‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਲ ਵਿੱਚ ਕਿਸਾਨਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ ਕਰਨਾਲ ਦੇ ਐੱਸਡੀਐੱਮ ਆਯੂਸ਼ ਸਿਨਹਾ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਪੱਥਰਬਾਜ਼ੀ ਕੀਤੀ ਸੀ ਅਤੇ ