ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਲੋਕ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤੇ ਹਨ। ਜਿੱਥੇ ਬਾਕੀ ਪਾਰਟੀਆਂ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਮੈਨੀਫੈਸਟੋ ਲਿਖ ਰਹੀਆਂ ਹਨ, ਉੱਥੇ ਬੀਜੇਪੀ ਤੇ ‘ਆਪ’ ਗਰੰਟੀਆਂ ਦੀ ਗੱਲ ਕਰਦੀਆਂ ਹਨ। ਬੀਜੇਪੀ ਦੇ ‘ਮੋਦੀ ਦੀ ਗਰੰਟੀ’ ਦੀ ਤਰਜ਼ ’ਤੇ ਆਮ ਆਦਮੀ ਪਾਰਟੀ ਨੇ ਵੀ ‘ਕੇਜਰੀਵਾਲ ਦੀਆਂ 10 ਗਰੰਟੀਆਂ’ ਜਾਰੀ ਕੀਤੀਆਂ ਹਨ। ਇਨ੍ਹਾਂ ਨੇ ਵੀ ਆਪਣੇ ਮੈਨੀਫੈਸਟੋ ਦਾ ਨਾਂ ‘ਕੇਜਰੀਵਾਲ ਕੀ 10 ਗਰੰਟੀ’ (Kejriwal Ki 10 Guarantee) ਰੱਖਿਆ ਹੈ। ਇਸ ਖ਼ਾਸ ਲੇਖ ਵਿੱਚ ਅਸੀਂ ਦੇਸ਼ ਨੂੰ ਕੇਜਰੀਵਾਲ ਦੀਆਂ 10 ਗਰੰਟੀਆਂ ਬਾਰੇ ਜਾਣਾਂਗੇ।
ਆਮ ਆਦਮੀ ਪਾਰਟੀ ਨੇ 2 ਹਫ਼ਤੇ ਪਹਿਲਾਂ 12 ਮਈ ਨੂੰ ਆਪਣਾ ਚੋਣ ਮੈਨੀਫੈਸਟੋ 2024 ‘ਕੇਜਰੀਵਾਲ ਦੀਆਂ 10 ਗਰੰਟੀਆਂ’ ਜਾਰੀ ਕੀਤਾ ਸੀ। ਜਿਵੇਂ ਬਾਕੀ ਪਾਰਟੀਆਂ ਨੇ ਬਹੁਤ ਸਾਰੇ ਪੇਜਾਂ ਦੇ ਬੁਕਲੈੱਟਸ ਵਿੱਚ ਆਪਣੇ ਮੈਨੀਫੈਸਟੋ ਜਾਰੀ ਕੀਤੇ ਹਨ, ਉਸ ਦੇ ਉਲਟ ਆਮ-ਆਦਮੀ ਪਾਰਟੀ ਦੇ ਇੱਕ ਪੋਸਟਰ ਦੇ ਰੂਪ ਵਿੱਚ ਆਪਣੀਆਂ ਗਰੰਟੀਆਂ ਜਾਰੀ ਕੀਤੀਆਂ ਹਨ।
ਇਹ ਹਿੰਦੀ ਭਾਸ਼ਾ ਵਿੱਚ ਜਾਰੀ ਕੀਤਾ ਗਿਆ ਹੈ। ਇਸ ਦੇ ਵਿੱਚ ਸਭ ਚੋਂ ਉੱਪਰ ਇਸ ਦਾ ਨਾਂ ‘ਕੇਜਰੀਵਾਲ ਕੀ 10 ਗਰੰਟੀ’ ਲਿਖਿਆ ਹੋਇਆ। ਉੱਪਰ ਸੱਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਹੈ। ਹੇਠਾਂ 10 ਗਰੰਟੀਆਂ ਲਿਖੀਆਂ ਹਨ। ਫਿਰ ਪਾਰਟੀ ਨੇ ਆਪਣਾ ਚੋਣ ਨਿਸ਼ਾਨ ਦਿਖਾਇਆ ਹੈ। ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ ਸਾਧਾਰਨ ਡਿਜ਼ਾਈਨ ਵਿੱਚ ਪਾਰਟੀ ਦੇ ਨਿਸ਼ਾਨਿਆਂ ਦੀ ਬਹੁਤ ਸਿੱਧੀ ਤੇ ਸਪਸ਼ਟ ਤਸਵੀਰ ਪੇਸ਼ ਕਰਦਾ ਹੈ।
