ਬਿਊਰੋ ਰਿਪੋਰਟ (ਚੰਡੀਗੜ੍ਹ, 24 ਨਵੰਬਰ 2025): ਚੰਡੀਗੜ੍ਹ: ਚੰਡੀਗੜ੍ਹ ਦੀ ਇੱਕ ਕਲੋਨੀ ਦੀ ਸੜਕ ’ਤੇ ਚਾਰ ਜ਼ਿੰਦਾ ਕਾਰਤੂਸ ਮਿਲਣ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ। ਕਾਲੋਨੀ ਦੇ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਇਹ ਕਾਰਤੂਸ ਇੱਕ ਨੌਜਵਾਨ ਅਤੇ ਯੁਵਤੀ ਵੱਲੋਂ ਕਾਲੋਨੀ ਵਿੱਚ ਹੰਗਾਮਾ ਕਰਨ ਤੋਂ ਬਾਅਦ ਡਿੱਗੇ ਹੋ ਸਕਦੇ ਹਨ।
ਕਲੋਨੀ ਵਾਸੀਆਂ ਅਨੁਸਾਰ, ਦੇਰ ਸ਼ਾਮ ਇੱਕ ਲੜਕਾ ਅਤੇ ਲੜਕੀ ਕਾਰ ਵਿੱਚ ਜ਼ਬਰਦਸਤੀ ਕਲੋਨੀ ਵਿੱਚ ਦਾਖ਼ਲ ਹੋਏ ਅਤੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਵਾਲੀ ਡਰਾਈਵਿੰਗ (ਡੈਂਜਰਸ ਡਰਾਈਵਿੰਗ) ਕਰਕੇ ਰੌਲ਼ਾ ਪਾ ਰਹੇ ਸਨ। ਲੋਕਾਂ ਨੇ ਦੱਸਿਆ ਕਿ ਦੋਵੇਂ ਨਸ਼ੇ ਦੀ ਹਾਲਤ ਵਿੱਚ ਲੱਗ ਰਹੇ ਸਨ ਅਤੇ ਡਰਾਈਵਿੰਗ ਕਰਕੇ ਲੋਕਾਂ ਨੂੰ ਡਰਾ ਰਹੇ ਸਨ। ਇਸ ਦੌਰਾਨ ਇੱਕ ਸਕੂਟਰ ਸਵਾਰ ਵਿਅਕਤੀ ਉਨ੍ਹਾਂ ਦੀ ਕਾਰ ਦੀ ਚਪੇਟ ਵਿੱਚ ਆਉਣ ਤੋਂ ਮਸਾਂ ਬਚਿਆ।
ਕਲੋਨੀ ਵਾਸੀਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਨੌਜਵਾਨਾਂ ਕੋਲ ਪਿਸਤੌਲ ਵੀ ਸੀ। ਇਸ ਘਟਨਾ ਦੇ ਅਗਲੇ ਦਿਨ ਸਵੇਰੇ ਸੜਕ ’ਤੇ ਇਹ ਕਾਰਤੂਸ ਮਿਲੇ।
ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਅਤੇ ਪੁੱਛਗਿੱਛ ਕੀਤੀ। ਪੁਲਿਸ ਨੇ ਡਰਾਈਵਿੰਗ ਕਰ ਰਹੇ ਨੌਜਵਾਨ ’ਤੇ ਡੈਂਜਰਸ ਡਰਾਈਵਿੰਗ (Dangerous Driving) ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਤੂਸਾਂ ਬਾਰੇ ਅਗਲੀ ਜਾਂਚ ਜਾਰੀ ਹੈ।

