ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਪੰਜਾਬ ਦੇ 13 ਲੋਕਸਭਾ ਹਲਕਿਆਂ ਵਿੱਚੋ ਸਭ ਤੋਂ ਜਵਾਨ ਜਾਂ ਇਹ ਕਹਿ ਲਓ ਨਵਾਂ ਹਲਕਾ ਹੈ ਸ੍ਰੀ ਫ਼ਤਹਿਗੜ੍ਹ ਸਾਹਿਬ। 2009 ਵਿੱਚ ਇਹ ਹਲਕਾ ਹੋਂਦ ਵਿੱਚ ਆਇਆ ਇਸ ਤੋਂ ਪਹਿਲਾਂ ਇਸ ਦਾ ਨਾਂ ਫਿਲੌਰ ਲੋਕਸਭਾ ਹਲਕਾ ਸੀ। ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ, ਜਲੰਧਰ, ਹੁਸ਼ਿਆਰਪੁਰ, ਅਤੇ ਫਰੀਦਕੋਟ ਤੋਂ ਬਾਅਦ ਪੰਜਾਬ ਦਾ ਚੌਥਾ SC ਰਿਜ਼ਰਵ ਹਲਕਾ ਹੈ। ਪਰ ਸ੍ਰੀ ਫ਼ਤਹਿਗੜ੍ਹ ਸਾਹਿਬ, ਫਰੀਦਕੋਟ ਤੋਂ ਬਾਅਦ ਮਾਲਵੇ ਦੀ ਦੂਜੀ ਰਿਜ਼ਰਵ ਸੀਟ ਹੈ। ਜਦੋਂ ਇਹ ਫਿਲੌਰ ਲੋਕ ਸਭਾ ਹਲਕਾ ਸੀ ਤਾਂ ਵੀ ਇਹ ਰਿਜ਼ਰਵ ਸੀਟ ਹੀ ਸੀ।
ਹੁਣ ਇਸ ਹਲਕੇ ਦੇ ਪੁਰਾਣੇ ਤੇ ਨਵੇਂ ਸਿਆਸੀ ਇਤਿਹਾਸ ਦੀ ਪੜਚੋਲ ਕਰਨ ਤੋਂ ਬਾਅਦ ਇਹ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਕਿਸ ਦਾ ਗੜ੍ਹ ਰਿਹਾ ਹੈ ਤੇ ਵੋਟ ਪਾਉਣ ਵਾਲੇ ਲੋਕਾਂ ਦੀ ਸੋਚ ਕੀ ਹੈ? ਇਸ ਵਾਰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਲੋਕ ਇਸ ਦੇ ਹੱਕ ਵਿੱਚ ਫ਼ਤਵਾ ਦੇ ਸਕਦੇ ਹਨ? ਕਿਸ ਪਾਰਟੀ ਦਾ ਪੱੜਾ ਭਾਰੀ ਹੈ?