10 ਗਰੰਟੀਆਂ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਜੋ ਉਹ ਦੇਸ਼ ਨੂੰ 10 ਗਰੰਟੀਆਂ ਦੇ ਰਹੇ ਹਨ, ਇਹ ਕਿਸੇ ਵੀ ਕੌਮ ਲਈ ਮੁੱਢਲੇ ਕੰਮ ਹਨ, ਜੋ ਉਸ ਦੀ ਨੀਂਹ ਰੱਖਣ ਵਿੱਚ ਸਹਾਈ ਹੁੰਦੇ ਹਨ। ਇਸ ਤੋਂ ਬਿਨਾਂ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ। ਇਹ ਕੰਮ ਅਗਲੇ 5 ਸਾਲਾਂ ਵਿੱਚ ਜੰਗੀ ਪੱਧਰ ’ਤੇ ਮੁਕੰਮਲ ਕਰ ਲਿਆ ਜਾਵੇਗਾ। ਇਸ ਵਿੱਚ ਅਜਿਹੀਆਂ ਗਾਰੰਟੀਆਂ ਵੀ ਹਨ ਜੋ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਛੁਟਕਾਰਾ ਦਿਵਾ ਕੇ ਰਾਹਤ ਪ੍ਰਦਾਨ ਕਰਨਗੀਆਂ।
ਇਸ ਨੂੰ ਲੈ ਕੇ ਕੇਜਰੀਵਾਲ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਹੋਇਆਂ ਕਹਿੰਦੇ ਹਨ ਕਿ ਪੀਐਮ ਨਰੇਂਦਰ ਮੋਦੀ ਜੀ ਦੀਆਂ ਗਰੰਟੀਆਂ ਕਦੇ ਪੂਰੀਆਂ ਨਹੀਂ ਹੁੰਦੀਆਂ, ਭਾਵੇਂ ਉਹ ਹਰੇਕ ਵਿਅਕਤੀ ਦੇ ਖ਼ਾਤੇ ਵਿੱਚ 15 ਲੱਖ ਰੁਪਏ ਭੇਜਣ ਦੀ ਗਰੰਟੀ ਹੋਵੇ ਜਾਂ ਦੇਸ਼ ਦੇ ਨੌਜਵਾਨਾਂ ਲਈ ਹਰ ਸਾਲ 2 ਕਰੋੜ ਰੁਜ਼ਗਾਰ ਤਿਆਰ ਕਰਨ ਦੀ, ਇਸ ਲਈ ਮੋਦੀ ਜੀ ਦੀਆਂ ਗਾਰੰਟੀਆਂ ਵਿਸ਼ਵਾਸ ਕਰਨ ਯੋਗ ਨਹੀਂ ਹਨ।
ਪਾਰਟੀ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਦੇਸ਼ ਵਿੱਚ ‘ਮੋਦੀ ਦੀ ਗਰੰਟੀ’ ਦੀ ਚਰਚਾ ਚੱਲ ਰਹੀ ਹੈ। ਇਸ ਲਈ ਹੁਣ ਦੇਸ਼ ਦੀ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਹ ਮੋਦੀ ਦੀ ਗਾਰੰਟੀ ਮੰਨਣਾ ਚਾਹੁੰਦੇ ਹਨ ਜਾਂ ਕੇਜਰੀਵਾਲ ਦੀ।
ਕੇਜਰੀਵਾਲ ਦੀਆਂ ਦੇਸ਼ ਨੂੰ 10 ਗਰੰਟੀਆਂ
1. 24 ਘੰਟੇ ਤੇ ਮੁਫ਼ਤ ਬਿਜਲੀ ਦੀ ਗਰੰਟੀ
ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ ਹੈ ਦੇਸ਼ ਦੇ ਅੰਦਰ 24 ਘੰਟੇ ਬਿਜਲੀ ਦਾ ਪ੍ਰਬੰਧ ਕਰਨਾ। ਪਾਰਟੀ ਦਾ ਕਹਿਣਾ ਹੈ ਕਿ ਦੇਸ਼ ਵਿੱਚ 3 ਲੱਖ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਗਰਮੀਆਂ ਦੌਰਾਨ ਦੇਸ਼ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 2 ਲੱਖ ਮੈਗਾਵਾਟ ਹੁੰਦੀ ਹੈ। ਅੱਜ ਦੇਸ਼ ਦੀ ਬਿਜਲੀ ਉਤਪਾਦਨ ਸਮਰੱਥਾ ਸਿਖਰ ਦੀ ਮੰਗ ਨਾਲੋਂ ਕਿਤੇ ਵੱਧ ਹੈ। ਫਿਰ ਵੀ ਬਿਜਲੀ ਦੇ ਕੱਟ ਲੱਗ ਰਹੇ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਪ੍ਰਬੰਧ ਮਾੜੇ ਹਨ।
ਪਾਰਟੀ ਦਾ ਮੰਨਣਾ ਹੈ ਕਿ ਪਹਿਲਾਂ ਦਿੱਲੀ ਅਤੇ ਪੰਜਾਬ ਵਿੱਚ ਵੀ ਇਹੋ ਸਥਿਤੀ ਸੀ। ਬਿਜਲੀ ਤਾਂ ਸੀ, ਪਰ ਪ੍ਰਬੰਧ ਮਾੜੇ ਸਨ। ਅਸੀਂ ਪ੍ਰਬੰਧ ਠੀਕ ਕਰਕੇ ਦਿੱਲੀ ਅਤੇ ਪੰਜਾਬ ਵਿੱਚ 24 ਘੰਟੇ ਬਿਜਲੀ ਦਾ ਪ੍ਰਬੰਧ ਕੀਤਾ। ਅਸੀਂ ਦੇਸ਼ ਵਿੱਚ ਵੀ ਅਜਿਹਾ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਇਸ ਵਿੱਚ ਤਜਰਬਾ ਹੈ। ਦੇਸ਼ ਦੇ ਗਰੀਬ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ।
ਪਾਰਟੀ ਦੇ ਅੰਦਾਜ਼ੇ ਮੁਤਾਬਕ ਇਸ ਗਰੰਟੀ ਨੂੰ ਪੂਰਾ ਕਰਨ ’ਤੇ 1.15 ਲੱਖ ਕਰੋੜ ਰੁਪਏ ਖ਼ਰਚ ਹੋਣਗੇ ਤੇ ਪਾਰਟੀ 1.15 ਲੱਖ ਕਰੋੜ ਰੁਪਏ ਦਾ ਪ੍ਰਬੰਧ ਕਰਾਂਗੇ। ਇਸ ਦੇ ਤਹਿਤ ਪੂਰੇ ਦੇਸ਼ ਦੇ ਗਰੀਬਾਂ ਨੂੰ 200 ਯੂਨਿਟ ਤੱਕ ਮੁਫ਼ਤ ਬਿਜਲੀ ਮਿਲ ਸਕਦੀ ਹੈ।
2. ਸਿੱਖਿਆ ਦੀ ਗਰੰਟੀ
ਪਾਰਟੀ ਨੇ ਆਪਣੀ ਅਧਿਕਾਰਿਤ ਵੈਬਸਾਈਟ ’ਤੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ਦੇ 10 ਲੱਖ ਸਰਕਾਰੀ ਸਕੂਲਾਂ ਵਿੱਚ 18 ਕਰੋੜ ਬੱਚੇ ਪੜ੍ਹਦੇ ਹਨ, ਜਿਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ। ਅਸੀਂ ਦਿੱਲੀ ਤੇ ਪੰਜਾਬ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਹੈ। ਹੁਣ ਅਸੀਂ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਵਾਂਗੇ। ਅਸੀਂ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਵਾਂਗੇ, ਜਿੱਥੇ ਇਸ ਦੇਸ਼ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਵਧੀਆ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।
ਪਾਰਟੀ ਗਰੰਟੀ ਦੇ ਰਹੀ ਹੈ ਕਿ ਦੇਸ਼ ਦੇ ਕੋਨੇ-ਕੋਨੇ ਦੇ ਹਰ ਪਿੰਡ ਵਿੱਚ ਅਜਿਹੀ ਵਧੀਆ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਦਿੱਲੀ ਅਤੇ ਪੰਜਾਬ ਵਿੱਚ ਅਜਿਹਾ ਕੀਤਾ ਗਿਆ ਹੈ। ਪਾਰਟੀ ਦਾਅਵਾ ਕਰ ਰੀਹ ਹੈ ਕਿ ਅਸੀਂ ਜਾਣਦੇ ਹਾਂ ਕਿ ਇਹ ਕਿਵੇਂ ਕਰਨਾ ਹੈ ਅਤੇ ਸਾਡੇ ਕੋਲ ਇਹ ਕਰਨ ਦਾ ਇਰਾਦਾ ਹੈ।
ਆਮ ਆਦਮੀ ਪਾਰਟੀ ਮੁਤਾਬਕ ਇਸ ਗਰੰਟੀ ਨੂੰ ਪੂਰਾ ਕਰਨ ਲਈ 5 ਲੱਖ ਕਰੋੜ ਰੁਪਏ ਲੱਗਣਗੇ। ਜਿਸ ਵਿੱਚ 2.5 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਅਤੇ 2.5 ਲੱਖ ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਦਿੱਤੇ ਜਾਣਗੇ। ਇਸ ਨਾਲ ਕੇਂਦਰ ਸਰਕਾਰ ਨੂੰ ਹਰ ਸਾਲ 50 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ।
3. ਹਰੇਕ ਨਾਗਰਿਕ ਨੂੰ ਸਿਹਤ ਦੀ ਗਰੰਟੀ
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਹਰੇਕ ਨਾਗਰਿਕ ਲਈ ਚੰਗੇ ਇਲਾਜ ਦਾ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ਨੇ ਲੁੱਟ ਮਚਾਈ ਹੋਈ ਹੈ। ਇਸ ਲਈ ਪਾਰਟੀ ਦੇਸ਼ ਦੇ ਹਰ ਕੋਨੇ, ਹਰ ਪਿੰਡ ਅਤੇ ਸ਼ਹਿਰ ਵਿੱਚ ਮੁਹੱਲਾ ਕਲੀਨਿਕ ਖੋਲ੍ਹੇਗੀ। ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਮਲਟੀ-ਸਪੈਸ਼ਲਿਟੀ ਬਣਾ ਕੇ ਪ੍ਰਾਈਵੇਟ ਹਸਪਤਾਲਾਂ ਦੀ ਤਰਜ਼ ‘ਤੇ ਵਿਸ਼ਵ ਪੱਧਰੀ ਬਣਾਇਆ ਜਾਵੇਗਾ ਅਤੇ ਦੇਸ਼ ਵਿੱਚ ਪੈਦਾ ਹੋਣ ਵਾਲੇ ਹਰੇਕ ਵਿਅਕਤੀ ਦਾ ਪੂਰਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਹ ਬੀਮੇ ਦੇ ਆਧਾਰ ’ਤੇ ਨਹੀਂ ਹੋਵੇਗਾ।
ਕੇਜਰੀਵਾਲ ਨੇ ਇਲਜ਼ਾਮ ਲਾਇਆ ਹੈ ਕਿ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਬੀਮਾ ਕੰਪਨੀ ਦੇ ਸਹਿਯੋਗ ਨਾਲ ਬਣਾਈਆਂ ਗਈਆਂ ਸਾਰੀਆਂ ਬੀਮਾ ਆਧਾਰ ਆਧਾਰਿਤ ਯੋਜਨਾਵਾਂ ਵਿੱਚ ਵੱਡਾ ਘਪਲਾ ਹੋਇਆ ਹੈ। ਅਸੀਂ ਦੇਸ਼ ਦੇ ਹਰ ਕੋਨੇ ਵਿੱਚ ਪਿੰਡਾਂ ਦੇ ਅੰਦਰ ਸਿਹਤ ਬੁਨਿਆਦੀ ਢਾਂਚਾ ਤਿਆਰ ਕਰਾਂਗੇ। ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾਏ ਜਾਣਗੇ ਤਾਂ ਜੋ ਲੋਕ ਉੱਥੇ ਜਾ ਕੇ ਆਪਣਾ ਇਲਾਜ ਕਰਵਾ ਸਕਣ। ਹਰ ਕਿਸੇ ਦਾ ਇਲਾਜ ਮੁਫਤ ਹੋਵੇਗਾ, ਚਾਹੇ ਉਹ ਅਮੀਰ ਹੋਵੇ ਜਾਂ ਗਰੀਬ।
ਕੇਜਰੀਵਾਲ ਦੀ ਇਸ ਗਰੰਟੀ ’ਤੇ ਵੀ 5 ਲੱਖ ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵਿੱਚ 2.5 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਅਤੇ ਬਾਕੀ 2.5 ਲੱਖ ਕਰੋੜ ਰੁਪਏ ਰਾਜ ਸਰਕਾਰ ਵੱਲੋਂ ਦਿੱਤੇ ਜਾਣਗੇ। 5 ਸਾਲਾਂ ਦੇ ਅੰਦਰ 5 ਲੱਖ ਕਰੋੜ ਰੁਪਏ ਯਾਨੀ 50-50 ਹਜ਼ਾਰ ਕਰੋੜ ਰੁਪਏ ਹਰ ਸਾਲ ਖ਼ਰਚ ਕੀਤੇ ਜਾਣਗੇ।
4. ਚੀਨ ਕੋਲੋਂ ਦੇਸ਼ ਦੀ ਜ਼ਮੀਨ ਵਾਪਸ ਲੈਣ ਦੀ ਗਰੰਟੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੌਥੀ ਗਾਰੰਟੀ ਦੇਸ਼ ਨੂੰ ਲੈ ਕੇ ਹੈ – ‘ਰਾਸ਼ਟਰ ਸਰਵੋਪਰੀ।’ ਇਸ ਵਿੱਚ ਗਰੰਟੀ ਦਿੱਤੀ ਗਈ ਹੈ ਕਿ ਦੇਸ਼ ਦੀ ਸਾਰੀ ਜ਼ਮੀਨ ਨੂੰ ਚੀਨ ਗੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਜਾਵੇਗਾ। ਇਸ ਦੇ ਲਈ ਇੱਕ ਪਾਸੇ ਕੂਟਨੀਤਕ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਦੂਜੇ ਪਾਸੇ ਫੌਜ ਨੂੰ ਇਸ ਸਬੰਧ ਵਿੱਚ ਜੋ ਵੀ ਕਦਮ ਚੁੱਕਣਾ ਚਾਹੇ, ਚੁੱਕਣ ਦੀ ਪੂਰੀ ਆਜ਼ਾਦੀ ਦਿੱਤੀ ਜਾਵੇਗੀ। ਅੱਜ ਜਿਸ ਤਰ੍ਹਾਂ ਫੌਜ ਨੂੰ ਰੋਕਿਆ ਜਾ ਰਿਹਾ ਹੈ, ਉਸ ਨੂੰ ਨਹੀਂ ਰੋਕਿਆ ਜਾਵੇਗਾ।
ਮੋਦੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਪਾਰਟੀ ਨੇ ਕਿਹਾ ਹੈ ਕਿ ਚੀਨ ਨੇ ਸਾਡੇ ਦੇਸ਼ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਪਰ ਜਦੋਂ ਵੀ ਕੇਂਦਰ ਸਰਕਾਰ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਹਮੇਸ਼ਾ ਇਸ ਗੱਲ ਤੋਂ ਇਨਕਾਰ ਕਰਦੀ ਹੈ, ਜਦਕਿ ਪੂਰੀ ਦੁਨੀਆ ਜਾਣਦੀ ਹੈ। ਇਹ ਸੈਟੇਲਾਈਟ ਦਾ ਯੁੱਗ ਹੈ, ਹਰ ਕਿਸੇ ਦੀਆਂ ਤਸਵੀਰਾਂ ਹਨ ਕਿ ਕਿਵੇਂ ਚੀਨ ਨੇ ਭਾਰਤ ਦੇ ਅੰਦਰ ਦਾਖ਼ਲ ਹੋ ਕੇ ਸਾਡੀ ਜ਼ਮੀਨ ‘ਤੇ ਕਬਜ਼ਾ ਕੀਤਾ।
5. ਦੇਸ਼ ਦੇ ਜਵਾਨਾਂ ਲਈ ਗਰੰਟੀ
ਆਮ ਆਦਮੀ ਪਾਰਟੀ ਨੇ ਗਰੰਟੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਅਗਨੀਵੀਰ ਸਕੀਮ ਬੰਦ ਕਰ ਦਿੱਤੀ ਜਾਵੇਗੀ। ਹੁਣ ਤੱਕ ਜਿਹੜੇ ਜਿਹੜੇ ਨੌਜਵਾਨ ਅਗਨੀਵੀਰ ਸਕੀਮ ਦੇ ਤਹਿਤ ਫੌਜ ਵਿੱਚ ਭਰਤੀ ਹੋਏ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ। ਫੌਜ ਦੇ ਅੰਦਰ ਇਹ ਠੇਕੇਦਾਰੀ ਯਾਨੀ ਕਿ ਅਗਨੀਵੀਰ ਦੀ ਇਹ ਕੱਚੀ ਨੌਕਰੀ ਬੰਦ ਕਰ ਦਿੱਤੀ ਜਾਵੇਗੀ ਅਤੇ ਬੱਚਿਆਂ ਨੂੰ ਦੁਬਾਰਾ ਪੱਕੀ ਨੌਕਰੀ ’ਤੇ ਲਿਆ ਜਾਵੇਗਾ। ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ।
6. ਦੇਸ਼ ਦੇ ਕਿਸਾਨਾਂ ਲਈ ਗਰੰਟੀ
ਦੇਸ਼ ਦੇ ਕਿਸਾਨਾਂ ਨੂੰ ਛੇਵੀਂ ਗਾਰੰਟੀ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਸਨਮਾਨਜਨਕ ਜੀਵਨ ਦਿੱਤਾ ਜਾ ਸਕਦਾ ਹੋ, ਜੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਦਿੱਤਾ ਜਾਵੇ। ਕਿਸਾਨ ਮੀਂਹ ਤੇ ਧੁੱਪ ਵਿੱਚ ਸਖ਼ਤ ਮਿਹਨਤ ਕਰਕੇ ਆਪਣੀ ਫ਼ਸਲ ਉਗਾਉਂਦਾ ਹੈ ਪਰ ਉਸ ਨੂੰ ਆਪਣੀ ਫ਼ਸਲ ਦਾ ਪੂਰਾ ਭਾਅ ਨਹੀਂ ਮਿਲਦਾ।
ਇਸ ਲਈ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਗਰੰਟੀ ਦਿੰਦੀ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇ ਆਧਾਰ ’ਤੇ ਸਾਰੀਆਂ ਫ਼ਸਲਾਂ ਦਾ ਪੂਰਾ ਭਾਅ ਦਿੱਤਾ ਜਾਵੇਗਾ।
7. ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਗਰੰਟੀ
ਆਮ ਆਦਮੀ ਪਾਰਟੀ ਨੇ ਸੱਤਵੀਂ ਗਰੰਟੀ ਦਿੱਤੀ ਹੈ ਕਿ ਦੇ ਲੋਕ ਸਭਾ ਚੋਣਾਂ 2024 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਦੇ ਸ਼ਾਸਨ ਵਿੱਚ ਦੇਸ਼ ਦੀ ਰਾਜਧਾਨੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਇਆ ਜਾਵੇਗਾ।
8. ਬੇਰੁਜ਼ਗਾਰੀ ਖ਼ਤਮ ਕਰਨ ਦੀ ਗਰੰਟੀ
