ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਨਾਂ ਸੁਣਦਿਆਂ ਹੀ ਰੂਹਾਨੀਅਤ ਦਾ ਅਹਿਸਾਸ ਹੁੰਦਾ ਹੈ। ਖ਼ਾਲਸਾ ਪੰਥ ਦੀ ਸਿਰਜਨਾ ਨਾਲ ਜੁੜੇ ਇਸ ਹਲਕੇ ਦੀ ਪੰਜਾਬ ਦੀ ਸਿਆਸਤ ਵਿੱਚ ਐਂਟਰੀ 2009 ਵਿੱਚ ਨਵੀਂ ਹੱਦਬੰਦੀ ਤੋਂ ਬਾਅਦ ਹੋਈ ਸੀ। ਇਸ ਤੋਂ ਪਹਿਲਾਂ ਇਸ ਨੂੰ ਰੋਪੜ ਲੋਕਸਭਾ ਹਲਕੇ ਵਜੋਂ ਜਾਣਿਆ ਜਾਂਦਾ ਸੀ। 1967 ਵਿੱਚ ਰੋਪੜ ਲੋਕਸਭਾ ਹਲਕਾ ਪੰਜਾਬ ਦੀ ਸਿਆਸਤ ਦਾ ਹਿੱਸਾ ਬਣਿਆ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਤਬਦੀਲ ਹੋਣ ਤੱਕ ਇੱਥੇ ਹੁਣ ਤੱਕ 14 ਲੋਕਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਅਕਾਲੀ ਦਲ ਅਤੇ ਕਾਂਗਰਸ ਵਿੱਚ ਮੁਕਾਬਲਾ ਹਮੇਸ਼ਾ ਬਰਾਬਰ ਦਾ ਰਿਹਾ ਹੈ।
ਅਕਾਲੀ ਦਲ ਨੇ 7 ਵਾਰ ਤੇ ਕਾਂਗਰਸ ਨੇ 6 ਵਾਰ ਜਿੱਤ ਹਾਸਲ ਕੀਤੀ ਹੈ ਜਦਕਿ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 1989 ਵਿੱਚ ਇਕਲੌਤੀ ਵਾਰ ਜਿੱਤ ਹਾਸਲ ਕੀਤੀ ਸੀ। 2024 ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਸੋਚ ਕੀ ਇਸ਼ਾਰਾ ਕਰ ਰਹੀ ਹੈ, ਇਸ ਲੇਖ ਵਿੱਚ ਇਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।
ਸ੍ਰੀ ਆਨੰਦਪੁਰ ਸਾਹਿਬ ਸੀਟ ’ਤੇ ਵੋਟਰਾਂ ਦਾ ਲੇਖਾ-ਜੋਖਾ
ਸ੍ਰੀ ਆਨੰਦਪੁਰ ਸਾਹਿਬ ਸੀਟ ’ਤੇ ਇਸ ਵੇਲੇ ਕੁੱਲ 17,16,953 ਵੋਟਾਂ ਹਨ। ਇਨ੍ਹਾਂ ’ਚੋਂ 8,96,369 ਮਰਦ ਵੋਟਰ ਹਨ, ਜਦਕਿ 8,20,522 ਮਹਿਲਾ ਵੋਟਰ ਤੇ 62 ਟਰਾਂਸਜੈਂਡਰ ਵੋਟਰ ਹਨ। ਮੰਨਿਆ ਜਾਂਦਾ ਹੈ ਕਿ ਇਸ ਹਲਕੇ ਵਿੱਚ ਤਕਰੀਬਨ 40 ਫੀਸਦੀ ਹਿੰਦੂ ਵੋਟਰ ਹਨ। ਹੁਣ ਤੱਕ ਦੇ 60 ਸਾਲ ਦੇ ਲੋਕ ਸਭਾ ਦੇ ਨਤੀਜਿਆਂ ਦੀ ਪੜਚੋਲ ਕਰਨ ਤੋਂ ਬਾਅਦ ਇਹ ਨਹੀਂ ਲੱਗਦਾ ਕਿ ਹਲਕਾ ਕੇਂਦਰ ਵਿੱਚ ਬਣਨ ਵਾਲੀ ਸਰਕਾਰ ਦਾ ਇਸ਼ਾਰਾ ਸਮਝਦਾ ਹੈ। ਪਰ ਏਨਾ ਜ਼ਰੂਰ ਹੈ ਕਿ ਜਦੋਂ ਵੀ ਪੰਜਾਬ ਨਾਲ ਜੁੜੇ ਮੁੱਦੇ ਹਾਵੀ ਰਹੇ, ਇਸ ਨੇ ਕੇਂਦਰ ਦੀ ਸਰਕਾਰ ਦੇ ਉਲਟ ਫ਼ੈਸਲਾ ਲਿਆ।