1961 ਤੋਂ ਹੁਣ ਤੱਕ ਪਹਿਲਾਂ ਦੇ ਫਿਲੌਰ ਤੇ ਹੁਣ ਦੇ ਸ੍ਰੀ ਫ਼ਤਹਿਗੜ੍ਹ ਸਾਹਿਬ ਹਲਕੇ ਨੂੰ ਮਿਲਾ ਕੇ ਇੱਥੇ 15 ਵਾਰ ਚੋਣਾਂ ਹੋਈਆਂ ਹਨ। 7 ਵਾਰ ਕਾਂਗਰਸ, ਸਿਰਫ 2004 ਵਿੱਚ ਇੱਕ ਵਾਰ ਅਕਾਲੀ ਦਲ, 2014 ਵਿੱਚ ਆਮ ਆਦਮੀ ਪਾਰਟੀ ਅਤੇ 2 ਵਾਰ BSP ਅਤੇ 3 ਵਾਰ ਅਜ਼ਾਦ ਉਮੀਦਵਾਰ ਜਿੱਤੇ ਹਨ। ਸ੍ਰੀ ਫ਼ਤਹਿਗੜ੍ਹ ਦੇ ਸਿਆਸੀ ਇਤਿਹਾਸ ਨੂੰ ਵੇਖ ਕੇ ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਇੱਥੇ ਦੇ ਲੋਕਾਂ ਦੀ ਸੋਚ ਕੇਂਦਰ ਜਾਂ ਸੂਬੇ ਦੀ ਸਰਕਾਰ ਦੇ ਨਾਲ ਮੇਲ ਖਾਂਦੀ ਹੈ, ਹਲਕੇ ਦੇ ਲੋਕਾਂ ਦਾ ਵੋਟਿੰਗ ਪੈਟਰਨ ਆਪਣੇ ਹਿਸਾਬ ਦਾ ਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਸਭ ਤੋਂ ਵੱਧ ਵਾਰ ਕਾਂਗਰਸ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ। ਪਰ ਇੱਥੋਂ ਦੀ ਜਨਤਾ ਨੇ ਆਪਣੇ ਫੈਸਲਿਆਂ ਨਾਲ ਹਮੇਸ਼ਾ ਤੋਂ ਹੈਰਾਨ ਕੀਤਾ ਹੈ।
2014 ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਹਲਕਾ ਵੀ ਪੰਜਾਬ ਦੇ ਉਨ੍ਹਾਂ 4 ਅਜਿਹੇ ਹਲਕਿਆਂ ਵਿੱਚੋ ਇੱਕ ਸੀ ਜਿਸ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦਿਵਾਈ ਸੀ। ਰਿਜ਼ਰਵ ਸੀਟ ਹੋਣ ਦੀ ਵਜ੍ਹਾ ਕਰਕੇ BSP ਵੀ 2 ਵਾਰ ਜਿੱਤ ਚੁੱਕੀ ਹੈ ਪਰ ਉਹ ਹੁਣ ਗੁਜ਼ਰੇ ਜ਼ਮਾਨੇ ਦੀ ਗੱਲ ਹੈ। ਇੱਕ ਗੱਲ ਜ਼ਰੂਰ ਸਾਫ ਹੈ ਕਿ ਭਾਵੇਂ ਇਹ ਲੋਕਸਭਾ ਹਲਕਾ ਫਿਲੌਰ ਸੀ ਜਾਂ ਫਿਰ ਹੁਣ ਸ੍ਰੀ ਫ਼ਤਹਿਗੜ੍ਹ ਸਾਹਿਬ ਇੱਥੇ ਅਕਾਲੀ ਦਲ ਹਮੇਸ਼ਾ ਕਮਜ਼ੋਰ ਰਹੀ ਹੈ।
ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2009 ਵਿੱਚ ਅਕਾਲੀ ਦਲ ਨੇ ਸੁਖਦੇਵ ਸਿੰਘ ਲਿਬੜਾ ਨੂੰ ਟਿਕਟ ਨਹੀਂ ਦਿੱਤੀ ਸੀ, ਕਿਉਂਕਿ ਉਨ੍ਹਾਂ ਨੇ ਮਨਮੋਹਨ ਸਰਕਾਰ ਦੇ ਪੱਖ ਵਿੱਚ ਪਰਮਾਣੂ ਸਮਝੌਤੇ ਨੂੰ ਲੈ ਕੇ ਪਾਰਲੀਮੈਂਟ ਵਿੱਚ ਵੋਟਿੰਗ ਕੀਤੀ ਸੀ। ਤਾਂ ਸੁਖਦੇਵ ਸਿੰਘ ਲਿਬੜਾ ਕਾਂਗਰਸ ਦੀ ਟਿਕਤ ਤੋਂ ਸ੍ਰੀ ਫਤਿਗੜ੍ਹ ਸਾਹਿਬ ਤੋਂ ਚੋਣ ਲੜੇ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਇਆ।
ਲਿਬੜਾ ਦਾ ਸ੍ਰੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਪਹਿਲੇ ਐੱਮਪੀ ਵਜੋਂ ਨਾਂ ਵੀ ਦਰਜ ਹੈ। 1997 ਤੋਂ 2019 ਤੱਕ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਗਠਜੋੜ ਦੀ ਵਜ੍ਹਾ ਕਰਕੇ ਇਹ ਸੀਟ ਹਮੇਸ਼ਾ ਅਕਾਲੀ ਦਲ ਦੇ ਖਾਤੇ ਵਿੱਚ ਰਹੀ। ਇਸ ਲਿਹਾਜ਼ ਨਾਲ ਅਕਾਲੀ ਦਲ ਇਸ ਨਾਕਾਮੀ ਦੇ ਲਈ ਸਿੱਧੀ ਜ਼ਿੰਮੇਵਾਰ ਹੈ।
ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਹੁਣ 2024 ਦੇ ਨਤੀਜਿਆਂ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਅਕਾਲੀ ਦਲ ਨੇ ਆਪਣੀ ਪਹਿਲੀ ਲਿਸਟ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖ਼ਾਲਸਾ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੇ 2007 ਵਿੱਚ ਖੰਨਾ ਵਿਧਾਨ ਸਭਾ ਸੀਟ ਜਿੱਤੀ ਸੀ ਪਰ 2012 ਵਿੱਚ ਰਾਜਕੋਟ ਤੋਂ ਹਾਰ ਗਏ ਸਨ। ਉਨ੍ਹਾਂ ਨੂੰ ਅਕਾਲੀ ਦਲ ਬੀਜੇਪੀ ਸਰਕਾਰ ਵਿੱਚ ਪਾਰਲੀਮਾਨੀ ਸਕੱਤਰ ਦਾ ਅਹੁਦਾ ਵੀ ਮਿਲਿਆ ਸੀ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਵੀ ਸਨ।
ਬਿਕਰਮਜੀਤ ਸਿੰਘ ਖ਼ਾਲਸਾ ਦੇ ਪਿਤਾ ਰੋਪੜ ਤੋਂ 2 ਵਾਰ ਦੇ MP ਸਨ। 1977 ਵਿੱਚ ਉਹ ਅਕਾਲੀ ਦਲ ਦੀ ਟਿਕਟ ‘ਤੇ ਜਿੱਤੇ ਦੂਜੀ ਵਾਰ 1980 ਵਿੱਚ ਅਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ। ਸਿਆਸੀ ਪਿਛੋਕੜ ਵਜੋਂ ਬਿਕਰਮਜੀਤ ਸਿੰਘ ਖ਼ਾਲਸਾ ਦਾ ਕੱਦ ਠੀਕ ਹੈ, ਪਰ ਅਖ਼ੀਰਲੀ ਵਾਰ ਉਹ 2007 ਵਿੱਚ ਹੀ ਜਿੱਤੇ ਸਨ। 12 ਸਾਲ ਤੋਂ ਸਿਆਸੀ ਸਰਗਰਮੀਆਂ ਤੋਂ ਬਾਹਰ ਹਨ।
ਪਹਿਲੀ ਵਾਰ ਚੋਣ ਮੈਦਾਨ ਵਿੱਚ ਇਕੱਲੇ ਉਤਰੀ ਬੀਜੇਪੀ ਨੇ ਨਾਮਜ਼ਦਗਰੀ ਖ਼ਤਮ ਹੋਣ ਤੋਂ 4 ਦਿਨ ਪਹਿਲਾਂ ਉਮੀਦਵਾਰ ਦਾ ਐਲਾਨ ਕੀਤਾ ਹੈ। ਪਾਰਟੀ ਨੇ ਗੇਜਾ ਰਾਮ ਵਾਲਮੀਕੀ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਨ੍ਹਾਂ ਦਾ ਨਾਂ ਸ਼ਾਇਦ ਬੀਜੇਪੀ ਦੇ ਵਰਕਰਾਂ ਨੇ ਵੀ ਪਹਿਲੀ ਵਾਰ ਸੁਣਿਆ ਹੋਵੇਗਾ। ਪਾਰਟੀ ਨੂੰ ਇਸ ਸੀਟ ਤੇ ਉਮੀਦਵਾਰ ਤੈਅ ਕਰਨ ਦੇ ਲਈ ਕਾਫੀ ਕਸਰਤ ਕਰਨੀ ਪਈ। ਜਿਸ ਤੋਂ ਬਾਅਦ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸੀਟ ‘ਤੇ ਨੂੰ ਰੇਸ ਤੋਂ ਬਾਹਰ ਹੀ ਮੰਨਿਆ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਬਣਾਇਆ ਹੈ। ਜੀਪੀ 2017 ਵਿੱਚ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਬਣੇ ਸਨ, 2022 ਵਿੱਚ ਹਾਰੇ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕਸਭਾ ਹਲਕੇ ਅਧੀਨ ਆਉਣ ਵਾਲੇ 9 ਵਿਧਾਨਸਭਾ ਖੇਤਰਾਂ ਦੇ ਨਤੀਜਿਆਂ ਨੂੰ ਵੇਖੀਏ ਤਾਂ ਇੱਕ ਪਾਸੜ ਮੁਕਾਬਲਾ ਨਜ਼ਰ ਆਉਂਦਾ ਹੈ। ਬੱਸੀ ਪਠਾਣਾਂ ਸ੍ਰੀ ਫ਼ਤਹਿਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਪਾਇਲ, ਸਾਹਨੇਵਾਲ, ਰਾਏਕੋਟ ਅਤੇ ਅਮਰਗੜ੍ਹ ਹਲਕੇ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਆਪ ਦੇ ਵਿਧਾਇਕ ਬਣੇ। ਇੰਨਾਂ ਵਿੱਚੋ ਕਈ ਹਲਕੇ ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਹਨ।
ਵਿਰੋਧੀ ਧਿਰ ਦਾ ਇੱਕ ਵੀ ਵਿਧਾਇਕ ਨਹੀਂ ਹੈ। 2014 ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖ਼ਾਲਸਾ ਨੇ 54,000 ਦੇ ਫ਼ਰਕ ਨਾਲ ਇਹ ਸੀਟ ਜਿੱਤੀ ਸੀ, ਕਾਂਗਰਸ ਦੂਜੇ ਅਤੇ ਅਕਾਲੀ ਦਲ ਤੀਜੇ ਨੰਬਰ ਤੇ ਰਹੀ ਸੀ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਫੀ ਉਮੀਦਾਂ ਹਨ। ਇਸੇ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਤੈਅ ਕਰਨ ਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀਪੀ ’ਤੇ ਦਾਅ ਖੇਡਿਆ, ਸ਼ਾਮਲ ਕਰਵਾਉਣ ਦੇ 2 ਦਿਨ ਬਾਅਦ ਹੀ ਪਹਿਲੀ ਲਿਸਟ ਵਿੱਚ ਉਨ੍ਹਾਂ ਨੂੰ ਉਮੀਦਵਾਰ ਬਣਾ ਦਿੱਤਾ।
ਪਰ ਇਸ ਸੀਟ ‘ਤੇ ਕਾਂਗਰਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ। 2019 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਨੇ ਜ਼ਬਰਦਸਤ ਵਾਪਸੀ ਕੀਤੀ। ਪਾਰਟੀ ਨੇ ਸਾਬਕਾ IAS ਅਧਿਕਾਰੀ ਡਾਕਟਰ ਅਮਰ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਤਾਂ ਅਕਾਲੀ ਦਲ ਨੇ ਵੀ ਮੁਕਾਬਲੇ ਵਿੱਚ ਸਾਬਕਾ IAS ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਮੈਦਾਨ ਵਿੱਚ ਉਤਾਰ ਦਿੱਤਾ। ਕਾਂਗਰਸ ਦੇ ਉਮੀਦਵਾਰ ਨੇ 94,000 ਵੋਟਾਂ ਨਾਲ ਜ਼ਬਦਸਤ ਜਿੱਤ ਹਾਸਲ ਕੀਤੀ।
