The Khalas Tv Blog India ਖ਼ਾਸ ਰਿਪੋਰਟ – ਭਲਕੇ ਚੌਥੇ ਗੇੜ ਦੀਆਂ ਚੋਣਾਂ ਕਰਨਗੀਆਂ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਫ਼ੈਸਲਾ! ਚੋਣਾਂ ਨਾਲ ਜੁੜੀ ਹੁਣ ਤੱਕ ਦੀ ਸਾਰੀ ਜਾਣਕਾਰੀ
India Khaas Lekh Khalas Tv Special Lok Sabha Election 2024

ਖ਼ਾਸ ਰਿਪੋਰਟ – ਭਲਕੇ ਚੌਥੇ ਗੇੜ ਦੀਆਂ ਚੋਣਾਂ ਕਰਨਗੀਆਂ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਫ਼ੈਸਲਾ! ਚੋਣਾਂ ਨਾਲ ਜੁੜੀ ਹੁਣ ਤੱਕ ਦੀ ਸਾਰੀ ਜਾਣਕਾਰੀ

Arvind Kejriwal PM Modi Rahul Gandhi

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ 5 ਸਾਲ ਕਾਰਜਕਾਲ ਪੂਰਾ ਹੋ ਗਿਆ ਹੈ ਤੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ 19 ਅਪ੍ਰੈਲ ਤੋਂ ਲੋਕ ਸਭਾ ਚੋਣਾਂ 2024 ਦੀ ਸ਼ੁਰੂਆਤ ਹੋ ਚੁੱਕੀ ਹੈ। 7 ਗੇੜਾਂ ਵਿੱਚ ਦੇਸ਼ ਦੇ 28 ਸੂਬਿਆਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਿੰਗ ਹੋਣੀ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਏਗੀ। ਕੱਲ੍ਹ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿੱਚ 13 ਮਈ ਨੂੰ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੁੱਲ 96 ਸੀਟਾਂ ‘ਤੇ ਵੋਟਿੰਗ ਹੋਵੇਗੀ।

ਇਸ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਦੋ ਮੁੱਖ ਦਾਅਵੇਦਾਰੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਭਾਰਤੀ ਰਾਸ਼ਟਰੀ ਵਿਕਾਸ ਸੰਮਲਿਤ ਗਠਜੋੜ (INDIA) ਗਠਜੋੜ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਸੱਤਾਧਾਰੀ ਪੱਖ ਨੂੰ ਮਾਤ ਦੇਣ ਲਈ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਮਿਲ ਕੇ ਮਹਾਂਗਠਜੋੜ ਬਣਾਇਆ ਹੈ।
ਭਾਰਤੀ ਰਾਸ਼ਟਰੀ ਕਾਂਗਰਸ (INC) ਦੀ ਅਗਵਾਈ ਵਿੱਚ 26 ਪਾਰਟੀਆਂ ਸੱਤਾਧਾਰੀ ਭਾਜਪਾ ਨੂੰ ਟੱਕਰ ਦੇ ਰਹੀਆਂ ਹਨ।

ਹੁਣ ਗੱਲ ਕਰਦੇ ਹਾਂ ਕਿ ਦੇਸ਼ ਵਿੱਚ 3 ਗੇੜਾਂ ਵਿੱਚ ਕਿੱਥੇ-ਕਿੱਥੇ ਵੋਟਿੰਗ ਹੋ ਗਈ ਹੈ ਤੇ ਕਿੱਥੇ ਅਜੇ ਬਾਕੀ ਹੈ।

19 ਅਪ੍ਰੈਲ, 26 ਅਪ੍ਰੈਲ ਅਤੇ 7 ਮਈ ਨੂੰ ਹੋਈਆਂ ਚੋਣਾਂ ਦੇ ਪਹਿਲੇ ਤਿੰਨ ਪੜਾਵਾਂ ਵਿੱਚ ਕ੍ਰਮਵਾਰ 66.1, 66.7 ਅਤੇ 61 ਫੀਸਦੀ ਵੋਟਾਂ ਪਈਆਂ। 2019 ਦੀਆਂ ਚੋਣਾਂ ਦੇ ਮੁਕਾਬਲੇ ਹੁਣ ਤੱਕ ਵੋਟਿੰਗ ਘੱਟ ਰਹੀ ਹੈ। ਕੁੱਲ ਮਿਲਾ ਕੇ, 969 ਮਿਲੀਅਨ ਵੋਟਰ, 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 543 ਸੰਸਦੀ ਹਲਕਿਆਂ ਵਿੱਚ ਵੋਟ ਪਾਉਣ ਲਈ ਰਜਿਸਟਰਡ ਹਨ।