‘ਆਪ’ ਨੇ ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ ਦੀ ਗਰੰਟੀ ਦਿੱਤੀ ਹੈ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਸ ਸਬੰਧੀ ਪੂਰੀ ਵਿਉਂਤਬੰਦੀ ਕੀਤੀ ਹੈ। ਆਪ ਦੇ ਸਾਰੇ ਮੰਤਰੀਆਂ ਅਤੇ ਟੀਮ ਨੇ ਇਕੱਠੇ ਬੈਠ ਕੇ ਫੈਸਲਾ ਕੀਤਾ ਹੈ ਕਿ ਇੱਕ ਸਾਲ ਦੇ ਅੰਦਰ 2 ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਤਾਂ ਜੋ ਨੌਜਵਾਨਾਂ ਨੂੰ ਬੇਰੁਜ਼ਗਾਰੀ ਤੋਂ ਮੁਕਤ ਕੀਤਾ ਜਾ ਸਕੇ। ਇਹ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਰੁਜ਼ਗਾਰ ਹੋਵੇਗਾ।
9. ਭ੍ਰਿਸ਼ਟਾਚਾਰ ਮੁਕਤ ਦੇਸ਼ ਦੀ ਗਰੰਟੀ
‘ਆਪ’ ਨੇ ਆਪਣੀ 8ਵੀਂ ਗਰੰਟੀ ਵਿੱਚ ਦਾਅਵਾ ਕੀਤਾ ਹੈ ਕਿ ਭਾਜਪਾ ਦੀ ‘ਵਾਸ਼ਿੰਗ ਮਸ਼ੀਨ’ ਚੌਰਾਹੇ ’ਤੇ ਖੜ੍ਹੀ ਕਰਕੇ ਤੋੜੀ ਜਾਵੇਗੀ ਜੋ ਇਸ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਕਾਰਨ ਹੈ। ਇਮਾਨਦਾਰ ਲੋਕਾਂ ਨੂੰ ਜੇਲ੍ਹ ਭੇਜਣ ਤੇ ਬੇਈਮਾਨਾਂ ਨੂੰ ਸੁਰੱਖਿਆ ਦੇਣ ਦੀ ਮੌਜੂਦਾ ਵਿਵਸਥਾ ਨੂੰ ਖ਼ਤਮ ਕੀਤਾ ਜਾਵੇਗਾ।
10. ਵਪਾਰ ਦੀ ਗਰੰਟੀ
ਆਪ ਦੀ ਅਖ਼ੀਰਲੀ ਗਰੰਟੀ ਕਹਿੰਦੀ ਹੈ ਕਿ GST ਨੂੰ PMLA ਤੋਂ ਬਾਹਰ ਕਰ ਕੇ ਸਰਲ ਕੀਤਾ ਜਾਵੇਗਾ। ਸਾਰੀਆਂ ਪ੍ਰਸ਼ਾਸਨਿਕ ਅਤੇ ਕਾਨੂੰਨੀ ਪ੍ਰਣਾਲੀਆਂ ਨੂੰ ਵੀ ਸਰਲ ਬਣਾਇਆ ਜਾਵੇਗਾ। ਅਜਿਹਾ ਸਿਸਟਮ ਬਣਾਇਆ ਜਾਵੇਗਾ ਕਿ ਜੇ ਕੋਈ ਇਸ ਦੇਸ਼ ਵਿੱਚ ਸਹੀ ਢੰਗ ਨਾਲ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਉਹ ਕਾਰੋਬਾਰ ਕਰ ਸਕੇਗਾ ਅਤੇ ਉਦਯੋਗ ਖੋਲ੍ਹ ਸਕੇਗਾ। ਉਸ ਨੂੰ ਜ਼ਿਆਦਾ ਇਜਾਜ਼ਤ ਲੈਣ ਦੀ ਲੋੜ ਨਹੀਂ ਪਵੇਗੀ ਅਤੇ ਇਹ ਵੱਡੇ ਪੱਧਰ ’ਤੇ ਵਪਾਰ ਅਤੇ ਉਦਯੋਗ ਨੂੰ ਉਤਸ਼ਾਹਿਤ ਕਰੇਗਾ।
ਮੈਨੀਫੈਸਟੋ ਮੁਤਾਬਕ ‘ਆਪ’ ਦਾ ਟੀਚਾ ਚੀਨ ਨੂੰ ਪਿੱਛੇ ਛੱਡਣਾ ਹੈ, ਜੋ ਅੱਜ ਪੂਰੀ ਦੁਨੀਆ ਵਿੱਚ ਵਪਾਰ ਅਤੇ ਉਤਪਾਦਾਂ ਵਿੱਚ ਸਭ ਤੋਂ ਅੱਗੇ ਹੈ। ‘ਆਪ’ ਮੁਤਾਬਕ ਪਿਛਲੇ 8 ਤੋਂ 10 ਸਾਲਾਂ ਵਿੱਚ ਦੇਸ਼ ਦੇ 12 ਲੱਖ ਉੱਚ ਜਾਇਦਾਦ (High Networth) ਅਤੇ ਵੱਡੇ-ਵੱਡੇ ਅਮੀਰ ਲੋਕ ਇਸ ਦੇਸ਼ ਤੋਂ ਆਪਣਾ ਕਾਰੋਬਾਰ ਬੰਦ ਕਰਕੇ ਵਿਦੇਸ਼ ਚਲੇ ਗਏ, ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਔਰਤਾਂ ਲਈ ਕੇਜਰੀਵਾਲ ਨੇ ਨਹੀਂ ਦਿੱਤੀ ਕੋਈ ਗਰੰਟੀ
ਕੇਜਰੀਵਾਲ ਦੀਆਂ 10 ਗਰੰਟੀਆਂ ਵਿੱਚ ਔਰਤਾਂ ਨੂੰ ਥਾਂ ਨਹੀਂ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀ ਵੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ‘ਆਪ’ ਨੂੰ ਇਸ ਮੁੱਦੇ ’ਤੇ ਘੇਰ ਰਹੀਆਂ ਹਨ ਕਿ ਪਾਰਟੀ ਨੇ ਔਰਤਾਂ ਦੇ ਖ਼ਾਤੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਪਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤਕ ਇਸ ਦੀ ਇੱਕ ਵੀ ਕਿਸ਼ਤ ਔਰਤਾਂ ਦੇ ਖ਼ਾਤੇ ਵਿੱਚ ਨਹੀਂ ਪਹੁੰਚੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਪਾਰਟੀ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਉਂਞ ਵੀ ਪਾਰਟੀ ਨੇ ਇਸ ਬਾਰੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੈ।
ਬੀਤੇ ਕੱਲ੍ਹ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਚੈਲੰਜ ਕੀਤਾ ਹੈ ਕਿ ਉਹ ਔਰਤਾਂ ਦੇ ਖ਼ਾਤੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਪੈਸੇ ਭੇਜਣ ਵਾਲੇ ਪਾਰਟੀ ਦੇ ਵਾਅਦੇ ਬਾਰੇ ਜਵਾਬ ਦੇਣ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਦੀ ਗਿਣਤੀ ਲਗਭਗ 1 ਕਰੋੜ ਦੇ ਕਰੀਬ ਹੈ ਤੇ ਪਿਛਲੇ 24 ਮਹੀਨਿਆਂ ਦੇ ਕਾਰਜਕਾਲ ਵਿੱਚ ਔਰਤਾਂ ਦੇ ਬਣਦੇ ਪੈਸੇ ਉਨ੍ਹਾਂ ਦੇ ਖ਼ਾਤਿਆਂ ਵਿੱਚ ਕਦੋਂ ਰਲੀਜ਼ ਕੀਤੇ ਜਾਣਗੇ, ਇਸ ਦਾ ਜਵਾਬ ਭਗਵੰਤ ਮਾਨ ਦੇਣ, ਤਾਂ ਅਸੀਂ ਮੰਨਾਂਗੇ ਕਿ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਸੁਪਰੀਮੋ ਸਤਿਵਾਦੀ ਹਨ।
ਔਰਤਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਦੇਸ਼ ਦੇ ਮਜ਼ਦੂਰ ਵਰਗ ਤੇ ਹੋਰ ਕਾਮਿਆਂ ਬਾਰੇ ਵੀ ਕੋਈ ਐਲਾਨ ਜਾਂ ਗਰੰਟੀ ਨਹੀਂ ਦਿੱਤੀ ਹੈ। ਕੁੱਲ ਮਿਲਾ ਕੇ ‘ਕੇਜਰੀਵਾਲ ਦੀਆਂ 10 ਗਰੰਟੀਆਂ’ ਦੇਸ਼ ਦੇ ਮੁੱਖ ਮੁੱਦਿਆਂ ਦੁਆਲੇ ਘੁੰਮਦੀਆਂ ਹਨ।