ਆਮ ਆਦਮੀ ਪਾਰਟੀ ਦਾ ਉਮੀਦਵਾਰ ਸਿਰਫ਼ 62,000 ਵੋਟਾਂ ਹੀ ਲੈ ਸਕਿਆ ਜਦਕਿ ਬੈਂਸ ਭਰਾਵਾਂ ਦੀ ਪਾਰਟੀ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਮਨਵਿੰਦ ਸਿੰਘ ਗਿਆਸਪੁਰ ਨੇ 1,42,000 ਵੋਟਾਂ ਹਾਸਲ ਕੀਤੀਆਂ ਜੋ ਹੁਣ ਆਪ ਦੇ ਵਿਧਾਇਕ ਹਨ।
ਕਾਂਗਰਸ ਨੇ 2024 ਵਿੱਚ ਇੱਕ ਵਾਰ ਮੁੜ ਤੋਂ ਡਾਕਟਰ ਅਮਰ ਸਿੰਘ ਨੂੰ ਹੀ ਉਮੀਦਵਾਰ ਬਣਾਇਆ ਹੈ। ਖ਼ਾਸ ਗੱਲ ਇਹ ਹੈ ਕਿ ਕਾਂਗਰਸ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਦੀ ਮੁੜ ਤੋਂ ਉਮੀਦਵਾਰ ਵਜੋਂ ਚੋਣ ਕਰਨੀ ਸਭ ਤੋਂ ਅਸਾਨ ਸੀ, ਕਿਉਂਕਿ ਉਨ੍ਹਾਂ ਖਿਲਾਫ ਕਿਸੇ ਤਰ੍ਹਾਂ ਦਾ ਵਿਰੋਧ ਸੀ, ਤੇ ਗਰਾਉਂਡ ਲੈਵਲ ‘ਤੇ ਉਨ੍ਹਾਂ ਦੀ ਰਿਪੋਰਟ ਵੀ ਚੰਗੀ ਸੀ।
ਕੁੱਲ ਮਿਲਾ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸੀਟ ‘ਤੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਵੇਖਦੇ ਹੋਏ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਵਿਚਾਲੇ ਹੈ। ਕਾਂਗਰਸ ਦਾ ਹਲਕੇ ਵਿੱਚ ਪਿਛੋਕੜ ਅਤੇ ਉਮੀਦਵਾਰ ਮਜ਼ਬੂਤ ਹੈ ਤਾਂ ਆਮ ਆਦਮੀ ਪਾਰਟੀ ਦੀ ਨਾ ਸਿਰਫ਼ ਸੂਬੇ ਵਿੱਚ ਸਰਕਾਰ ਹੈ ਹਲਕੇ ਦੇ 9 ਵਿਧਾਇਕ ਵੀ ਹਨ।
ਅਕਾਲੀ ਦਲ ਅਤੇ ਬੀਜੇਪੀ ਵੱਖ-ਵੱਖ ਚੋਣ ਲੜ ਰਹੇ ਹਨ ਇਸ ਲਈ ਇਹ ਦੋਵੇ ਰੇਸ ਤੋਂ ਬਾਹਰ ਨਜ਼ਰ ਆ ਰਹੇ ਹਨ। ਤੀਜੇ ਨੰਬਰ ‘ਤੇ ਅਕਾਲੀ ਦਲ ਹੋ ਸਕਦੀ ਹੈ ਕਿਉਂਕਿ ਉਹ ਪਹਿਲਾਂ ਚੋਣ ਲੜ ਰਹੀ ਹੈ ਜਦਕਿ ਬੀਜੇਪੀ ਦੇ ਲ਼ਈ ਇਹ ਸੀਟ ਬਿਲਕੁਲ ਨਵੀਂ ਹੈ।
ਬਾਕੀ ਫੈਸਲਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਜਨਤਾ ਨੇ ਕਰਨਾ ਹੈ। ਸਾਡੀ ਕੋਸ਼ਿਸ਼ ਸੀ ਕਿਸੇ ਵੀ ਪਾਰਟੀ ਦਾ ਪੱਖ ਨਾ ਪੂਰ ਦੇ ਹੋਏ ਇੱਕ ਨਿਰਪੱਖ ਰਿਪੋਰਟ ਪੇਸ਼ ਕਰਨਾ। ਉਮੀਦ ਹੈ ਤੁਹਾਨੂੰ ਇਹ ਰਿਪੋਰਟ ਪਸੰਦ ਆਈ ਹੋਵੇਗੀ।