹੀਂ ਕੀਤੀ ਜਾ ਸਕਦੀ ਡੇਰਿਆਂ ਦੀ ਤਾਕਤ

ਦੁਆਬਾ ਖੇਤਰ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਵੀ ਕਿਹਾ ਜਾਂਦਾ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਇਸ ਇਲਾਕੇ ਦੇ ਲੋਕਾਂ ਨੂੰ ਦੁਆਬੀਏ ਕਿਹਾ ਜਾਂਦਾ ਹੈ। ਇਹ ਸ਼ਬਦ ਦੋ+ਆਬ ਮਤਲਵ ਦੋ ਪਾਣੀਆਂ ਦੀ ਧਰਤੀ ਤੋਂ ਬਣਿਆ ਹੈ। ਇਸ ਇਲਾਕੇ ਵਿੱਚ 35 ਫ਼ੀਸਦੀ ਅਬਾਦੀ ਪਛੜੀਆਂ ਸ਼੍ਰੇਣੀਆਂ ਲੋਕਾਂ ਦੀ ਹੈ। ਇਸ ਨੂੰ ਐਨਆਰਆਈ (NRI) ਦਾ ਇਲਾਕਾ ਵੀ ਕਿਹਾ ਜਾਂਦਾ ਹੈ। 

2024 ਦੀਆਂ ਲੋਕਸਭਾ ਚੋਣਾਂ ਵਿੱਚ ਜਲੰਧਰ ਦੇ ਲੋਕਾਂ ਦਾ ਫੈਸਲਾ ਕੀ ਹੋਵੇਗਾ? ਇਸ ਹਲਕੇ ਦੀ ਸੋਚ ਪੂਰੇ ਪੰਜਾਬ ਤੋਂ ਵੱਖ ਹੈ ਜਾਂ ਇਹ ਕਹਿ ਲਿਉ ਕਿ ਇਸ ਹਲਕੇ ਦੀ ਆਪਣੀ ਸੋਚ ਹੀ ਨਹੀਂ ਹੈ, ਬਲਕਿ ਡੇਰਿਆਂ ਦੇ ਇਸ਼ਾਰੇ ‘ਤੇ ਚੱਲਦਾ ਹੈ ਅਤੇ ਇਹ ਡੇਰੇ ਦਲਿਤ ਭਾਈਚਾਰੇ ਦੇ ਹਨ। 

ਕਹਿੰਦੇ ਹਨ ਪੰਜਾਬ ਵਿੱਚ ਦਲਿਤਾਂ ਦੀ ਕੁੱਲ ਗਿਣਤੀ 38 ਫੀਸਦੀ ਹੈ ਜੋ ਪੂਰੇ ਭਾਰਤ ਵਿੱਚ ਕਿਸੇ ਸੂਬੇ ਦੀ ਨਹੀਂ ਹੈ। ਜਲੰਧਰ ਉਸੇ ਦਲਿਤ ਭਾਈਚਾਰੇ ਦਾ ਤਾਜ ਹੈ। ਜਲੰਧਰ ਵਿੱਚ 42.7 ਫ਼ੀਸਦੀ ਵੋਟ ਦਲਿਤਾਂ ਦੇ ਕੋਲ ਹਨ। ਹਲਕੇ ਦੇ 49 ਫ਼ੀਸਦੀ ਵੋਟਰ ਸ਼ਹਿਰੀ ਹਨ ਅਤੇ ਇੱਥੇ ਵੀ ਦਬਦਬਾ ਦਲਿਤ ਭਾਈਚਾਰੇ ਦਾ ਹੀ ਹੈ। 

ਹੁਣ ਇਹ ਦਲਿਤ ਜੁੜੇ ਕਿਸ ਡੇਰੇ ਨਾਲ ਹਨ, ਡੇਰਾ ਸੱਚ ਖੰਡ ਬਲਾਨ ਸਭ ਤੋਂ ਵੱਡਾ ਡੇਰਾ ਹੈ ਜਿਸ ਨਾਲ ਰਵੀਦਾਸੀ, ਰਵੀਦਾਸੀਆ, ਆਦਿ ਧਰਮੀ, ਮਜ਼੍ਹਬੀ ਸਿੱਖ,ਵਾਲਮੀਕੀ ਦਲਿਤ ਭਾਈਚਾਰਾ ਜੁੜਿਆ ਹੈ। ਇਸ ਦੇ ਡੇਰਾ ਮੁਖੀ ਹਨ ਸੰਤ ਨਿਰੰਜਨ ਦਾਸ। 

ਇਸ ਤੋਂ ਇਲਾਵਾ ਦਿਵਿਆ ਜੋਤ ਜਾਗਰਤੀ ਸੰਸਥਾਨ ਆਸ਼ੂਤੋਸ਼ ਦਾ ਡੇਰਾ ਇਸ ਨਾਲ ਵੀ ਵੱਡੀ ਗਿਣਤੀ ਵਿੱਚ ਲੋਕ ਜੁੜੇ ਹਨ। ਹਾਲਾਂਕਿ ਡੇਰਾ ਦਾ ਮੁਖੀ ਆਸ਼ੂਤੋਸ਼ 10 ਸਾਲ ਪਹਿਲਾਂ ਹੀ ਦੁਨੀਆ ਤੋਂ ਚਲਾ ਗਿਆ, ਪਰ ਹੁਣ ਵੀ ਮ੍ਰਿਤਕ ਦੇਹ ਡੇਰੇ ਵਿੱਚ ਪਈ ਹੈ। ਡੇਰੇ ਦੇ ਪੈਰੋਕਾਰ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਇਸ ਡੇਰੇ ਦਾ ਨੌਜਵਾਨਾਂ ਅਤੇ ਪੜ੍ਹੀ ਲਿਖੀ ਜਨਤਾ ’ਤੇ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ। ਨੌਜਵਾਨਾਂ ਲਈ ਡੇਰੇ ਵੱਲੋਂ ਬਕਾਇਦਾ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਮੂਲੀਅਤ ਕਰਦੇ ਹਨ। 

ਇਨ੍ਹਾਂ ਡੇਰਿਆਂ ਦੇ ਨਾਲ-ਨਾਲ ਇਸ ਖੇਤਰ ਵਿੱਚ ਇਸਾਈ ਪਾਸਟਰਾਂ ਦਾ ਵੀ ਵੱਡਾ ਪ੍ਰਭਾਵ ਹੈ। ਇਸ ਵਿੱਚ ਵੀ ਵੱਡੀ ਗਿਣਤੀ ਵਿੱਚ ਦਲਿਤ ਜੁੜੇ ਹਨ। ਇਸਾਈ ਪਾਸਟਰ ਇਸ ਵੇਲੇ ਜਲੰਧਰ ਵਿੱਚ ਇਸ ਕਦਰ ਤਾਕਤਵਰ ਬਣ ਚੁੱਕੇ ਹਨ ਕਿ ਜਲੰਧਰ ਦੀ ਸਿਆਸਤ ਇਨ੍ਹਾਂ ਦੇ ਇਰਦ-ਗਿਰਦ ਘੁੰਮਣ ਲੱਗ ਗਈ ਹੈ। 

ਮਾਲਵੇ ਅਤੇ ਮਾਝੇ ਵਾਲੀ ਜੱਟ ਸਿਆਸਤ ਇੱਥੇ ਤੁਹਾਨੂੰ ਬਿਲਕੁਲ ਨਜ਼ਰ ਨਹੀਂ ਆਵੇਗੀ। ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੀ ਇਸ ਹਲਕੇ ਵਿੱਚ ਚੰਗਾ ਅਸਰ ਹੈ, ਪਰ ਇਸ ਦਾ ਅਸਰ ਤੁਹਾਨੂੰ ਦਲਿਤਾਂ ਵਿੱਚ ਘੱਟ ਜਦਕਿ ‘ਮਿਡਲ ਕਲਾਸ’ ਵਿੱਚ ਜ਼ਿਆਦਾ ਨਜ਼ਰ ਆਏਗਾ।  ਜਲੰਧਰ ਵਿੱਚ ਡੇਰਿਆ ਦੀ ਤਾਕਤ ਅਤੇ ਵੋਟ ਸਮੀਕਰਣ ਦਾ ਤੁਹਾਨੂੰ ਹੁਣ ਤੱਕ ਅੰਦਾਜ਼ਾ ਹੋ ਗਿਆ ਹੋਵੇਗਾ।

 

ਮਾਲਵੇ ’ਚ ਕਿਸ ਡੇਰੇ ਦਾ ਜ਼ੋਰ?

ਮਾਲਵਾ (Malwa) ਪੰਜਾਬ ਖੇਤਰ ਦਾ ਸਤਲੁਜ ਦੇ ਦੱਖਣ ਵਾਲੇ ਪਾਸੇ ਦਾ ਇਲਾਕਾ ਹੈ। ਇਸ ਵਿੱਚ ਹਰਿਆਣਾ ਸੂਬੇ ਦੇ ਵੀ ਕੁਝ ਹਿੱਸੇ ਸ਼ਾਮਲ ਹਨ। ਦੱਖਣ-ਪੱਛਮ ਵਾਲ਼ੇ ਪਾਸੇ ਰਾਜਸਥਾਨ ਦਾ ਰੇਗਿਸਤਾਨ ਹੈ। ਇਸ ਇਲਾਕੇ ਵਿੱਚ ਬਰਨਾਲਾ, ਬਠਿੰਡਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ ਦੇ ਕੁਛ ਹਿੱਸੇ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ, ਤੇ ਫ਼ਾਜ਼ਿਲਕਾ ਜ਼ਿਲ੍ਹੇ ਆਉਂਦੇ ਹਨ। ਡੇਰਾਵਾਦ ਦੀ ਗੱਲ ਕੀਤੀ ਜਾਵੇ ਤਾਂ ਇਸ ਇਲਾਕੇ ਵਿੱਚ ਡੇਰਾ ਸੱਚਾ ਸੌਦਾ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। 

ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਗੰਭੀਰ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਹਨ। ਗੁਰਮੀਤ ਰਾਮ ਰਹੀਮ ਦੁਨੀਆ ਭਰ ਵਿੱਚ ਆਪਣੇ 60 ਮਿਲੀਅਨ ਤੋਂ ਵੱਧ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਹੈ। ਉਸ ਨੂੰ ਕਤਲ ਅਤੇ ਬਲਾਤਕਾਰ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਡੇਰਾ ਸੱਚਾ ਸੌਦਾ (DSS) ਦੀ ਸਥਾਪਨਾ 29 ਅਪ੍ਰੈਲ 1948 ਨੂੰ ਸ਼ਾਹ ਮਸਤਾਨਾ ਬਲੋਚਿਸਤਾਨੀ ਦੁਆਰਾ ਕੀਤੀ ਗਈ ਸੀ, ਜੋ ਕਿ ਬਾਬਾ ਸਾਵਨ ਸਿੰਘ (ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਦੂਜੇ ਸਤਿਗੁਰੂ) ਦੇ ਇੱਕ ਤਪੱਸਵੀ ਅਨੁਯਾਈ ਸਨ। ਇਸ ਡੇਰੇ ਦੀ ਸਥਾਪਨਾ ਧਾਰਮਿਕ ਸਿੱਖਿਆ ਦੇ ਕੇਂਦਰ ਵਜੋਂ ਕੀਤੀ ਗਈ ਸੀ। ਬਾਬਾ ਸਾਵਨ ਸਿੰਘ ਤੋਂ ਬਾਅਦ, ਲਹਿਰ ਚਾਰ ਧੜਿਆਂ ਵਿੱਚ ਵੰਡੀ ਗਈ, ਜਿਨ੍ਹਾਂ ਵਿੱਚੋਂ ਇੱਕ ਦੀ ਅਗਵਾਈ ਮਸਤਾਨਾ ਬਲੋਚਿਸਤਾਨੀ ਨੇ ਕੀਤੀ। ਮਸਤਾਨਾ ਬਲੋਚਿਸਤਾਨੀ ਦੀ ਮੌਤ ਤੋਂ ਬਾਅਦ, ਉਸਦੀ ਲਹਿਰ ਤਿੰਨ ਸਮੂਹਾਂ ਵਿੱਚ ਵੰਡੀ ਗਈ ਸੀ, ਜਿਸ ਵਿੱਚ ਸਤਨਾਮ ਸਿੰਘ ਸਿਰਸਾ ਸਮੂਹ ਦੀ ਅਗਵਾਈ ਕਰ ਰਿਹਾ ਸੀ, ਜਿਸ ਨੇ ਗੁਰਮੀਤ ਰਾਮ ਰਹੀਮ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਸੀ। 

