ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਸਤਲੁਜ ਦਰਿਆ ਦੇ ਕੰਢੇ ਵੱਸਿਆ ਫ਼ਿਰੋਜ਼ਪੁਰ ਲੋਕ ਸਭਾ ਹਲਕਾ, ਜਿਸ ਨੂੰ ਫਿਰੋਜ਼ਸ਼ਾਹ ਤੁਗ਼ਲਕ ਨੇ ਵਸਾਇਆ ਸੀ। ਅਜ਼ਾਦੀ ਦੀ ਲੜਾਈ ਦੇ ਤਿੰਨ ਹੀਰੋ ਸ਼ਹੀਦ ਭਗਤ ਸਿੰਘ, ਸੁਖਦੇਵ ਰਾਜਗੁਰੂ ਦੀ ਸਮਾਧ ਵੀ ਇਸੇ ਹਲਕੇ ਵਿੱਚ ਹੈ। ਇਸ ਇਤਿਹਾਸਕ ਹਲਕੇ ਦੇ ਚੋਣ ਨਤੀਜੇ ਵੀ ਪੂਰੇ ਸੂਬੇ ਤੋਂ ਵੱਖ ਹਨ। ਫ਼ਿਰੋਜ਼ਪੁਰ ਪੰਜਾਬ ਦਾ ਪਹਿਲਾ ਹਲਕਾ ਹੈ ਜਿੱਥੇ ਕਾਂਗਰਸ ਦਾ ਉਮੀਦਵਾਰ ਪਿਛਲੇ 50 ਸਾਲਾ ਤੋਂ ਨਹੀਂ ਜਿੱਤ ਸਕਿਆ। ਪਰ 1998 ਤੋਂ ਲੈ ਕੇ 2019 ਤੱਕ ਅਕਾਲੀ ਦਲ ਨੇ ਲਗਾਤਾਰ 6 ਵਾਰ ਇਸ ਸੀਟ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ। 2019 ਵਿੱਚ ਤਾਂ ਅਕਾਲੀ ਦਲ ਦੇ ਸਭ ਤੋਂ ਬੁਰੇ ਦੌਰ ਦੌਰਾਨ ਵੀ ਫ਼ਿਰੋਜ਼ਪੁਰ ਦੀ ਜਨਤਾ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਕਰੀਬਨ ਪੋਣੇ 2 ਲੱਖ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦਿਵਾਈ ਸੀ।
2004 ਵਿੱਚ ਫ਼ਿਰੋਜ਼ਪੁਰ ਦੇ ਲੋਕਾਂ ਦਾ ਸਿਆਸੀ ਫੈਸਲਾ ਕੀ ਰਹਿਣ ਵਾਲਾ ਹੈ? ਭਾਰਤ ਪਾਕਿਸਤਾਨ ਦੀ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਦੀ ਸਿਆਸੀ ਸੋਚ ਕੀ ਹੈ? ਕੀ ਹੈ ਦੇਸ਼ ਵਿੱਚ ਹੋਣ ਵਾਲੀ ਸਿਆਸੀ ਤਬਦੀਲੀ ਨੂੰ ਸਮਝਦੇ ਹਨ? ਕੀ ਕਾਂਗਰਸ ਫ਼ਿਰੋਜ਼ਪੁਰ ਸੀਟ ਜਿੱਤ ਕੇ ਆਪਣਾ 50 ਸਾਲਾਂ ਦਾ ਸਿਆਸੀ ਸੋਕਾ ਦੂਰ ਕਰ ਸਕੇਗੀ? ਕੀ ਅਕਾਲੀ ਦਲ ਦਾ ਗੜ੍ਹ ਫ਼ਿਰੋਜ਼ਪੁਰ ਦਾ ਕਿਲ੍ਹਾ ਬਚਾਉਣ ਵਿੱਚ ਪਾਰਟੀ ਕਾਮਯਾਬ ਰਹੇਗੀ? ਕੀ ਕਿਸੇ ਤੀਜੀ ਪਾਰਟੀ ਆਪ ਜਾਂ ਬੀਜੇਪੀ ਨੂੰ ਲੋਕ ਮੌਕਾ ਦੇਣਗੇ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਇੱਕ-ਇੱਕ ਕਰਕੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।
