ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ (14 ਮਈ, 2024) ਵਾਰਾਣਸੀ ਤੋਂ ਤੀਜੀ ਵਾਰ ਨਾਮਜ਼ਦਗੀ ਭਰ ਦਿੱਤੀ ਹੈ ਜਦਕਿ ਉਨ੍ਹਾਂ ਦੇ ਸਾਹਮਣੇ ਚੋਣ ਮੈਦਾਨ ਵਿੱਚ ਉੱਤਰੇ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ ਤਿੰਨ ਦਿਨ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇੱਕ ਫਾਰਮ ਨਹੀਂ ਮਿਲ ਸਕਿਆ। ਇਸ ’ਤੇ ਖਿਝੇ ਹੋਏ ਰੰਗੀਲਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਚੋਣ ਕਮਿਸ਼ਨ ਨੂੰ ਸਵਾਲ ਪੁੱਛੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਆਮ ਰੰਗੀਲਾ ਨੇ ਕਿਹਾ ਕਿ ਉਸ ਨੂੰ ਚੋਣ ਅਧਿਕਾਰੀਆਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ। ਰੰਗੀਲਾ ਨੇ ਆਪਣੇ ਐਕਸ ਹੈਂਡਲ ’ਤੇ ਲਿਖਿਆ ਹੈ ਕਿ ਉਹ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਹੈ ਕਿ ਉਸ ਨੂੰ ਨਾਮਜ਼ਦਗੀ ਤਾਂ ਭਰਨ ਦਿੱਤੀ ਜਾਵੇ, ਚਾਹੇ ਉਸ ਤੋਂ ਬਾਅਦ ਉਸ ਨੂੰ ਰੱਦ ਕਰ ਦਿੱਤਾ ਜਾਵੇ, ਪਰ ਉਸ ਕੋਲੋਂ ਉਸ ਦਾ ਅਧਿਕਾਰ ਕਿਉਂ ਖੋਹਿਆ ਜਾ ਰਿਹਾ ਹੈ?
ਸ਼ਿਆਮ ਰੰਗੀਲਾ ਨੇ ਅੱਜ ਸਵੇਰੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ, “ਇੱਥੇ ਸਾਨੂੰ ਨਾਮਜ਼ਦਗੀ ਨਹੀਂ ਭਰਨ ਦਿੱਤੀ ਜਾ ਰਹੀ। ਪ੍ਰਕਿਰਿਆ ਇੱਕੋ ਹੀ ਹੁੰਦੀ ਹੈ। ਪਰ ਇੱਥੇ ਵੱਖਰੀ-ਵੱਖਰੀ ਹੈ। ਕੱਲ੍ਹ ਜਦੋਂ ਕਾਂਗਰਸੀ ਉਮੀਦਵਾਰ ਅਜੈ ਰਾਏ ਆਏ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਅੰਦਰ ਜਾਣ ਦਿੱਤਾ ਗਿਆ ਪਰ ਮੈਨੂੰ ਫ਼ਾਰਮ ਵੀ ਨਹੀਂ ਦਿੱਤਾ ਜਾ ਰਿਹਾ। ਪੂਰੇ ਦੇਸ਼ ਨੇ ਇਹ ਦੇਖਿਆ ਹੈ ਅਤੇ ਜੋ ਮੈਂ (ਵਾਰਾਣਸੀ ਕਲੈਕਟੋਰੇਟ) ਦੇ ਅੰਦਰ ਦੇਖਿਆ ਹੈ ਕਿ ਉੱਥੇ ਕੀ ਹਾਲ ਸੀ। ਕੈਮਰੇ ਦੀ ਇਜਾਜ਼ਤ ਨਹੀਂ ਸੀ, ਨਹੀਂ ਤਾਂ ਮੈਂ ਉੱਥੇ ਦੀ ਹਾਲਤ ਦਿਖਾ ਦਿੰਦਾ।”
वाराणसी चुनाव आयोग कार्यालय
14 मई, सुबह 9:15 बजे लगभग पहुँच गये है,
कहीं से कोई जवाब नहीं आ रहा,
लेकिन नामांकन की उम्मीद अभी भी नहीं छोड़ी है हमने pic.twitter.com/MfirxtfNZk— Shyam Rangeela (@ShyamRangeela) May 14, 2024
ਸ਼ਿਆਮ ਰੰਗੀਲਾ ਨੇ ਐਕਸ ’ਤੇ ਵੀਡੀਓ ਸ਼ੇਅਰ ਕਰਕੇ ਕਿਹਾ- “ਮੈਂ ਨਾਮਜ਼ਦਗੀ ਲੈਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਨੂੰ ਰੋਂਦੇ ਦੇਖਿਆ ਹੈ। ਉਨ੍ਹਾਂ ਨੂੰ ਫ਼ਾਰਮ ਵੀ ਨਹੀਂ ਦਿੱਤੇ ਜਾ ਰਹੇ ਹਨ। ਅਧਿਕਾਰੀ ਸਾਨੂੰ ਮਾਮਲੇ ਨੂੰ ਸਮਝਣ ਲਈ ਕਹਿ ਰਹੇ ਹਨ ਅਤੇ ਅਸੀਂ ਸਮਝ ਰਹੇ ਹਾਂ ਕਿ ਸਾਨੂੰ ਫ਼ਾਰਮ ਕਿਉਂ ਨਹੀਂ ਦਿੱਤਾ ਜਾ ਰਿਹਾ।”
ਸ਼ਿਆਮ ਰੰਗੀਲਾ ਨੇ ਕਿਹਾ, “ਮੈਂ ਲੋਕਤੰਤਰ ਦਾ ਦਮ ਘੁੱਟਦੇ ਦੇਖ ਰਿਹਾ ਹਾਂ। ਪਹਿਲਾਂ ਉਹ (ਚੋਣ ਅਧਿਕਾਰੀ) ਪ੍ਰਸਤਾਵਕਾਂ ਦੀ ਮੰਗ ਕਰ ਰਹੇ ਸਨ।”
“ਮੈਂ ਅੱਜ ਸਾਰੀ ਪ੍ਰਕਿਰਿਆ ਪੂਰੀ ਕਰ ਲਈ। ਪਰ ਉਹ ਕਿਸੇ ਨੂੰ ਅੰਦਰ ਨਹੀਂ ਜਾਣ ਦੇ ਰਹੇ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਨੂੰ ਨਿਰਵਿਰੋਧ ਜਿਤਾਉਣ ਲਈ ਕੀਤਾ ਜਾ ਰਿਹਾ ਹੈ। ਮੈਂ ਕਿਹਾ ਕਿ ਮੈਂ ਪਰਚਾ ਵਾਪਸ ਨਹੀਂ ਲਵਾਂਗਾ, ਇਸੇ ਲਈ ਮੈਨੂੰ ਫ਼ਾਰਮ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।”