‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ ਅੱਜ ਸਾਰੇ ਦੇਸ਼ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨਾਂ, ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰਾਂ ਦੇ ਨੁਮਾਇੰਦਿਆਂ ਵੱਲੋਂ ਸਮਰਥਨ ਕੀਤਾ ਗਿਆ। ਕਿਸਾਨਾਂ ਵੱਲੋਂ ਇਹ ਚੱਕਾ ਜਾਮ ਸਵੇਰੇ 6 ਵਜੇ ਸ਼ੁਰੂ ਕੀਤਾ ਗਿਆ ਸੀ, ਜੋ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ, ਬਾਕੀ ਸਭ ਸੇਵਾਵਾਂ ਅੱਜ ਦੇ ਦਿਨ ਠੱਪ ਰਹੀਆਂ।

ਕਿਸਾਨਾਂ ਵੱਲੋਂ ਭਾਰਤ ਬੰਦ ਦੀਆਂ ਵੱਖ-ਵੱਖ ਥਾਂਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸੋਨੀਪਤ ਅਤੇ ਇਸਦੇ ਨਾਲ ਲੱਗਦੀਆਂ ਹੋਰ ਸੜਕਾਂ ‘ਤੇ ਕਿਸਾਨਾਂ ਨੇ ਜਾਮ ਕੀਤਾ।

ਪੂਰਬੀ ਦਿੱਲੀ ਦੇ ਮਾਨਸਰੋਵਰ ਪਾਰਕ ਮੈਟਰੋ ਸਟੇਸ਼ਨ ਦੇ ਨੇੜੇ ਜਨਰਲ ਹਸਪਤਾਲ ਮੋੜ, ਉੱਤਰੀ ਦਿੱਲੀ ਦੇ ਆਜ਼ਾਦਪੁਰ ਬੱਸ ਟਰਮੀਨਲ ਦੇ ਨਜ਼ਦੀਕ M2K ‘ਤੇ, ਪੱਛਮੀ ਦਿੱਲੀ ਦੇ ਬੀ-ਬਲਾਕ ਦੇ ਮੰਗੋਲ ਪੁਰੀ, ਦੱਖਣੀ ਦਿੱਲੀ ਦੇ ਕਾਲਕਾ ਜੀ. ਬੱਸ ਡਿਪੋ ‘ਤੇ ਕਿਸਾਨਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਸਮੇਤ ਹੋਰ ਬਹੁਤ ਸਾਰੇ ਸੰਗਠਨਾਂ ਵੱਲੋਂ ਭਾਰਤ ਬੰਦ ਕੀਤਾ ਗਿਆ।

ਨਵੀਂ ਦਿੱਲੀ ਵਿੱਚ ਮਾਇਆਪੁਰੀ ਇੰਡਸਟਰੀਅਲ ਏਰੀਆਂ ਸਮੇਤ ਦਿੱਲੀ ਦੇ ਕਈ ਹਿੱਸਿਆਂ ਵਿੱਚ ਕਿਸਾਨਾਂ ਦੇ ਸੱਦੇ ‘ਤੇ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ। ਆਂਧਰਾ ਪ੍ਰਦੇਸ਼ ਵਿੱਚ ਭਾਰਤ ਬੰਦ ਸਫਲਤਾਪੂਰਵਕ ਚੱਲ ਰਿਹਾ ਹੈ। ਭਾਜਪਾ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਭਾਰਤ ਬੰਦ ਵਿੱਚ ਹਿੱਸਾ ਲਿਆ। ਆਂਧਰਾ ਪ੍ਰਦੇਸ਼ ਦਾ ਕਾਕੀਨਾਡਾ ਸਮੁੰਦਰੀ ਬੰਦਰਗਾਹ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਕਾਰਨ ਬੰਦ ਕੀਤੀ ਗਈ।

ਮੁਹਾਲੀ ਦੇ 7 ਫੇਸ ਵਿੱਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਸਾਰੀਆਂ ਦੁਕਾਨਾਂ ਅਤੇ ਮਾਲ ਬੰਦ ਰਹੇ। ਸਾਰੇ ਲੋਕ ਆਪਣੇ-ਆਪਣੇ ਘਰਾਂ ਵਿੱਚ ਜਾਂ ਫਿਰ ਕਿਸਾਨਾਂ ਜਾ ਸਮਰਥਨ ਦੇਣ ਲਈ ਸੜਕਾਂ ‘ਤੇ ਉਤਰੇ ਹੋਏ ਸਨ।


ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਟਿਕਰੀ ਬਾਰਡਰ ਦੇ ਪਕੌੜਾ ਚੌਂਕ ‘ਚ ਸਵੇਰੇ 6 ਵਜੇ ਤੋਂ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ। ਪਕੌੜਾ ਚੌਂਕ ਨੂੰ ਜਾਮ ਕੀਤਾ ਗਿਆ। ਔਰਤਾਂ ਵੱਲੋਂ ਵੀ ਭਾਰਤ ਬੰਦ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਵੱਧ-ਚੜ ਕੇ ਇਸ ਵਿੱਚ ਹਿੱਸਾ ਲਿਆ ਗਿਆ।

ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈਕਾ ਦਾ ਪੂਰਾ ਬਾਜ਼ਾਰ ਕਿਸਾਨਾਂ ਅਤੇ ਲੋਕਾਂ ਵੱਲੋਂ ਬੰਦ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹਿਰ ਦੇ ਮੁੱਖ ਚੌਂਕ ਵਿੱਚ ਸਟੇਜ ਲਗਾਈ ਗਈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਕਾਲਾਝਾੜ ਟੋਲ ਪਲਾਜ਼ਾ ਨੂੰ ਵੀ ਸਵੇਰੇ 6 ਵਜੇ ਤੋਂ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ।


ਦਿੱਲੀ ਦੇ ਟਿਕਰੀ ਬਾਰਡਰ ਦੇ ਪਕੌੜਾ ਚੌਂਕ ‘ਚ ਹਰਿਆਣਾ ਦੇ ਪਾਈ ਪਿੰਡ, ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਰਾਚੋ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਲੋਕਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਸੜਕਾਂ ‘ਤੇ ਬੈਠੇ ਕਿਸਾਨਾਂ ਲਈ ਗਰਮਾ-ਗਰਮ ਚਾਹ ਅਤੇ ਬ੍ਰੈੱਡ ਪਕੌੜਿਆਂ ਦੀ ਸੇਵਾ ਕੀਤੀ ਗਈ। ਕਿਸਾਨਾਂ ਲਈ ਲੰਗਰ ਤਿਆਰ ਕੀਤਾ ਗਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਦਮਦਮਾ ਸਾਹਿਬ ਵਿਖੇ ਚੱਕਾ ਜਾਮ ਕੀਤਾ ਗਿਆ।

ਫਿਰੋਜ਼ਪੁਰ ਜ਼ਿਲ੍ਹੇ ਦੇ ਟੈਂਕਾਂ ਵਾਲੀ ਵਸਤੀ ਵਿੱਚ ਕਿਸਾਨਾਂ ਵੱਲੋਂ ਰੇਲ ਪਟੜੀਆਂ ‘ਤੇ ਬੈਠ ਕੇ ਭਾਰਤ ਬੰਦ ਦਾ ਸਮਰਥਨ ਦਿੱਤਾ ਗਿਆ। ਕਿਸਾਨਾਂ ਵੱਲੋਂ ਕਈ ਤਕਰੀਰਾਂ ਕੀਤੀਆਂ ਗਈਆਂ। ਔਰਤਾਂ ਨੇ ਵੀ ਪਟੜੀ ‘ਤੇ ਬੈਠ ਕੇ ਕਿਸਾਨਾਂ ਦਾ ਸਮਰਥਨ ਕੀਤਾ।

ਮਾਨਸਾ ਜ਼ਿਲ੍ਹੇ ਦੇ ਵਕੀਲਾਂ ਵੱਲੋਂ ਵੀ ਭਾਰਤ ਬੰਦ ਦੀ ਹਮਾਇਤ ਕੀਤੀ ਗਈ। ਵਕੀਲਾਂ ਨੇ ਆਪਣੇ ਹੱਥਾਂ ਵਿੱਚ ਕਿਸਾਨੀ ਝੰਡੇ ਫੜ ਕੇ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਟਰਾਂਸਪੋਰਟਰਾਂ ਵੱਲੋਂ ਵੀ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ। ਮਾਨਸਾ ਜ਼ਿਲ੍ਹੇ ਵਿੱਚ ਟਰਾਂਸਪੋਰਟਰਾਂ ਵੱਲੋਂ ਬੱਸ ਅੱਡੇ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਸਾਂ ‘ਤੇ ਖੇਤੀ ਕਾਨੂੰਨ ਰੱਦ ਕਰਨ ਦੇ ਪੋਸਟਰ ਲਗਾਏ ਗਏ।

ਮਾਨਸਾ ਜ਼ਿਲ੍ਹਾ ਮੁਕੰਮਲ ਬੰਦ ਕੀਤਾ ਗਿਆ। ਸਾਰੀਆਂ ਦੁਕਾਨਾਂ, ਕਾਰੋਬਾਰ, ਆਵਾਜਾਈ ਬੰਦ ਕੀਤੀ ਗਈ ਹੈ। ਮਾਨਸਾ ਵਿੱਚ ਹਰ ਵਰਗ ਵੱਲੋਂ ਭਾਰਤ ਬੰਦ ਨੂੰ ਭਾਰੀ ਸਮਰਥਨ ਦਿੱਤਾ ਗਿਆ।


ਮੁਹਾਲੀ ‘ਚ ਸੁਹਾਣਾ ਸਾਹਿਬ ਦੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਲੋਕਾਂ ਵੱਲੋਂ ਭਾਰਤ ਬੰਦ ਨੂੰ ਭਰਵਾਂ ਸਮਰਥਨ ਦਿੱਤਾ ਗਿਆ। ਕਿਸਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਟੈਂਟ ਲਾ ਕੇ ਚੱਕਾ ਜਾਮ ਕੀਤਾ ਗਿਆ। ਔਰਤਾਂ ਵੱਲੋਂ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਗਈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਨੰਗੇ ਧੜ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਜਾਮ ਕੀਤਾ। ਕਿਸਾਨਾਂ ਵੱਲੋਂ ਰੇਲ ਮਾਰਗ ਵੱਲ੍ਹਾ ਜਾਮ ਕੀਤਾ ਗਿਆ।

ਭਾਰਤ ਬੰਦ ਦੌਰਾਨ ਅੱਜ ਸਵੇਰੇ ਉੱਤਰ ਪ੍ਰਦੇਸ਼ ਵਿੱਚ ਯੂ.ਪੀ.ਕਿਸਾਨ ਸਭਾ ਦੇ ਮਹਾਂ ਮੰਤਰੀ ਮੁਕੁਟ ਸਿੰਘ ਨੂੰ ਇਟਾਵਾ ‘ਚ ਨਜ਼ਰਬੰਦ ਕੀਤੇ ਗਏ।

ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਲੋਕਾਂ ਵੱਲੋਂ ਟਰੈਕਟਰ-ਟਰਾਲੀਆਂ ਦੇ ਨਾਲ ਚੱਕਾ ਜਾਮ ਕੀਤਾ ਗਿਆ।

ਫਿਰੋਜ਼ਪੁਰ-ਜਲੰਧਰ ਰੇਲਵੇ ਟਰੈਕ ‘ਤੇ ਵੀ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਬੰਗਲੌਰ ਵਿੱਚ ਭਾਰਤ ਬੰਦ ਦਾ ਸਮਰਥਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਕਿਸਾਨਾਂ ਨੂੰ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ।

ਰਾਜਸਥਾਨ ਦੇ ਕੇਸਰੀ ਸਿੰਘ ਪੁਰ ਵਿੱਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਟਰਾਂਸਪੋਰਟਰਾਂ ਵੱਲੋਂ ਵੀ ਕਿਸਾਨਾਂ ਨੂੰ ਹਮਾਇਤ ਦਿੱਤੀ ਗਈ। ਰਾਜਸਥਾਨ ਦੇ ਕੇਸਰੀ ਸਿੰਘ ਪੁਰ ਵਿੱਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਟਰਾਂਸਪੋਰਟਰਾਂ ਵੱਲੋਂ ਵੀ ਕਿਸਾਨਾਂ ਨੂੰ ਹਮਾਇਤ ਦਿੱਤੀ ਗਈ।

ਰਾਜਸਥਾਨ ਦੇ ਕੇਸਰੀ ਸਿੰਘ ਪੁਰ ਵਿੱਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਟਰਾਂਸਪੋਰਟਰਾਂ ਵੱਲੋਂ ਵੀ ਕਿਸਾਨਾਂ ਨੂੰ ਹਮਾਇਤ ਦਿੱਤੀ ਗਈ।

ਚੰਡੀਗੜ੍ਹ ਦੇ ਸੈਕਟਰ 22 ਵਿੱਚ ਭਾਰਤ ਬੰਦ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ। ਦੁਕਾਨਾਂ ਆਮ ਵਾਂਗ ਹੀ ਖੁੱਲ੍ਹੀਆਂ ਹੋਈਆਂ ਹਨ ਅਤੇ ਲੋਕ ਵੀ ਆਮ ਵਾਂਗ ਆਪਣੇ ਘਰਾਂ ਵਿੱਚੋਂ ਨਿਕਲੇ ਹੋਏ ਸਨ। 22 ਸੈਕਟਰ ਵਿੱਚ ਰੇਹੜੀ ਵਾਲਿਆਂ ਵੱਲੋਂ ਵੀ ਭਾਰਤ ਬੰਦ ਦਾ ਸਮਰਥਨ ਨਹੀਂ ਦਿੱਤਾ ਗਿਆ, ਹਾਲਾਂਕਿ, ਕਿਸਾਨ ਲੀਡਰਾਂ ਨੇ ਸਾਰੇ ਦੁਕਾਨਦਾਰਾਂ, ਰੇਹੜੀ ਵਾਲਿਆਂ ਨੂੰ ਭਾਰਤ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਇੱਥੇ ਰੇਹੜੀ ਵਾਲਿਆਂ ਵੱਲੋਂ ਵੀ ਆਮ ਵਾਂਗ ਆਪਣੀ ਰੇਹੜੀ ਲਗਾਈ ਗਈ।

ਚੰਡੀਗੜ੍ਹ ਦੇ ਸੈਕਟਰ 17 ਵਿੱਚ ਵੀ ਬੰਦ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ। ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਹੋਈਆਂ ਸਨ, ਹਾਲਾਂਕਿ, ਇੱਥੇ ਲੋਕ ਇੰਨੇ ਜ਼ਿਆਦਾ ਦਿਖਾਈ ਨਹੀਂ ਦਿੱਤੇ। ਸਾਰੇ ਪਲਾਜ਼ਾ ਖੁੱਲ੍ਹੇ ਹੋਏ ਦਿਖਾਈ ਦਿੱਤੇ। ਇੱਥੇ ਬੱਸ ਸਟੈਂਡ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ, ਸਥਾਨਕ ਬੱਸਾਂ ਦੀ ਆਵਾਜਾਈ ਆਮ ਵਾਂਗ ਹੀ ਰਹੀ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵੀ ਬੰਦ ਰਹੀ।

ਮੁਰਾਦਾਬਾਦ ਦਿੱਲੀ ਬਾਈਪਾਸ ਰੋਡ ਮੋਡਾ ਤੇਹੱਈਆ ਪੁਆਇੰਟ ‘ਤੇ ਡਰ ਨੋ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਚੱਕਾ ਜਾਮ ਕੀਤਾ। ਕਰਨਾਟਕਾ ਦੇ ਮੈਸੂਰ ਵਿੱਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ ਅਤੇ ਲੋਕਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿੱਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਸੜਕਾਂ ‘ਤੇ ਪੂਰੀ ਤਰ੍ਹਾਂ ਚੁੱਪ ਪਸਰੀ ਹੋਈ ਸੀ।

ਉੱਤਰ ਪ੍ਰਦੇਸ਼ ਦੇ ਟੱਪਲ ਇੰਟਰ ਐਕਸਚੇਂਜ ਅਲੀਗੜ੍ਹ ਵਿੱਚ ਵੀ ਕਿਸਾਨਾਂ ਨੇ ਚੱਕਾ ਜਾਮ ਕਰਕੇ ਭਾਰਤ ਬੰਦ ਨੂੰ ਸਫਲ ਬਣਾਇਆ।