1977 ਵਿੱਚ ਦੇਸ਼ ਵਿੱਚ ਲੱਗੀ ਐਮਰਜੈਂਸੀ ਤੋਂ ਬਾਅਦ ਜਦੋਂ ਪੂਰੇ ਦੇਸ਼ ਵਿੱਚ ਕਾਂਗਰਸ ਖ਼ਿਲਾਫ਼ ਹਵਾ ਬਣੀ ਤਾਂ ਪਹਿਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਬਸੰਤ ਸਿੰਘ ਖ਼ਾਲਸਾ ਨੇ ਇਹ ਸੀਟ ਜਿੱਤੀ ਸੀ।1984 ਦੀ ਨਸਲਕੁਸ਼ੀ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਕਾਂਗਰਸ ਨੇ 300 ਤੋਂ ਵੱਧ ਸੀਟਾਂ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਸੀ ਪਰ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਇਹ ਸੀਟ 75,000 ਦੇ ਮਾਰਜਨ ਨਾਲ ਜਿੱਤੀ ਸੀ।
ਫਿਰ 1989 ਵਿੱਚ ਜਦੋਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੂਰੇ ਸੂਬੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਤਾਂ ਰੋਪੜ ਤੋਂ ਵੀ ਬਿਮਲ ਕੌਰ ਖ਼ਾਲਸਾ ਐੱਮਪੀ ਬਣੇ ਸਨ। ਇਸ ਤੋਂ ਇਲਾਵਾ ਇਹ ਹਲਕਾ ਬਦਲਾਅ ਵਿੱਚ ਵੀ ਯਕੀਨ ਰੱਖਦਾ ਹੈ। ਕਾਂਗਰਸ ਨੂੰ 1967 ਅਤੇ 1971 ਤੋਂ ਬਾਅਦ ਕਦੇ ਵੀ ਲਗਾਤਾਰ 2 ਵਾਰ ਜਿੱਤਣ ਦਾ ਮੌਕਾ ਨਹੀਂ ਮਿਲਿਆ ਜਦਕਿ ਅਕਾਲੀ ਦਲ ਨੇ 2 ਤੋਂ 3 ਵਾਰ ਇਸ ਸੀਟ ’ਤੇ ਜਿੱਤ ਹਾਸਲ ਕੀਤੀ ਹੈ।
ਪਾਰਟੀਆਂ ਅਤੇ ਉਮੀਦਵਾਰਾਂ ਦੀ ਮੌਜੂਦਾ ਤਾਕਤ
ਹੁਣ 2024 ਵਿੱਚ ਜਨਤਾ ਦਾ ਫ਼ਤਵਾ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਕੀ ਹੋਵੇਗਾ ਇਸ ਨੂੰ ਜਾਨਣਾ ਹੈ ਤਾਂ ਉਮੀਦਵਾਰਾਂ ਅਤੇ ਪਾਰਟੀ ਦੀ ਮੌਜੂਦਾ ਤਾਕਤ ਨੂੰ ਸਮਝਣਾ ਹੋਵੇਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੂਬੇ ਦੀ ਵਜ਼ਾਰਤ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ, ਜੋ ਤੀਜੀ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਦਾਨ ਵਿੱਚ ਉੱਤਰ ਰਹੀ ਹੈ। 2014 ਵਿੱਚ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰ ਗਿੱਲ ਮੈਦਾਨ ਵਿੱਚ ਉੱਤਰੇ ਸਨ ਪਰ ਉਹ ਤੀਜੇ ਨੰਬਰ ’ਤੇ ਰਹ। ਹਾਲਾਂਕਿ ਵੋਟ ਉਨ੍ਹਾਂ ਨੂੰ 3,06,000 ਪਏ ਸਨ।
ਪਹਿਲੇ ਨੰਬਰ ’ਤੇ ਰਹੇ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਉਹ 41,000 ਪਿੱਛੇ ਸਨ ਜਦਕਿ ਕਾਂਗਰਸ ਦੀ ਉਮੀਦਵਾਰ ਅੰਬਿਕਾ ਸੋਨੀ ਤੋਂ ਉਹ 19,000 ਵੋਟਾਂ ਤੋਂ ਪਿੱਛੇ ਰਹੇ। ਪਰ ਪਹਿਲੀ ਵਾਰ ਮੈਦਾਨ ਵਿੱਚ ਉਤਰੀ ਪਾਰਟੀ ਦਾ ਚੰਗਾ ਪ੍ਰਦਰਸ਼ਨ ਸੀ। 2019 ਵਿੱਚ ਜਦੋਂ ਪਾਰਟੀ ਲੋਕ ਸਭਾ ਸੀਟ ’ਤੇ ਉੱਤਰੀ ਤਾਂ 6 ਗੁਣਾ ਘੱਟ ਵੋਟਾਂ ਮਿਲੀਆਂ। ਨਰਿੰਦਰ ਸਿੰਘ ਸ਼ੇਰ ਗਿੱਲ ਦੇ ਖ਼ਾਤੇ ਵਿੱਚ 53,000 ਵੋਟਾਂ ਆਈਆਂ।
ਪਰ 2022 ਵਿੱਚ ਜਦੋਂ ਵਿਧਾਨਸਭਾ ਚੋਣਾਂ ਹੋਈਆ ਤਾਂ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਗੜਸ਼ੰਕਰ, ਬਲਾਚੌਰ, ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ, ਚਮਕੌਰ ਸਾਹਿਬ, ਖਰੜ ਅਤੇ ਮੁਹਾਲੀ ਵਿੱਚ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਜਦਕਿ ਬੰਗਾ ਅਤੇ ਨਵਾਂਸ਼ਹਿਰ ਵਿੱਚ ਗਠਜੋੜ ਵਿੱਚ ਲੜ ਰਹੀ ਅਕਾਲੀ ਦਲ ਅਤੇ BSP ਨੇ 1-1 ਸੀਟ ਹਾਸਲ ਕੀਤੀ। ਕਾਂਗਰਸ ਦੇ ਹੱਥ ਖਾਲੀ ਰਹੇ ਤੇ ਬੀਜੇਪੀ ਦਾ ਵੀ ਖ਼ਾਤਾ ਵੀ ਨਹੀਂ ਖੁੱਲ੍ਹ ਸਕਿਆ ਸੀ।