ਕੇਂਦਰ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਫ਼ਿਰੋਜ਼ਪੁਰੀਏ
ਫ਼ਿਰੋਜ਼ਪੁਰ ਵਿੱਚ 16,18,419 ਵੋਟਰ ਹਨ, ਪੜੇ ਲਿਖੇ ਲੋਕਾਂ ਦੀ ਗਿਣਤੀ 68 ਫੀਸਦੀ ਹੈ। ਕਾਂਗਰਸ ਅਜ਼ਾਦੀ ਤੋਂ ਬਾਅਦ ਪਹਿਲੀਆਂ 3 ਚੋਣਾਂ ਹੀ ਜਿੱਤ ਸਕੀ। 1977 ਵਿੱਚ ਦੇਸ਼ ਵਿੱਚ ਪਹਿਲੀ ਵਾਰ ਕਾਂਗਰਸ ਕਮਜ਼ੋਰ ਹੋਈ। ਜਨਤਾ ਪਾਰਟੀ ਦੀ ਹਵਾ ਬਣੀ ਤਾਂ ਅਕਾਲੀ ਦਲ ਨੇ ਇਸ ਗਠਜੋੜ ਵਿੱਚ ਪਹਿਲੀ ਵਾਰ ਚੋਣ ਜਿੱਤੀ। ਕੇਂਦਰ ਦੇ ਬਦਲਾਅ ਨਾਲ ਫ਼ਿਰੋਜ਼ਪੁਰ ਦੀ ਜਨਤਾ ਨੇ ਸਾਥ ਦਿੱਤਾ। ਫਿਰ 1989 ਵਿੱਚ ਪੰਜਾਬ ਦੀ ਸਿਆਸੀ ਹਵਾ ਦੇ ਨਾਲ ਫ਼ਿਰੋਜ਼ਪੁਰ ਦੇ ਲੋਕਾਂ ਦੀ ਸੋਚ ਬਦਲੀ, ਸਿਮਰਨਜੀਤ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੂਬੇ ਦੀਆਂ 13 ਵਿੱਚੋਂ 10 ਸੀਟਾਂ ’ਤੇ ਕਬਜ਼ਾ ਕੀਤਾ ਤਾਂ ਫ਼ਿਰੋਜ਼ਪੁਰ ਦਾ ਫ਼ਤਵਾ ਵੀ ਮਾਨ ਦੀ ਪਾਰਟੀ ਦੇ ਉਮੀਦਵਾਰ ਧਿਆਨ ਸਿੰਘ ਮੰਡ ਦੇ ਹੱਕ ਵਿੱਚ ਗਿਆ।
ਇਹ ਦੂਜਾ ਮੌਕਾ ਸੀ ਜਦੋਂ ਫ਼ਿਰੋਜ਼ਪੁਰ ਦੇ ਲੋਕਾਂ ਨੇ ਸਾਬਿਤ ਕੀਤਾ ਕਿ ਉਹ ਸੂਬੇ ਤੇ ਕੇਂਦਰ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਨ੍ਹਾਂ ਦੋਵਾਂ ਨਤੀਜਿਆਂ ਤੋਂ ਬਾਅਦ ਫ਼ਿਰੋਜ਼ਪੁਰ ਦੇ ਲੋਕਾਂ ਦੀ ਸੋਚ ਨੇ ਪੰਥਕ ਵੋਟ ਬੈਂਕ ਵੱਲ ਇਸ਼ਾਰਾ ਕੀਤਾ। 1991 ਵਿੱਚ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ, ਤਾਂ ਵੀ ਫ਼ਿਰੋਜ਼ਪੁਰ ਦੀ ਜਨਤਾ ਨੇ ਕਾਂਗਰਸ ਨੂੰ ਨਹੀਂ ਚੁਣਿਆ। ਉਨ੍ਹਾਂ ਨੇ BSP ਦੇ ਉਮੀਦਵਾਰ ਨੂੰ ਚੁਣਿਆ। 1996 ਵਿੱਚ ਹੀ BSP ਦਾ ਹੀ ਉਮੀਦਵਾਰ ਜਿੱਤਿਆ, ਕਾਂਗਰਸ ਜਿੱਤ ਦੇ ਲਈ ਤਰਸਦੀ ਰਹੀ ਹੈ। ਉਸ ਤੋਂ ਬਾਅਦ ਅਕਾਲੀ ਦਲ ਨੇ ਫ਼ਿਰੋਜ਼ਪੁਰ ਵਿੱਚ ਕਦੇ ਵੀ ਕਾਂਗਰਸ ਦੇ ਪੈਰ ਨਹੀਂ ਲੱਗਣ ਦਿੱਤੇ।
