ਪੰਜਾਬ ਸਰਕਾਰ ਨੇ ਪਦਮਸ਼੍ਰੀ ਕਵੀ ਤੇ ਸਾਹਿਤਕਾਰ ਡਾ: ਸੁਰਜੀਤ ਪਾਤਰ ਦੇ ਨਾਂ ‘ਤੇ ਨਵਾਂ ਸਾਹਿਤਕ ਪੁਰਸਕਾਰ ਸ਼ੁਰੂ ਕੀਤਾ ਹੈ। ਇਸ ਨੂੰ “ਡਾ. ਸੁਰਜੀਤ ਪਾਤਰ ਯੰਗ ਰਾਈਟਰ ਐਵਾਰਡ” ਦਾ ਨਾਂ ਦਿੱਤਾ ਗਿਆ ਹੈ। ਇਹ ਪੁਰਸਕਾਰ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਨੌਜਵਾਨ ਲੇਖਕਾਂ ਨੂੰ ਦਿੱਤਾ ਜਾਵੇਗਾ। ਇਸ ਸਨਮਾਨ ਤਹਿਤ ਇੱਕ ਲੱਖ ਰੁਪਏ ਨਕਦ ਅਤੇ ਯਾਦਗਾਰੀ ਚਿੰਨ੍ਹ ਦਿੱਤਾ ਜਾਵੇਗਾ।
CM ਭਗਵੰਤ ਮਾਨ ਨੇ ਡਾ. ਸੁਰਜੀਤ ਪਾਤਰ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਨਾਮ ‘ਤੇ ਨਵਾਂ ਸਾਹਿਤਕ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਐਪਲੀਕੇਸ਼ਨ ਪ੍ਰਕਿਰਿਆ ਅਤੇ ਸ਼ਰਤਾਂ ਦੀ ਗੱਲ ਕੀਤੀ ਜਾਵੇ ਤਾਂ ਅਰਜ਼ੀ ਦੀ ਆਖਰੀ ਮਿਤੀ 30 ਅਪ੍ਰੈਲ ਹੈ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿ ਰਿਹਾ ਜਾਂ ਪੜ੍ਹ ਰਿਹਾ ਕੋਈ ਵੀ ਵਿਦਿਆਰਥੀ ਅਪਲਾਈ ਕਰ ਸਕਦਾ ਹੈ।
ਜਿਸਦੀ ਉਮਰ 25 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਹ ਕਿਸੇ ਵੀ ਯੂਨੀਵਰਸਿਟੀ, ਕਾਲਜ ਜਾਂ ਸਕੂਲ ਦਾ ਵਿਦਿਆਰਥੀ ਹੋਣਾ ਲਾਜ਼ਮੀ ਹੈ। ਲੋੜੀਂਦੇ ਦਸਤਾਵੇਜ਼ ਦੀ ਸੂਚੀ ਅਨੁਸਾਰ ਮੁਕਾਬਲੇ ਵਿੱਚ ਭਾਗ ਲੈਣ ਲਈ ਸਾਲ 2024 ਵਿੱਚ ਪ੍ਰਕਾਸ਼ਿਤ ਹੋਈਆਂ ਚਾਰ ਕਿਤਾਬਾਂ ਨਾਲ ਅਪਲਾਈ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸਕੂਲ, ਕਾਲਜ ਜਾਂ ਯੂਨੀਵਰਸਿਟੀ ਨੂੰ ਕਿਤਾਬਾਂ ਦੀ ਮੌਲਿਕਤਾ ਦਾ ਪ੍ਰਮਾਣ ਪੱਤਰ ਦੇਣਾ ਹੋਵੇਗਾ। ਪੰਜਾਬ ਭਾਸ਼ਾ ਵਿਭਾਗ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਕਿਤਾਬ ਇਤਰਾਜ਼ਯੋਗ ਨਾ ਹੋਵੇ।
ਜਿਕਰੇਖਾਸ ਹੈ ਕਿ ਡਾ. ਸੁਰਜੀਤ ਪਾਤਰ ਦਾ 11 ਮਈ 2024 ਨੂੰ 79 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਹਰ ਸਾਲ ਸੁਰਜੀਤ ਪਾਤਰ ਦੇ ਨਾਂ ‘ਤੇ ਪਾਤਰ ਐਵਾਰਡ ਦਿੱਤਾ ਜਾਵੇਗਾ।