ਹੁਣ ਇਸ ਵਾਰ ‘ਆਪ’ ਨੇ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੀਡੀਆ ਜਗਤ ਵਿੱਚ ਉਨ੍ਹਾਂ ਜਾ ਚੰਗਾ ਨਾਂ ਹੈ, ਹਰ ਮੁੱਦੇ ’ਤੇ ਪਾਰਟੀ ਦੇ ਸਟੈਂਡ ਨੂੰ ਉਹ ਜ਼ੋਰਦਾਰ ਤਰੀਕੇ ਨਾਲ ਰੱਖਦੇ ਹਨ। 2022 ਵਿੱਚ ਜਦੋਂ ਉਹ ਬੀਜੇਪੀ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਸਨ ਤਾਂ ਹੀ ਉਨ੍ਹਾਂ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਲੜਨ ਦੀ ਚਰਚਾ ਸੀ। ਉਮੀਦਵਾਰ ਵਜੋਂ ਉਹ ਭਾਵੇਂ ਨਵੇਂ ਹਨ ਪਰ ਵੋਟਰਾਂ ਦੀ ਨਬਜ਼ ਤੇ ਚੋਣ ਪ੍ਰਚਾਰ ਕਰਨ ਦਾ ਤਰੀਕਾ ਸਮਝਦੇ ਹਨ। ਜੇ ਵਿਧਾਇਕਾਂ ਦਾ ਸਾਥ ਮਿਲਿਆ ਤਾਂ ਮਜ਼ਬੂਦ ਉਮੀਦਵਾਰ ਵਜੋਂ ਉਹ ਟੱਕਰ ਦੇ ਸਕਦੇ ਹਨ।
ਹੁਣ ਗੱਲ ਬੀਜੇਪੀ ਦੀ, ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਪਾਰਟੀ ਪਹਿਲੀ ਵਾਰ ਚੋਣ ਲੜ ਰਹੀ ਹੈ। ਪਰ ਇਸ ਦੇ ਬਾਵਜੂਦ ਬੀਜੇਪੀ ਦਾ ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ, ਗੜਸ਼ੰਕਰ, ਬਲਾਚੌਰ, ਤੇ ਨਵਾਂਸ਼ਹਿਰ ਵਿਧਾਨਸਭਾ ਹਲਕਿਆਂ ਵਿੱਚ ਵੱਡਾ ਵੋਟ ਬੈਂਕ ਹੈ। ਇੰਨਾਂ ਸਾਰੇ ਵਿਧਾਨਸਭਾ ਹਲਕਿਆਂ ਵਿੱਚ ਪਾਰਟੀ ਦੇ ਉਮੀਦਵਾਰ ਵਿਧਾਨਸਭਾ ਚੋਣਾਂ ਵਿੱਚ ਦਾਅਵੇਦਾਰੀ ਪੇਸ਼ ਕਰਦੇ ਰਹੇ ਹਨ। ਰਾਮ ਮੰਦਰ ਦਾ ਅਸਰ ਇਸ ਇਲਾਕੇ ਵਿੱਚ ਵੱਡੇ ਪੱਧਰ ’ਤੇ ਵੇਖਣ ਨੂੰ ਮਿਲ ਸਕਦਾ ਹੈ। ਬੀਜੇਪੀ ਦਾ ਵੋਟ ਸ਼ੇਅਰ ਵਧੇਗਾ, ਨੁਕਸਾਨ ਅਕਾਲੀ ਦਲ, ਕਾਂਗਰਸ ਤੇ ਆਪ ਸਾਰਿਆਂ ਨੂੰ ਹੋ ਸਕਦਾ ਹੈ ਪਰ ਬੀਜੇਪੀ ਆਪਣੇ ਦਮ ’ਤੇ ਇਹ ਸੀਟ ਕੱਢ ਲਏ ਇਹ ਕਹਿਣਾ ਮੁਸ਼ਕਲ ਹੈ।
ਸ੍ਰੀ ਆਨੰਦਪੁਰਾ ਸਾਹਿਬ ਸੀਟ ਤੋਂ ਬੀਜੇਪੀ ਨੇ ਹਿੰਦੂ ਚਿਹਰਾ ਡਾ. ਸੁਭਾਸ਼ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਚਿਹਰਾ ਵੱਡਾ ਨਹੀਂ ਹੈ, ਬੀਜੇਪੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੂੰ ਉਹ ਆਪਣਾ ਉਸਤਾਦ ਮੰਨਦੇ ਹਨ। 