ਕਾਂਗਰਸ ਦੇ ਦਿੱਗਜ ਆਗੂ ਸੁਨੀਲ ਜਾਖੜ ਤੇ ਜਗਮੀਤ ਸਿੰਘ ਬਰਾੜ ਨੇ ਵੀ ਫ਼ਿਰੋਜ਼ਪੁਰ ਤੋਂ ਆਪਣੀ ਕਿਸਮਤ ਅਜ਼ਮਾਈ ਪਰ ਫ਼ਿਰੋਜ਼ਪੁਰ ਦੀ ਜਨਤਾ ਨੇ ਨਕਾਰ ਦਿੱਤਾ। ਸਿਰਫ਼ ਏਨਾ ਹੀ ਨਹੀਂ, ਫ਼ਿਰੋਜ਼ਪੁਰ ਹਲਕੇ ਤੋਂ ਲੋਕ ਅਕਾਲੀ ਦਲ ਨਾਲ ਇਸ ਤਰ੍ਹਾਂ ਜੁੜੇ ਰਹੇ ਕਿ 2 ਵਾਰ ਦੇ ਅਕਾਲੀ ਦਲ ਦੇ MP ਸ਼ੇਰ ਸਿੰਘ ਘੁਬਾਇਆ ਨੇ ਜਦੋਂ ਬਾਗ਼ੀ ਹੋ ਕੇ 2019 ਵਿੱਚ ਫ਼ਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਤਾਂ ਲੋਕਾਂ ਨੇ ਸੁਖਬੀਰ ਬਾਦਲ ਦੇ ਖ਼ਿਲਾਫ਼ ਘੁਬਾਇਆ ਨੂੰ ਪੋਣੋ 2 ਲੱਖ ਵੋਟਾਂ ਨਾਲ ਹਰਾਇਆ।
ਕੀ ਕਹਿੰਦੀ ਹੈ ਫ਼ਿਰੋਜ਼ਪੁਰ ਦੀ ਸਿਆਸਤ
ਫ਼ਿਰੋਜ਼ਪੁਰ ਸੀਟ ਦੀ ਸਿਆਸਤ ਨੂੰ ਸਮਝਣ ਤੋਂ ਬਾਅਦ ਇੱਕ ਗੱਲ ਸਾਫ਼ ਹੈ ਕਿ ਇਹ ਅਕਾਲੀ ਦਲ ਦਾ ਸਭ ਤੋਂ ਮਜ਼ਬੂਤ ਹਲਕਾ ਹੈ। ਇੱਥੋਂ ਦੋ ਲੋਕਾਂ ਦੀ ਸੋਚ ਵੀ ਕਿਤੇ ਨਾ ਕਿਤੇ ਪੰਥਕ ਹੈ ਤੇ ਤੱਕੜੀ ਦੇ ਨਿਸ਼ਾਨ ਨਾਲ ਜੁੜੀ ਹੋਈ ਹੈ। ਹੁਣ 2024 ਦੇ ਨਤੀਜਿਆਂ ਨੂੰ ਇਸ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ।
ਸਭ ਤੋਂ ਪਹਿਲਾਂ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕਰਦੇ ਹਾਂ। ਪਾਰਟੀ ਨੇ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਨੇ ਵਿਧਾਨਸਭਾ ਚੋਣਾਂ ਵਿੱਚ 50 ਫੀਸਦੀ ਤੋਂ ਵੱਧ ਤਕਰੀਬਨ 76,000 ਵੋਟ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ। ਪਾਰਟੀ ਨਵੇਂ ਉਮੀਦਵਾਰ ’ਤੇ ਦਾਅ ਨਹੀਂ ਖੇਡ ਸਕਦੀ ਸੀ ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੌਜੂਦਾ ਤੇ ਤਜ਼ੁਰਬੇਕਾਰ ਵਿਧਾਇਕ ’ਤੇ ਦਾਅ ਖੇਡਣ ਦਾ ਮਨ ਬਣਾਇਆ।