  • 19 ਅਪਰੈਲ ਨੂੰ ਪਹਿਲੇ ਗੇੜ ਵਿੱਚ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਈ ਸੀ।
  • ਇਸ ਤੋਂ ਬਾਅਦ 26 ਅਪਰੈਲ ਨੂੰ ਦੂਜੇ ਗੇੜ ਵਿੱਚ 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ।
  • 7 ਮਈ ਨੂੰ ਤੀਜੇ ਗੇੜ ਵਿੱਚ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 93 ਸੀਟਾਂ ‘ਤੇ ਵੋਟਿੰਗ ਹੋਈ ਸੀ।
  • ਕੱਲ੍ਹ 13 ਮਈ ਨੂੰ ਚੌਥੇ ਗੇੜ ਵਿੱਚ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ‘ਤੇ ਵੋਟਿੰਗ ਹੋਏਗੀ।
  • 20 ਮਈ ਨੂੰ ਪੰਜਵੇਂ ਗੇੜ ਵਿੱਚ 8 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋਵੇਗੀ।
  • ਇਸੇ ਤਰ੍ਹਾਂ 25 ਮਈ ਨੂੰ ਛੇਵੇਂ ਪੜਾਅ ਵਿੱਚ 7 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਵੇਗੀ।
  • ਪਹਿਲੀ ਜੂਨ ਨੂੰ ਅਖ਼ੀਰਲੇ 7ਵੇਂ ਗੇੜ ਵਿੱਚ ਪੰਜਾਬ ਸਣੇ 8 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਕਰਵਾਈ ਜਾਵੇਗੀ।

ਵੇਰਵਿਆਂ ਦੀ ਗੱਲ ਕਰੀਏ ਤਾਂ 22 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ (UT) ਅਜਿਹੇ ਹਨ ਜਿੱਥੇ ਇੱਕੋ ਪੜਾਅ ਵਿੱਚ ਵੋਟਿੰਗ ਹੋਣੀ ਹੈ। 4 ਸੂਬਿਆਂ ਤੇ UT ਵਿੱਚ 2 ਗੇੜਾਂ ਵਿੱਚ ਵੋਟਾਂ ਪੈਣਗੀਆਂ। 2 ਸੂਬਿਆਂ ਵਿੱਚ 3 ਗੇੜਾਂ ਵਿੱਚ; 3 ਸੂਬਿਆਂ ਤੇ UT ਵਿੱਚ 4 ਗੇੜਾਂ ‘ਚ; 2 ਸੂਬਿਆਂ/UT ਵਿੱਚ 5 ਗੇੜਾਂ ਵਿੱਚ ਤੇ 3 ਸੂਬੇ ਅਜਿਹੇ ਹਨ, ਜਿੱਥੇ ਸਾਰੇ 7 ਗੇੜਾਂ ਵਿੱਚ ਵੋਟਿੰਗ ਕਰਵਾਈ ਜਾ ਰਹੀ ਹੈ, ਇਹ ਹਨ – ਬਿਹਾਰ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ।

 

ਭਲਕੇ ਚੌਥੇ ਗੇੜ ’ਚ ਕਿੱਥੇ-ਕਿੱਥੇ ਪੈਣਗੀਆਂ ਵੋਟਾਂ?

