International

ਭਾਰਤੀ ਮੂਲ ਦੇ ਰਿਸ਼ੀ ਸੁਨਕ ਕਿਉਂ ਨਹੀਂ ਬਣ ਸਕੇ ਬਰਤਾਨੀਆ ਦੇ ਪ੍ਰਧਾਨ ਮੰਤਰੀ, ਲਿਜ਼ ਟ੍ਰਸ ਨੇ ਕਿਵੇਂ ਦਿੱਤੀ ਮਾਤ

‘ਦ ਖ਼ਾਲਸ ਬਿਊਰੋ :  ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਲਿਜ਼ ਟ੍ਰਸ ਹੋਣਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾਇਆ ਹੈ। ਲਿਜ਼ ਟ੍ਰਸ ਨੂੰ ਕੁੱਲ 81,326 ਵੋਟ ਮਿਲੇ ਹਨ ਜਦਕਿ ਰਿਸ਼ੀ ਸੁਨਕ ਨੂੰ 60,399 ਵੋਟ ਮਿਲੇ ਹਨ। ਇਸ ਚੋਣ ਵਿੱਚ ਕੁੱਲ 82.6% ਵੋਟਿੰਗ ਹੋਈ ਹੈ। ਸੱਤ ਸਾਲ ਦੀ ਉਮਰ ਵਿੱਚ ਲਿਜ਼ ਟ੍ਰਸ ਨੇ ਮਾਰਗ੍ਰੈਟ ਥੈਚਰ ਦੀ ਭੂਮਿਕਾ ਨਿਭਾਈ ਸੀ। ਇਹ ਸਕੂਲ ਵਿੱਚ ਬੱਚਿਆਂ ਨੂੰ ਸਿਖਾਉਣ ਵਾਸਤੇ ਚੋਣਾਂ ਬਾਰੇ ਇੱਕ ਪ੍ਰੋਗਰਾਮ ਸੀ। 1983 ਦੀਆਂ ਚੋਣਾਂ ਵਿੱਚ ਭਾਵੇਂ ਮਾਰਗ੍ਰੈਟ ਥੈਚਰ ਨੇ ਜਿੱਤ ਹਾਸਿਲ ਕੀਤੀ ਸੀ ਪਰ ਆਪਣੇ ਸਕੂਲ ਵਿੱਚ ਲਿਜ਼ ਉਨ੍ਹਾਂ ਦੀ ਭੂਮਿਕਾ ਵਿੱਚ ਨਹੀਂ ਜਿੱਤ ਸਕੇ।

ਬਹੁਤ ਸਾਲਾਂ ਬਾਅਦ ਉਸ ਘਟਨਾ ਨੂੰ ਯਾਦ ਕਰਦੇ ਹੋਏ ਲਿਜ਼ ਨੇ ਦੱਸਿਆ, “ਮੈਂ ਆਪਣੇ ਵੱਲੋਂ ਬਹੁਤ ਵਧੀਆ ਭਾਸ਼ਨ ਦਿੱਤਾ ਸੀ ਪਰ ਮੈਨੂੰ ਕੋਈ ਵੋਟ ਨਹੀਂ ਮਿਲੀ। ਮੈਂ ਵੀ ਆਪਣੇ ਆਪ ਨੂੰ ਵੋਟ ਨਹੀਂ ਕੀਤਾ ਸੀ।” 39 ਸਾਲਾਂ ਬਾਅਦ ਹੁਣ ਮੌਕਾ ਹੈ ਕਿ ਉਹ ਮਾਰਗ੍ਰੇਟ ਥੈਚਰ ਦੇ ਇਤਿਹਾਸ ਨੂੰ ਦੁਹਰਾਉਣ ਅਤੇ ਦੇਸ਼ ਦੇ ਪ੍ਰਧਾਨਮੰਤਰੀ ਬਣ ਜਾਣ। ਇਸ ਦੇ ਨਾਲ ਹੀ ਉਹ ਕੰਜ਼ਰਵੇਟਿਵ ਲੀਡਰ ਵੀ ਬਣ ਜਾਣਗੇ। ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੀਤੀ ਗਈ ਵੋਟਿੰਗ ਦੇ ਪੰਜ ਰਾਊਂਡ ਵਿੱਚ ਲਿਜ਼ ਆਪਣੇ ਵਿਰੋਧੀ ਰਿਸ਼ੀ ਸੂਨਕ ਤੋਂ ਅੱਗੇ ਰਹੇ ਹਨ। ਮਾਹਿਰਾਂ ਮੁਤਾਬਕ ਉਨ੍ਹਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਸਾਲਾਂ ਤੱਕ ਉਹ ਪਾਰਟੀ ਦੇ ਆਗੂਆਂ ਪ੍ਰਤੀ ਵਫ਼ਾਦਾਰ ਰਹੇ ਹਨ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੀ ਸ਼ਾਮਿਲ ਹਨ। ਲਿਜ਼ ਨੇ ਮਾੜੇ ਸਮੇਂ ਦੌਰਾਨ ਵੀ ਉਨ੍ਹਾਂ ਦਾ ਸਾਥ ਦਿੱਤਾ।