2022 ਦੀਆਂ ਵਿਧਾਨਸਭਾ ਚੋਣਾਂ ਤੋਂ ਉਹ ਪਾਰਟੀ ਦੇ ਵੱਲੋਂ ਡਿਬੇਟ ਵਿੱਚ ਵੀ ਹਿੱਸਾ ਲੈਂਦੇ ਹੋਏ ਨਜ਼ਰ ਆਏ। ਇਸ ਲਈ ਸਿਆਸੀ ਜਗਤ ਵਿੱਚ ਉਨ੍ਹਾਂ ਦੀ ਪਛਾਣ ਹੈ ਪਰ ਜ਼ਮੀਨੀ ਪੱਧਰ ’ਤੇ ਉਹ ਦੂਜੇ ਉਮੀਵਾਰਾਂ ਤੋਂ ਕਮਜ਼ੋਰ ਹਨ। ਹਾਲਾਂਕਿ ਇਸ ਸੀਟ ’ਤੇ ਕੌਮੀ ਘੱਟ ਗਿਣਤੀ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਆਪਣੇ ਪੁੱਤਰ ਦੇ ਲਈ ਟਿਕਟ ਮੰਗ ਰਹੇ ਸਨ ਪਰ ਬੀਜੇਪੀ ਨੇ ਹਿੰਦੂ ਵੋਟਰ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਸੁਭਾਸ਼ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ।
ਅਕਾਲੀ ਦਲ ਨੇ ਇਸ ਸੀਟ ’ਤੇ ਆਪਣੇ ਟਕਸਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ। 2014 ਵਿੱਚ ਫਸਵੇਂ ਮੁਕਾਬਲੇ ਵਿੱਚ ਚੰਦੂਮਾਜਰਾ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੀਟ ਜਿੱਤੀ ਸੀ ਪਰ ਉਸ ਵੇਲੇ ਬੀਜੇਪੀ-ਅਕਾਲੀ ਦਲ ਦਾ ਗਠਜੋੜ ਸੀ। ਹਾਲਾਂਕਿ 2019 ਵਿੱਚ ਉਹ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਤੋਂ 50 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ, ਪਰ ਉਨ੍ਹਾਂ ਦੇ ਤਜ਼ਰਬੇ ਨੂੰ ਵੇਖਦਿਆਂ ਪਾਰਟੀ ਨੇ ਤੀਜੀ ਵਾਰ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਭਰੋਸਾ ਜਤਾਇਆ ਹੈ। ਜਦਕਿ ਪਾਰਟੀ ਦੇ ਮੁੱਖ ਬੁਲਾਰੇ ਅਤੇ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੇ ਦਲਜੀਤ ਸਿੰਘ ਚੀਮਾ ਵੀ ਇਸੇ ਸੀਟ ਤੋਂ ਦਾਅਵੇਦਾਰੀ ਪੇਸ਼ ਕਰ ਰਹੇ ਸਨ।
ਕਾਂਗਰਸ ਨੇ ਮੁੜ ਤੋਂ ਹਿੰਦੂ ਚਿਹਰੇ ’ਤੇ ਖੇਡਿਆ ਦਾਅ