ਫ਼ਿਰੋਜ਼ਪੁਰ ਲੋਕਸਭਾ ਹਲਕੇ ਅਧੀਨ ਆਉਣ ਵਾਲੀਆਂ 9 ਵਿਧਾਨਸਭਾ ਸੀਟਾਂ ਵਿੱਚੋ 2022 ਦੀਆਂ ਵਿਧਾਨਸਭਾ ਵਿੱਚ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਪੇਂਡੂ, ਗੁਰੂ ਹਰਸਹਾਏ, ਜਲਾਲਾਬਾਦ, ਫਾਜ਼ਿਲਕਾ, ਬੱਲੂਆਣਾ, ਮਲੋਟ ਅਤੇ ਮੁਕਤਸਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਜਦਕਿ ਅਬੋਹਰ ਦੀ ਇਕਲੌਤੀ ਸੀਟ ਕਾਂਗਰਸ ਦੇ ਖਾਤੇ ਵਿੱਚ ਗਈ ਸੀ। ਪਰ ਉੱਥੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਹੁਣ ਬੀਜੇਪੀ ਲਈ ਪ੍ਰਚਾਰ ਰਹੇ ਹਨ। ਵਿਧਾਨਸਭਾ ਦੇ ਨਤੀਜਿਆਂ ਪੱਖੋ ਆਮ ਆਦਮੀ ਪਾਰਟੀ ਭਾਵੇ ਮਜ਼ਬੂਤ ਹੈ, ਪਰ 2 ਸਾਲ ਬਾਅਦ ਹੋਣ ਵਾਲੀਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।
ਅਕਾਲੀ ਦਲ ਨੇ ਆਪਣੇ ਕਿਲ੍ਹੇ ਨੂੰ ਬਚਾਉਣ ਲਈ ਫ਼ਿਰੋਜ਼ਪੁਰ ਨੂੰ ਪਾਰਟੀ ਦਾ ਗੜ੍ਹ ਬਣਾਉਣ ਵਾਲੇ ਲਗਾਤਾਰ ਤਿੰਨ ਵਾਰ ਜੇਤੂ ਜ਼ੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬੌਬੀ ਮਾਨ ’ਤੇ ਦਾਅ ਖੇਡਿਆ ਹੈ। ਜ਼ੋਰਾ ਸਿੰਘ ਮਾਨ ਨੇ 1998, 1999 ਅਤੇ 2004 ਵਿੱਚ ਲਗਾਤਾਰ ਤਿੰਨ ਵਾਰ ਇਹ ਸੀਟ ਜਿੱਤੀ ਸੀ। ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਰਟੀ ਨੂੰ ਇਸ ਤੋਂ ਮਜ਼ਬੂਤ ਉਮੀਦਵਾਰ ਨਹੀਂ ਲੱਭ ਸਕਦਾ ਸੀ।
ਹਾਲਾਂਕਿ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਵੀ ਅਕਾਲੀ ਦਲ ਦੀ ਸਭ ਤੋਂ ਸੇਫ ਸੀਟ ’ਤੇ ਭੇਜਣ ਦੀ ਚਰਚਾ ਸੀ ਪਰ ਉਨ੍ਹਾਂ ਨੇ ਸੀਟ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸਿਆਸੀ ਪਿਛੋਕੜ ਪੱਖੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਮਜ਼ਬੂਤ ਉਮੀਦਵਾਰ ਕਿਹਾ ਜਾ ਸਕਦਾ ਹੈ। ਬੀਜੇਪੀ ਪਹਿਲੀ ਵਾਰ ਫ਼ਿਰੋਜ਼ਪੁਰ ਤੋਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰ ਰਹੀ ਹੈ। ਅਬੋਹਰ ਵਿਧਾਨਸਭਾ ਹਲਕਾ ਵੀ ਫ਼ਿਰੋਜ਼ਪੁਰ ਲੋਕ ਸਭਾ ਅਧੀਨ ਆਉਂਦਾ ਹੈ। ਇਹ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਹਲਕਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ’ਤੇ ਸੋਢੀ ਨੂੰ ਦਿੱਤੀ ਟਿਕਟ
ਬੀਜੇਪੀ ਵਿੱਚ ਚਰਚਾ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਸੀ ਉਨ੍ਹਾਂ ਨੇ ਫ਼ਿਰੋਜ਼ਪੁਰ ਹਲਕੇ ਵਿੱਚ ਪ੍ਰਚਾਰ ਸ਼ੁਰੂ ਵੀ ਕਰ ਦਿੱਤਾ ਸੀ ਪਰ ਪਾਰਟੀ ਨੇ ਗੁਰੂ ਹਰਸਾਏ ਤੋਂ ਕਾਂਗਰਸ ਦੀ ਟਿਕਟ ’ਤੇ ਲਗਾਤਾਰ ਚਾਰ ਵਾਰ ਦੇ ਜੇਤੂ ਵਿਧਾਇਕ ਰਹੇ ਰਾਣਾ ਗੁਰਮੀਤ ਸੋਢੀ ’ਤੇ ਦਾਅ ਖੇਡਿਆ। ਰਾਣਾ ਗੁਰਜੀਤ ਨੇ 2014 ਵਿੱਚ ਵੀ ਕਾਂਗਰਸ ਦੀ ਟਿਕਟ ’ਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਦੀ ਉਮੀਦਵਾਰੀ ਪੇਸ਼ ਕਰਨਾ ਚਾਹੁੰਦੇ ਸਨ ਪਰ ਹਾਈਕਮਾਨ ਨੇ ਜਾਖੜ ਨੂੰ ਉਮੀਦਵਾਰ ਬਣਾਇਆ ਸੀ।
ਜਾਖੜ ਅਤੇ ਰਾਣਾ ਗੁਰਜੀਤ ਸੋਢੀ ਦੇ ਕਾਂਗਰਸ ਵਿੱਚ ਰਹਿੰਦਿਆਂ ਹੋਇਆਂ ਵੀ ਚੰਗੇ ਰਿਸ਼ਤੇ ਨਹੀਂ ਸਨ ਹੁਣ ਜਦੋਂ ਦੋਵੇਂ ਬੀਜੇਪੀ ਵਿੱਚ ਹਨ ਤਾਂ ਕੁੜੱਤਣ ਉਸੇ ਤਰ੍ਹਾਂ ਹੈ। ਪਰ ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ’ਤੇ ਪਾਰਟੀ ਨੇ ਰਾਣਾ ਗੁਰਜੀਤ ਸੋਢੀ ’ਤੇ ਦਾਅ ਖੇਡਿਆ ਹੈ। ਸੋਢੀ ਨੂੰ ਕੈਪਟਨ ਦੀ ਸੱਜੀ ਬਾਂਹ ਕਿਹਾ ਜਾਂਦਾ ਸੀ। ਰਾਣਾ ਗੁਰਮੀਤ ਸੋਢੀ ਦੇ ਮੈਦਾਨ ਵਿੱਚ ਉਤਰਨ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ। ਬੀਜੇਪੀ ਫਾਜ਼ਿਲਕਾ, ਅਬੋਹਰ ਤੋਂ ਚੋਣ ਲੜਦੀ ਰਹੀ ਹੈ ਤੇ ਜਿੱਤ ਵੀ ਹਾਸਲ ਕੀਤੀ ਹੈ ਪਰ ਆਪਣੇ ਦਮ ’ਤੇ ਸੀਟ ਕੱਢਣੀ ਮੁਸ਼ਕਿਲ ਹੈ।
ਕਾਂਗਰਸ ਨੇ 2019 ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ’ਤੇ ਦਾਅ ਖੇਡਿਆ ਹੈ। ਘੁਬਾਇਆ 2009 ਅਤੇ 2014 ਵਿੱਚ ਅਕਾਲੀ ਦਲ ਦੀ ਟਿਕਟ ’ਤੇ 2 ਵਾਰ ਜਿੱਤੇ ਸਨ। ਪਿਛਲੀਆਂ 5 ਲੋਕ ਸਭਾ ਚੋਣਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਨੇ ਦੂਜੀ ਵਾਰ ਫ਼ਿਰੋਜ਼ਪੁਰ ਤੋਂ ਕਿਸੇ ਉਮੀਦਵਾਰ ਨੂੰ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਜਗਮੀਤ ਬਰਾੜ, ਸੁਨੀਲ ਜਾਖੜ ਚੋਣ ਲੜੇ ਪਰ ਉਹ ਹਾਰਦੇ ਰਹੇ। ਸ਼ਾਇਦ ਇਸ ਵਾਰ ਪਾਰਟੀ ਦਾ ਇਹ ਦਾਅ ਰੰਗ ਲਿਆਵੇ। ਵੈਸੇ ਸਾਰੇ ਉਮੀਦਵਾਰਾਂ ਵਿੱਚ ਘੁਬਾਇਆ ਦੀ ਉਮੀਦਵਾਰੀ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ।
ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦਾ ਸਾਰ
ਕੁੱਲ ਮਿਲਾ ਕੇ ਫ਼ਿਰੋਜ਼ਪੁਰ ਦਾ ਨਤੀਜਾ ਦਿਲਚਸਪ ਰਹਿਣ ਵਾਲਾ ਹੈ। ਅਕਾਲੀ ਦਲ ਦੇ ਸਭ ਤੋਂ ਬੁਰੇ ਦੌਰ ਵਿੱਚ ਫ਼ਿਰੋਜ਼ਪੁਰ ਦੇ ਲੋਕਾਂ ’ਤੇ ਪਾਰਟੀ ਦੀਆਂ ਨਜ਼ਰਾਂ ਹਨ। ਬੀਜੇਪੀ ਨੇ ਰਾਣਾ ਗੁਰਮੀਤ ਸੋਢੀ ਨੂੰ ਮੈਦਾਨ ਵਿੱਚ ਉਤਾਰ ਕੇ ਦੂਜੀਆਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਆਪ ਲਈ 2022 ਦੇ ਵਿਧਾਨਸਭਾ ਚੋਣਾਂ ਦੇ ਨਤੀਜੇ ਦੁਹਰਾਉਣ ਦੀ ਚੁਣੌਤੀ ਅਸਾਨ ਨਹੀਂ ਹੈ। ਕਾਂਗਰਸ ਨੂੰ ਉਮੀਦ ਹੈ ਕਿ ਘੁਬਾਇਆ 50 ਸਾਲਾਂ ਦਾ ਸੋਕਾ ਦੂਰ ਕਰ ਸਕਣਗੇ। ਮੁਕਾਬਲਾ ਇਸ ਵੇਲੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚ ਨਜ਼ਰ ਆ ਰਿਹਾ ਹੈ।
ਲੋਕ ਸਭਾ ਚੋਣਾਂ ਨਾਲ ਸਬੰਧਿਤ ਸਾਡੇ ਹੋਰ ਖ਼ਾਸ ਲੇਖ ਵੀ ਜ਼ਰੂਰ ਪੜ੍ਹੋ –
ਪੰਥਕ ਸੀਟ ਖਡੂਰ ਸਾਹਿਬ ’ਚ ਵੰਡੇ ਗਏ 2 ਤਾਕਤਵਰ ਉਮੀਦਵਾਰਾਂ ਦੇ ਵੋਟ! ਬਾਜ਼ੀ ਮਾਰ ਸਕਦਾ ਹੈ ਤੀਜਾ ਉਮੀਦਵਾਰ