ਕੱਲ੍ਹ 13 ਮਈ ਨੂੰ ਚੌਥੇ ਪੜਾਅ ਦੌਰਾਨ ਨੌਂ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਰਜਿਸਟਰਡ ਵੋਟਰ ਆਪਣੀ ਵੋਟ ਪਾਉਣਗੇ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਖ਼ਤਮ ਹੋਵੇਗੀ। ਪੋਲਿੰਗ ਬੰਦ ਹੋਣ ਤੱਕ ਕਤਾਰ ਵਿੱਚ ਪਹਿਲਾਂ ਤੋਂ ਹੀ ਖੜੇ ਵੋਟਰ ਵੋਟ ਪਾ ਸਕਣਗੇ, ਫਿਰ ਦੇ ਲਈ ਭਾਵੇਂ ਪੋਲਿੰਗ ਸਟੇਸ਼ਨਾਂ ਨੂੰ ਜ਼ਿਆਦਾ ਦੇਰ ਤੱਕ ਖੁੱਲ੍ਹਾ ਰੱਖਣ ਪੈ ਜਾਵੇ।

ਚੌਥੇ ਪੜਾਅ ਦਾ ਵੇਰਵਾ ਇਸ ਪ੍ਰਕਾਰ ਹੈ-

ਆਂਧਰਾ ਪ੍ਰਦੇਸ਼: ਦੱਖਣੀ ਤੱਟਵਰਤੀ ਰਾਜ ਦੇ ਸਾਰੇ 25 ਹਲਕਿਆਂ ਵਿੱਚ ਵੋਟਾਂ ਪੈਣਗੀਆਂ।

ਤੇਲੰਗਾਨਾ: ਸਾਊਥ ਸਟੇਟ ਦੇ ਸਾਰੇ 17 ਹਲਕਿਆਂ ਦੇ ਵੋਟਰ ਆਪਣੇ MP ਚੁਣਨਗੇ।

ਝਾਰਖੰਡ: ਪੂਰਬੀ ਰਾਜ ਦੇ 14 ਹਲਕਿਆਂ ਵਿੱਚੋਂ ਚਾਰ ਹਲਕਿਆਂ ’ਤੇ ਵੋਟਿੰਗ ਹੋਵੇਗੀ।

ਓਡੀਸ਼ਾ: ਇੱਥੇ ਵੀ ਚੌਥੇ ਗੇੜ ਵਿੱਚ 21 ਹਲਕਿਆਂ ਵਿੱਚੋਂ ਸਿਰਫ਼ ਚਾਰ ’ਤੇ ਵੋਟਾਂ ਪੈਣਗੀਆਂ।

ਉੱਤਰ ਪ੍ਰਦੇਸ਼: ਉੱਤਰੀ ਰਾਜ ਦੇ 80 ਹਲਕਿਆਂ ਵਿੱਚੋਂ 13 ’ਤੇ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਪਹਿਲੇ, ਦੂਜੇ ਤੇ ਤੀਜੇ ਗੇੜ ਵਿੱਚ ਕ੍ਰਮਵਾਰ 8, 8 ਤੇ 10 ਹਲਕਿਆਂ ਵਿੱਚ ਵੋਟਿੰਗ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਸੂਬੇ ਵਿੱਚ ਸਾਰੇ 7 ਗੇੜਾਂ ਵਿੱਚ ਵੋਟਿੰਗ ਕਰਵਾਈ ਜਾ ਰਹੀ ਹੈ।

ਮੱਧ ਪ੍ਰਦੇਸ਼: ਕੇਂਦਰੀ ਰਾਜ ਦੇ 29 ਹਲਕਿਆਂ ਵਿੱਚੋਂ ਅੱਠ ਹਲਕਿਆਂ ’ਤੇ ਵੋਟਿੰਗ ਹੋਵੇਗੀ।

ਬਿਹਾਰ: ਉੱਤਰ ਪ੍ਰਦੇਸ਼ ਦੀ ਤਰ੍ਹਾਂ ਬਿਹਾਰ ਪੂਰਬੀ ਰਾਜ ਦੇ ਵੀ 40 ਹਲਕਿਆਂ ’ਤੇ ਸਾਰੇ 7 ਗੇੜਾਂ ਵਿੱਚ ਵੋਟਾਂ ਕਰਵਾਈਆਂ ਜਾ ਰਹੀਆਂ ਹਨ। ਪਹਿਲੇ, ਦੂਜੇ ਤੇ ਤੀਜੇ ਪੜਾਅ ਵਿੱਚ ਕ੍ਰਮਵਾਰ 4, 5 ਤੇ 5 ਹਲਕਿਆਂ ’ਤੇ ਵੋਟਿੰਗ ਹੋ ਚੁੱਕੀ ਹੈ। ਭਲਕੇ ਚੌਥੇ ਗੇੜ ਦੌਰਾਨ ਫਿਰ ਤੋਂ 5 ਹਲਕਿਆਂ ਵਿੱਚ ਵੋਟਾਂ ਪਵਾਈਆਂ ਜਾਣਗੀਆਂ।