ਕਾਂਗਰਸ ਦੇ 2019 ਦੇ ਜੇਤੂ ਉਮੀਦਵਾਰ ਮਨੀਸ਼ ਤਿਵਾੜੀ ਨੂੰ ਪਾਰਟੀ ਨੇ ਚੰਡੀਗੜ੍ਹ ਸੀਟ ’ਤੇ ਬਦਲ ਦਿੱਤਾ ਹੈ, ਜਿਸ ਤੋਂ ਬਾਅਦ ਆਨੰਦਪੁਰ ਸਾਹਿਬ ਸੀਟ ’ਤੇ ਕਾਂਗਰਸ ਨੇ ਮੁੜ ਤੋਂ ਹਿੰਦੂ ਚਿਹਰੇ ’ਤੇ ਦਾਅ ਖੇਡਦਿਆਂ ਵਿਜੇ ਇੰਦਰ ਸਿੰਗਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਸੰਗਰੂਰ ਤੋਂ ਸਾਬਕਾ ਐੱਮਪੀ ਹਨ। ਸਿੰਗਲਾ ਲਈ ਇਹ ਸੀਟ ਬਿਲਕੁਲ ਨਵੀਂ ਹੈ। ਉਨ੍ਹਾਂ ਦਾ ਨਾਂ ਆਪ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਅੱਗੇ ਕੀਤਾ ਜਦਕਿ ਇਸ ਸੀਟ ’ਤੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਦਾ ਨਾਂ ਅੱਗੇ ਚੱਲ ਰਿਹਾ ਸੀ।
ਸ੍ਰੀ ਆਨੰਦਪੁਰ ਸਾਹਿਬ ਸੀਟ ’ਤੇ ਸਿਆਸੀ ਮੁਕਾਬਲੇ ਦਾ ਗਣਿਤ
ਸ੍ਰੀ ਆਨੰਦਪੁਰ ਸਾਹਿਬ ਸੀਟ ’ਤੇ ਹਰ ਵਾਰ ਅਕਾਲੀ ਦਲ ਅਤੇ ਕਾਂਗਰਸ ਵਿੱਚ ਸਿੱਧਾ ਮੁਕਾਬਲਾ ਵੇਖਿਆ ਜਾਂਦਾ ਸੀ ਪਰ ਪਹਿਲੀ ਵਾਰ ਹੁਮ ਚਾਰ ਪਾਸੜ ਮੁਕਾਬਲਾ ਦਿੱਸ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਸੀਟ ’ਤੇ ਅਕਾਲੀ ਦਲ ਦਾ ਸਿਆਸੀ ਇਤਿਹਾਸ ਮਜ਼ਬੂਤ ਹੈ, ਪਰ ਬੀਜੇਪੀ ਤੋਂ ਬਿਨਾਂ ਜਿੱਤ ਮੁਸ਼ਕਿਲ ਹੈ।
40 ਫੀਸਦੀ ਹਿੰਦੂ ਵੋਟਰ ਹੋਣ ਦੀ ਵਜ੍ਹਾ ਕਰਕੇ ਬੀਜੇਪੀ ਕਈ ਵਿਧਾਨਸਭਾ ਹਲਕਿਆਂ ਵਿੱਚ ਕਾਫੀ ਮਜ਼ਬੂਤ ਹੈ। ਪਰ ਕਹਾਣੀ ਅਕਾਲੀ ਦਲ ਵਰਗੀ ਹੈ,ਆਪਣੇ ਦਮ ’ਤੇ ਜਿੱਤ ਮੁਸ਼ਕਲ ਹੈ।
ਕਾਂਗਰਸ ਹੁਣ ਤੱਕ ਲਾਗਤਾਰ ਦੂਜੀ ਵਾਰ ਸ੍ਰੀ ਆਨੰਦਪੁਰ ਸਾਹਿਬ ਸੀਟ ਨਹੀਂ ਜਿੱਤੀ ਹੈ। ਆਮ ਆਦਮੀ ਪਾਰਟੀ 2022 ਦੀਆਂ ਵਿਧਾਨਸਭਾ ਚੋਣਾਂ ਦੇ ਨਜ਼ਰੀਏ ਨਾਲ ਮਜ਼ਬੂਤ ਹੈ ਪਰ ਲੋਕਸਭਾ ਵਿੱਚ ਵੋਟਰਾਂ ਦੀ ਸੋਚ ਕਿਸ ਪਾਸੇ ਜਾਵੇਗੀ ਇਹ ਕਹਿਣਾ ਮੁਸ਼ਕਲ ਹੈ। ਕੁੱਲ ਮਿਲਾ ਕੇ ਗਹਿਗੱਚ ਮੁਕਾਬਲੇ ਵਿੱਚ ਜਿੱਤ-ਹਾਰ ਦਾ ਫ਼ਰਕ ਕੁਝ ਹੀ ਵੋਟਾਂ ਦੇ ਨਾਲ ਹੋਵੇਗਾ।