ਡੇਰਾ ਸੱਚਾ ਸੌਦਾ ਦਾ ਮੁੱਖ ਕੇਂਦਰ ਉੱਤਰੀ ਭਾਰਤ ਦੇ ਹਰਿਆਣਾ ਰਾਜ ਦੇ ਸਿਰਸਾ ਸ਼ਹਿਰ ਵਿੱਚ ਸਥਿਤ ਹੈ। ਵਿਕੀਪੀਡੀਆ ਮੁਤਾਬਕ ਸੰਸਥਾ ਦੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ 46 ਆਸ਼ਰਮ ਹਨ। ਹਰਿਆਣਾ ਵਿੱਚ ਇਸ ਡੇਰੇ ਦਾ ਖ਼ਾਸ ਪ੍ਰਭਾਵ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤਾਂ ਕਈ ਵਾਰ ਡੇਰਾ ਮੁਖੀ ਨਾਲ ਦੇਖੇ ਗਏ ਸਨ। ਪਹਿਲਾਂ ਇਸ ਡੇਰੇ ਦਾ ਬੀਜੇਪੀ ਨੂੰ ਖੁੱਲ੍ਹ ਸਮਰਥਨ ਮਿਲਦਾ ਸੀ, ਪਰ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਅੰਦਰਖ਼ਤੇ ਡੇਰਾ ਸੱਚਾ ਸੌਦਾ ਬੀਜੇਪੀ ਦਾ ਸਮਰਥਨ ਕਰ ਰਿਹਾ ਹੈ।

ਡੇਰਾ ਸੱਚਾ ਸੌਦਾ ਸੀ ਸੋਸ਼ਲ ਮੀਡੀਆ ’ਚੇ ਵੀ ਚੰਗੀ ਪਕੜ ਹੈ। ਅਸਰ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ’ਤੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਟਰੈਂਡ ਚਲਾਉਂਦੇ ਵੇਖੇ ਜਾ ਸਕਦੇ ਹਨ। 

 

ਪੰਜਾਬ ਦੀ ਸਿਆਸਤ ਨੇ ਡੇਰਾ ਸਿਰਸਾ ਪੂਰੀ ਤਰ੍ਹਾਂ ਨਕਾਰਿਆ

ਮਾਲਵਾ ਵਿੱਚ ਡੇਰਾ ਸਿਰਸਾ ਨੇ ਐਤਕੀਂ ਚੁੱਪੀ ਧਾਰੀ ਹੋਈ ਹੈ। ਚੋਣਾਂ ਵਿੱਚ ਡੇਰਾ ਸਿਰਸਾ ਤੋਂ ਇਸ ਵਾਰ ਕੋਈ ਸਰਗਰਮੀ ਨਹੀਂ ਹੋ ਰਹੀ ਹੈ। ਪੰਜਾਬ ਦੇ ਸਿਆਸੀ ਲੀਡਰ ਵੀ ਬਾਕੀ ਡੇਰਿਆਂ ’ਤੇ ਤਾਂ ਜਾ ਰਹੇ ਹਨ, ਪਰ ਡੇਰਾ ਸਿਰਸਾ ਜਾਣ ਤੋਂ ਸੰਕੋਚ ਕਰ ਰਹੇ ਹਨ। 

ਪਿਛਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਤਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ’ਤੇ ਬਾਹਰ ਆ ਕੇ ਚੋਣਾਂ ਵੇਲੇ ਸਰਗਰਮੀ ਦਿਖਾਉਂਦੇ ਹਨ, ਪਰ ਇਸ ਵਾਰ ਹਾਈ ਕੋਰਟ ਨੇ ਉਨ੍ਹਾਂ ਦੀ ਪੈਰੋਲ ’ਤੇ ਰੋਕ ਲਾਈ ਹੋਈ ਹੈ। 

ਹਾਲਾਂਕਿ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ। ਹਰਿਆਣਾ ਸੂਬੇ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਰਾਮ ਰਹੀਮ ਨੇ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ। ਆਪਣੀ ਅਪੀਲ ਵਿੱਚ ਸੌਦਾ ਸਾਧ ਨੇ ਕਿਹਾ ਹੈ ਕਿ ਉਹ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ, ਜਿਸ ਕਰਕੇ ਹਾਈਕੋਰਟ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ’ਤੇ ਪਾਬੰਦੀ ਲਗਾਉਣ ਵਾਲੇ ਹੁਕਮ ਨੂੰ ਹਟਾ ਲਵੇ। 

ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ’ਤੇ ਪਾਬੰਦੀ ਲਗਾਉਣ ਵਾਲੇ ਹੁਕਮ ’ਤੇ ਰੋਕ ਲਾਉਣ। ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਸਾਲ 20 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਫਰਲੋ ਸਮੇਤ ਕੁੱਲ 41 ਦਿਨਾਂ ਦੀ ਰਿਹਾਈ ਲਈ ਯੋਗ ਹੈ। ਉਹ ਇਸ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਰਾਮ ਰਹੀਮ ਨੂੰ ਵਾਰ-ਵਾਰ ਜੇਲ੍ਹ ਵਿੱਚੋਂ ਬਾਹਰ ਲਿਆਉਣ ’ਤੇ ਆਪਣਾ ਵਿਰੋਧ ਪ੍ਰਗਟਾਇਆ ਸੀ। ਜਿਸ ਤੋਂ ਬਾਅਦ 29 ਫਰਵਰੀ ਨੂੰ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਡੇਰਾ ਮੁਖੀ ਦੀ ਪੈਰੋਲ ਅਰਜ਼ੀ ’ਤੇ ਵਿਚਾਰ ਨਾ ਕਰਨ ਦੇ ਹੁਕਮ ਦਿੱਤੇ ਸਨ।

ਦਰਅਸਲ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਆਮ ਚੋਣਾਂ ਰਾਮ ਰਹੀਮ ਤੋਂ ਬਿਨਾਂ ਹੋ ਰਹੀਆਂ ਹਨ। ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ ਨੇ ਇਸ ਵਾਰ ਚੋਣਾਂ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਨਹੀਂ ਦਿੱਤੀ, ਜਦੋਂ ਕਿ ਹੁਣ ਤੱਕ ਉਹ 2022 ਤੋਂ 6 ਫਰਲੋ ਤੇ 3 ਪੈਰੋਲਾਂ ਨਾਲ 192 ਦਿਨਾਂ ਲਈ ਬਾਹਰ ਆਇਆ ਹੈ।

ਡੇਰਾ ਮੁਖੀ ਕਰੀਬ 200 ਦਿਨ ਤਿੰਨ ਸੂਬਿਆਂ ਵਿੱਚ ਪੰਚਾਇਤੀ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਵਿੱਚ ਸਰਗਰਮ ਰਹਿ ਚੁੱਕਾ ਹੈ। ਸਿਆਸਤ ਦੇ ਜਾਣਕਾਰ ਲੋਕ 2 ਸਾਧਵੀਆਂ ਨਾਲ ਬਲਾਤਕਾਰ, ਪੱਤਰਕਾਰ ਛਤਰਪਤੀ ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਦੀ ਫਰਲੋ-ਪੈਰੋਲ ਨੂੰ ਮਹਿਜ਼ ਇਤਫ਼ਾਕ ਮੰਨਣ ਲਈ ਤਿਆਰ ਨਹੀਂ ਹਨ।

ਉਂਞ ਵੀ ਪੰਜਾਬ ਵਿੱਚ ਡੇਰਾ ਸਿਰਸਾ ਦਾ ਕੋਈ ਨਾਂ ਨਹੀਂ ਲੈ ਰਿਹਾ ਹੈ। ਬੇਅਦਬੀ ਕੇਸ ਵਿੱਚ ਤਾਜ਼ਾ ਬਿਆਨ ਆਉਣ ਮਗਰੋਂ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਡੇਰਾ ਸਿਰਸਾ ਨਾਲ ਆਪਣਾ ਨਾਂ ਨਹੀਂ ਜੋੜਨਾ ਚਾਹੁੰਦੀ। 

ਦੂਜੇ ਪਾਸੇ ਹਰਿਆਣਾ ਵਿੱਚ ਡੇਰੇ ਦਾ ਥੋੜਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਹਰਿਆਣਾ ਦੀ ਸਿਆਸਤ ਦਾ ਡੇਰੇ ਨਾਲ ਪਿਛਲੀਆਂ ਚੋਣਾਂ ਵਿੱਚ ਵੀ ਮੇਲ-ਜੋਲ ਦੇਖਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਡੇਰਾ ਸਿਰਸਾ ਮੁਖੀ ਨਾਲ ਕਈ ਵਾਰ ਸਟੇਜ ਸਾਂਝੀ ਕਰਦਿਆਂ ਵੀ ਵੇਖਿਆ ਗਿਆ ਹੈ। ਬੀਜੇਪੀ ਤੇ ਡੇਰਾ ਸਿਰਸਾ ਦੇ ਤਾਰ ਕਿਸੇ ਕੋਲੋਂ ਛੁਪੇ ਨਹੀਂ ਸਨ। 

ਸੋ ਕੁੱਲ ਮਿਲਾ ਕੇ ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਡੇਰਾ ਕਦੀ ਵੀ ਚੋਣਾਂ ਵਿੱਚ ਕਿੰਗ ਮੇਕਰ ਨਹੀਂ ਬਣ ਸਕਿਆ, ਕਿਉਂਕਿ ਜ਼ਿਆਦਾਤਰ ਪੈਰੋਕਾਰ ਪਿੰਡਾਂ ਦੇ ਲੋਕ ਹੁੰਦੇ ਹਨ ਤੇ ਪਿੰਡਾਂ ਦੀ ਆਪਣੀ ਸਿਆਸਤ ਹੁੰਦੀ ਹੈ। ਪੰਜਾਬ ਤੇ ਦੇਸ਼ ਦੀ ਸਿਆਸਤ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੀ ਹੈ।

 

ਲੋਕ ਸਭਾ ਚੋਣਾਂ 2024 ‘ਤੇ ਆਧਾਰਿਤ ਸਾਡੇ ਖ਼ਾਸ ਲੇਖ ਜ਼ਰੂਰ ਪੜ੍ਹੋ –
ਪੰਜਾਬ ਦੇ 10 ਧਨਾਢ ਉਮੀਦਵਾਰਾਂ ’ਚ 2 ਔਰਤਾਂ! ਕਈਆਂ ਦੇ ਖ਼ਾਤੇ ਡਬਲ ਹੋਏ ਤਾਂ ਕੁਝ ਦੇ ਅੱਧੇ