ਮਹਾਰਾਸ਼ਟਰ: ਭਲਕੇ ਪੱਛਮੀ ਰਾਜ ਮਹਾਂਰਾਸ਼ਟਰ ਦੇ 48 ਵਿੱਚੋਂ ਗਿਆਰਾਂ ਸੀਟਾਂ ’ਤੇ ਵੋਟਾਂ ਪੈਣਗੀਆਂ।

ਪੱਛਮੀ ਬੰਗਾਲ ਦੇ 42 ਵਿੱਚੋਂ ਅੱਠ ਹਲਕਿਆਂ ’ਤੇ ਵੋਟਿੰਗ ਪ੍ਰਕਿਰਿਆ ਹੋਵੇਗੀ।

ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪੰਜ ਹਲਕਿਆਂ ਵਿੱਚੋਂ ਇੱਕ ਹਲਕੇ ਵਿੱਚ ਵੋਟਾਂ ਪੈਣਗੀਆਂ। ਦੱਸ ਦੇਈਏ ਇਸ ਵਾਰ ਜੰਮੂ ਕਸ਼ਮੀਰ ਵਿੱਚ ਚੋਣ ਲੜਨ ਦੀ ਰੇਸ ਤੋਂ ਬਾਹਰ ਹੈ।

ਲੋਕ ਸਭਾ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਚੋਣ ਕਮਿਸ਼ਨ ਦੀ ਅਧਿਕਾਰਿਤ ਵੈਬਸਾਈਟ ‘ਤੇ ਵਿਜ਼ਿਟ ਕਰੋ  www.elections24.eci.gov.in  

 

3 ਗੇੜਾਂ ਵਿੱਚ 285 ਸੀਟਾਂ ’ਤੇ ਹੋਈ ਵੋਟਿੰਗ

ਹੁਣ ਤੱਕ, ਤਾਮਿਲਨਾਡੂ, ਕੇਰਲ, ਮੇਘਾਲਿਆ, ਅਸਾਮ, ਮਨੀਪੁਰ, ਕਰਨਾਟਕ, ਮਿਜ਼ੋਰਮ, ਅਰੁਣਾਂਚਲ ਪ੍ਰਦੇਸ਼, ਨਾਗਾਲੈਂਡ, ਉੱਤਰਾਖੰਡ, ਛੱਤੀਸਗੜ੍ਹ, ਗੋਆ, ਗੁਜਰਾਤ, ਰਾਜਸਥਾਨ, ਸਿੱਕਮ, ਤ੍ਰਿਪੁਰਾ ਸੂਬਿਆਂ ਤੋਂ ਇਲਾਵਾ ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਾਦਰਾ ਤੇ ਨਗਰ ਹਵੇਲੀ, ਦਮਨ, ਦੀਵ, ਲਕਸ਼ਦੀਪ ਤੇ ਪੁਡੂਚੇਰੀ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ ਲਈ ਵੋਟਿੰਗ ਸਮਾਪਤ ਹੋ ਗਈ ਹੈ।

ਪੰਜਵਾਂ ਪੜਾਅ 20 ਮਈ ਨੂੰ ਅਤੇ ਛੇਵਾਂ 25 ਮਈ ਨੂੰ ਸ਼ੁਰੂ ਹੋਵੇਗਾ। ਅਖ਼ੀਰਲਾ ਸੱਤਵਾਂ ਪੜਾਅ 1 ਜੂਨ ਨੂੰ ਹੋਵੇਗਾ ਜਿਸ ਤੋਂ ਬਾਅਦ 4 ਜੂਨ ਨੂੰ ਨਤੀਜਾ ਐਲਾਨਿਆ ਜਾਵੇਗਾ।

 

