Lok Sabha Election 2024 Punjab

ਚੋਣਾਂ ਤੋਂ ਪਹਿਲਾਂ ਹਰਸਿਮਰਤ ਬਾਦਲ ਨੂੰ ਝਟਕਾ!

ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡਾ ਵਿੱਚ ਝਟਕਾ ਲੱਗ ਸਕਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਤੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਜ਼ੋਰ-ਸ਼ੋਰ ਨਾਲ ਆਪਣੀ ਨੂੰਹ ਲਈ ਪ੍ਰਚਾਰ ਕਰ ਰਹੇ ਹਨ ਜਿਸ ਨੇ ਹਾਲ ਹੀ ਵਿੱਚ ਬੀਜੇਪੀ ਦਾ ਪੱਲਾ ਫੜਿਆ ਹੈ। ਅਕਾਲੀ ਦਲ ਦੇ ਹੁੰਦਿਆਂ ਹੋਇਆਂ ਸਿਕੰਦਰ ਸਿੰਘ ਮਲੂਕਾ ਖੁੱਲ੍ਹੇਆਮ ਬੀਜੇਪੀ ਦਾ ਸਮਰਥਨ ਕਰ ਰਹੇ ਹਨ।

ਮਲੂਕਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦਿਆਂ ਸੋਸ਼ਲ ਮੀਡੀਆ ’ਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਗੱਲ ਕਰਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਪੀਐਮ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਵੱਡੇ ਪੱਧਰ ’ਤੇ ਕੀਤੇ ਗਏ ਕੰਮਾਂ ਦੀ ਤਾਰੀਫ਼ ਕੀਤੀ ਹੈ।

ਦਰਅਸਲ ਪਹਿਲਾਂ ਜਦੋਂ ਮਲੂਕਾ ਦੇ ਨੂੰਹ-ਪੁੱਤ ਦੇ ਬੀਜੇਪੀ ਵਿੱਚ ਸ਼ਾਮਲ ਸੀ ਤਾਂ ਉਹ ਚੁੱਪ ਬੈਠੇ ਸੀ, ਉਨ੍ਹਾਂ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ। ਪਰ ਹੁਣ 1 ਜੂਨ ਨੂੰ ਵੋਟਾਂ ਵਿੱਚ ਜਦੋਂ ਗਿਣੇ-ਚੁਣੇ ਦਿਨ ਰਹਿ ਗਏ ਹਨ ਤਾਂ ਉਨ੍ਹਾਂ ਚੋਣ ਦੰਗਲ ਵਿੱਚ ਧਮਾਕੇਦਾਰ ਐਂਟਰੀ ਮਾਰਦਿਆਂ ਬੀਜੇਪੀ ਦਾ ਖੁੱਲ੍ਹ ਕੇ ਪ੍ਰਚਾਰ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ।

ਮਲੂਕਾ ਇਨ੍ਹੀਂ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਕਰ ਰਹੇ ਹਨ ਜਿਸ ਨੂੰ ਵੇਖਦਿਆਂ ਅਕਾਲੀ ਲੀਡਰ ਹੈਰਾਨ-ਪ੍ਰੇਸ਼ਾਨ ਹੋ ਰਹੇ ਹਨ। ਮਲੂਕਾ ਪਰਿਵਾਰ ਦੇ ਇਸ ਤਰੀਕੇ ਬੀਜੇਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਨਾਲ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਝਟਕਾ ਲੱਗਣ ਦੇ ਆਸਾਰ ਮੰਨੇ ਜਾ ਰਹੇ ਹਨ।

ਯਾਦ ਰਹੇ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ। ਜਦੋਂ ਲੰਘੀ 9 ਅਪਰੈਲ ਨੂੰ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਬੀਜੇਪੀ ਵਿੱਚ ਸ਼ਾਮਲ ਹੋਏ ਤਾਂ ਉਸ ਤੋਂ ਬਾਅਦ ਉਨ੍ਹਾਂ ਅਕਾਲੀ ਦਲ ਵੱਲੋਂ ਚੋਣ ਮੁਹਿੰਮ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰ ਰਹੇ ਸਨ ਪਰ ਬਾਅਦ ਵਿੱਚ ਉਨ੍ਹਾਂ ਨਾ ਤਾਂ ਅਕਾਲੀ ਦਲ ਤੇ ਨਾ ਹੀ ਬੀਜੇਪੀ ਲਈ ਪ੍ਰਚਾਰ ਕੀਤਾ। ਹੁਣ ਅਚਾਨਕ ਬੀਜੇਪੀ ਦੇ ਸਮਰਥਨ ਵਿੱਚ ਸਰਗਰਮ ਹੋ ਗਏ ਹਨ।