India

ਦਿੱਲੀ ਤੇ ਰਾਜਸਥਾਨ ‘ਚ ਲੱਗਿਆ ਲਾਕਡਾਊਨ, ਲੋਕ 3 ਮਈ ਤੱਕ ਘਰਾਂ ‘ਚ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਅੱਜ ਰਾਤ 10 ਵਜੇ ਤੋਂ ਅਗਲੇ 6 ਦਿਨਾਂ ਤੱਕ ਮੁਕੰਮਲ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਗਿਆ ਹੈ। 26 ਅਪ੍ਰੈਲ ਨੂੰ ਸਵੇਰੇ 5 ਵਜੇ ਤੱਕ ਇਹ ਲਾਕਡਾਊਨ ਜਾਰੀ ਰਹੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ-19 ਦੀ ਸਥਿਤੀ ‘ਤੇ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ।

ਇਸ ਦੌਰਾਨ ਸਾਰੇ ਨਿੱਜੀ ਦਫਤਰਾਂ ਦੇ ਕਰਮਚਾਰੀ ਘਰਾਂ ਤੋਂ ਹੀ ਕੰਮ ਕਰਨਗੇ। ਸਿਰਫ ਸਰਕਾਰੀ ਅਦਾਰੇ ਅਤੇ ਜ਼ਰੂਰੀ ਸੇਵਾਵਾਂ ਬਹਾਲ ਰਹਿਣਗੀਆਂ। ਦਿੱਲੀ ਵਿੱਚ ਪਬਲਿਕ ਟਰਾਂਸਪੋਰਟ ‘ਤੇ ਰੋਕ ਨਹੀਂ ਹੋਵੇਗੀ। ਮੈਟਰੋ ਅਤੇ ਬੱਸ ਸਰਵਿਸ ਵੀ ਜਾਰੀ ਰਹੇਗੀ। ਬੱਸਾਂ ਵਿੱਚ ਸਿਰਫ 50 ਫੀਸਦ ਸਵਾਰੀਆਂ ਹੀ ਬਿਠਾਈਆਂ ਜਾਣਗੀਆਂ। ਵਿਆਹ ਸਮਾਗਮਾਂ ਵਿੱਚ ਸਿਰਫ 50 ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜ਼ਾਜਤ ਹੈ। ਸਿਰਫ ਲਾਕਡਾਊਨ ਦੌਰਾਨ ਪਾਸ ਲੈਣ ਵਾਲੇ ਲੋਕਾਂ ਨੂੰ ਹੀ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਡਾਕਟਰਾਂ ਨੂੰ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਸਟੇਡੀਅਮਾਂ ਵਿੱਚ ਬਿਨਾ ਦਰਸ਼ਕਾਂ ਦੇ ਕਿਸੇ ਵੀ ਟੂਰਨਾਮੈਂਟ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਹੋਵੇਗੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਤਕਰੀਬਨ 23,500 ਮਾਮਲੇ ਸਾਹਮਣੇ ਆਏ ਹਨ। ਕਰੋਨਾ ਦੀ ਲਾਗ ਦੀ ਦਰ ਬਹੁਤ ਜ਼ਿਆਦਾ ਵਧੀ ਹੈ। ਦਿੱਲੀ ਦੇ ਹਸਪਤਾਲਾਂ ਵਿੱਚ ਬੈੱਡਾਂ ਦੀ ਭਾਰੀ ਘਾਟ ਹੈ। ਆਈਸੀਯੂ ਵਿੱਚ ਬੈੱਡ ਲਗਭਗ ਖਤਮ ਹੋ ਚੁੱਕੇ ਹਨ ਅਤੇ ਸਿਰਫ 100 ਤੋਂ ਘੱਟ ਆਈਸੀਯੂ ਬੈੱਡ ਬਚੇ ਹਨ। ਦਵਾਈਆਂ ਦੀ ਵੀ ਘਾਟ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਰਾਜਸਥਾਨ ਵਿੱਚ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ 15 ਦਿਨਾਂ ਲਈ ਮੁਕੰਮਲ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਰਾਜਸਥਾਨ ਵਿੱਚ 3 ਮਈ ਤੱਕ ਲਾਕਡਾਊਨ ਜਾਰੀ ਰਹੇਗਾ। ਇਸ ਦੌਰਾਨ ਬਾਜ਼ਾਰ ਅਤੇ ਸਿਨੇਮਾ ਬੰਦ ਰਹਿਣਗੇ। ਸਿਰਫ ਸਰਕਾਰੀ ਅਦਾਰੇ ਅਤੇ ਜ਼ਰੂਰੀ ਸੇਵਾਵਾਂ ਬਹਾਲ ਰਹਿਣਗੀਆਂ।