1 ਸੀਟ ਤੋਂ ਭਾਜਪਾ ਨਿਰਵਿਰੋਧ ਜਿੱਤੀ

7 ਗੇੜਾਂ ਦੀ ਵੋਟਿੰਗ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਹੁਣ ਤਕ ਕੁੱਲ 285 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ ਵਿੱਚ ਇਕ ਸੀਟ ਦਾ ਚੋਣ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿੱਥੇ ਬੀਜੇਪੀ ਨਿਰਵਿਰੋਧ ਜਿੱਤ ਗਈ ਹੈ ਕਿਉਂਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਸਮੇਤ ਬਾਕੀ ਦਾਅਵੇਦਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ ਸਨ।

ਗੁਜਰਾਤ ਦੇ ਸੂਰਤ ਲੋਕ ਸਭਾ ਹਲਕੇ ਤੋਂ ਮਾਮਲਾ ਸਾਹਮਣੇ ਆਇਆ ਜਿੱਤੇ ਬੀਜੇਪੀ ਨਿਰਵਿਰੋਧ ਜਿੱਤ ਗਈ। ਇੱਥੇ 7 ​​ਮਈ ਨੂੰ ਵੋਟਿੰਗ ਹੋਣੀ ਸੀ। ਚੋਣ ਕਮਿਸ਼ਨ ਦੁਆਰਾ ਤੈਅ ਵੋਟਿੰਗ ਸ਼ਡਿਊਲ ਮੁਤਾਬਕ 7 ਮਈ ਕਰੀਬ 16 ਲੱਖ ਵੋਟਰਾਂ ਨੇ ਆਪਣਾ ਸੰਸਦ ਮੈਂਬਰ ਚੁਣਨ ਲਈ ਵੋਟਿੰਗ ਕਰਨੀ ਸੀ, ਪਰ ਕਾਂਗਰਸ ਤੇ ਆਜ਼ਾਦ ਉਮੀਦਵਾਰਾਂ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੇ ਆਪਣੇ ਨਾਂ ਵਾਪਸ ਲੈ ਲਏ ਜਿਸ ਤੋਂ ਬਾਅਦ ਬੀਜੇਪੀ ਦੇ ਮੁਕੇਸ਼ ਦਲਾਲ ਨਿਰਵਿਰੋਧ ਚੋਣ ਜਿੱਤ ਗਏ।

 

ਕਈ ਸੀਟਾਂ ਤੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਵਾਪਸ ਲਏ ਨਾਂ

ਗੁਜਰਾਤ ਦੇ ਸੂਰਤ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਂਗਰਸ, ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ। ਗੁਜਰਾਤ ਵਾਂਗ ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਨੂੰ ਝਟਕਾ ਲੱਗਾ। ਇੰਦੌਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ। ਇਸ ਦੇ ਨਾਲ ਹੀ ਅਕਸ਼ੈ ਬਾਮ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ।

ਇੰਦੌਰ ਲੋਕ ਸਭਾ ਸੀਟ ‘ਤੇ ਚੋਣਾਂ ਲਈ 25 ਅਪ੍ਰੈਲ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ। 29 ਅਪ੍ਰੈਲ ਨਾਮਜ਼ਦਗੀਆਂ ਵਾਪਸ ਲੈਣ ਦਾ ਆਖ਼ਰੀ ਦਿਨ ਸੀ। ਇਸ ਤੋਂ ਪਹਿਲਾਂ ਕਿ ਕਾਂਗਰਸ ਨੂੰ ਕੋਈ ਖ਼ਬਰ ਮਿਲਦੀ, ਕੈਲਾਸ਼ ਵਿਜੇਵਰਗੀਆ ਨੇ ਪਹਿਲਾਂ ਹੀ ਬੜੀ ਚਲਾਕੀ ਨਾਲ ਇਸ ‘ਆਪਰੇਸ਼ਨ’ ਨੂੰ ਅੰਜਾਮ ਦੇ ਦਿੱਤਾ। ਕਾਂਗਰਸ ਦੇ ਸੂਬਾ ਪ੍ਰਧਾਨ ਜੀਤੂ ਪਟਵਾਰੀ ਨੇ ਭਾਜਪਾ ‘ਤੇ ਅਕਸ਼ੈ ਬਾਮ ਨੂੰ ਡਰਾਉਣ-ਧਮਕਾਉਣ ਦਾ ਦੋਸ਼ ਲਾਇਆ ਹੈ। ਇੰਦੌਰ ‘ਚ ਲੋਕ ਸਭਾ ਚੋਣਾਂ ਲਈ ਭਲਕੇ 13 ਮਈ ਨੂੰ ਵੋਟਿੰਗ ਹੋਵੇਗੀ ਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਉੱਧਰ ਚੰਡੀਗੜ੍ਹ ਵਿੱਚ ਸਾਹਮਣੇ ਆਇਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਆਪਣਾ ਨਾਂ ਵਾਪਸ ਲਿਆ ਤੇ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਬੁਟੇਰਲਾ ਨੇ ਅਸਤੀਫ਼ਾ ਦਿੱਤਾ, ਫਿਰ ਚੰਡੀਗੜ੍ਹ ਤੋਂ ਲੋਕਸਭਾ ਦੀ ਉਮੀਦਵਾਰੀ ਛੱਡੀ ਅਤੇ ਫਿਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਬੁਟੇਰਲਾ ਨੇ ਇਲਜ਼ਾਮ ਲਾਇਆ ਹੈ ਕਿ ਚੋਣ ਲੜਨ ਤੋਂ ਪਹਿਲਾਂ ਪਾਰਟੀ ਅੱਗੇ ਮੰਗ ਰੱਖੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵਿੱਚ ਪਹਿਲੀ ਵਾਰ ਚੋਣ ਲੜ ਰਿਹਾ ਹੈ, ਇਸ ਲਈ ਚੰਡੀਗੜ੍ਹ ਵਿੱਚ ਚੋਣ ਲੜਨ ਲਈ ਸੀਨੀਅਰ ਆਗੂਆਂ ਦੀ ਲੋੜ ਪਵੇਗੀ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲੇ ਵੀ 13 ਸੀਟਾਂ ’ਤੇ ਚੋਣ ਪ੍ਰਚਾਰ ਕਰ ਰਹੇ ਹਨ। ਉਹ 14ਵੀਂ ਸੀਟ ਭੁੱਲ ਗਏ ਹਨ। ਉਨ੍ਹਾਂ ਕਿਹਾ ਹੈ ਕਿ ਮੈਂ ਇਕੱਲਾ ਚੋਣ ਨਹੀਂ ਲੜ ਸਕਦਾ। ਮੈਨੂੰ ਪਾਰਟੀ ਫੰਡਾਂ ਦੀ ਲੋੜ ਸੀ, ਪਰ ਪਾਰਟੀ ਵੱਲੋਂ ਮੈਨੂੰ ਫੰਡ ਨਹੀਂ ਦਿੱਤੇ ਗਏ।

ਇਸੇ ਤਰ੍ਹਾਂ ਦਾ ਮਾਮਲਾ ਉੜੀਸਾ ਦੇ ਪੁਰੀ ਤੋਂ ਸਾਹਮਣੇ ਆਇਆ ਜਿੱਥੇ ਕਾਂਗਰਸ ਨੂੰ ਇੱਕ ਝਟਕਾ ਦਿੰਦਿਆਂ, ਪੁਰੀ ਲੋਕ ਸਭਾ ਸੀਟ ਤੋਂ ਇਸ ਦੀ ਉਮੀਦਵਾਰ ਸੁਚਰਿਤਾ ਮੋਹੰਤੀ ਨੇ ਪਾਰਟੀ ਦੁਆਰਾ ਕਥਿਤ ਤੌਰ ‘ਤੇ ਫੰਡ ਦੇਣ ਤੋਂ ਇਨਕਾਰ ਕਰਨ ਦਾ ਹਵਾਲਾ ਦਿੰਦੇ ਹੋਏ ਚੋਣ ਲੜਨ ਤੋਂ ਪਾਸਾ ਵੱਟ ਲਿਆ।

ਇਹ ਵੀ ਪੜ੍ਹੋ – ਖਰੜ ’ਚ ਹਰਿਆਣਵੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੈੱਡ ’ਤੇ ਮਿਲੀ ਖ਼ੂਨ ’ਚ ਲਥਪਥ ਲਾਸ਼
Exit mobile version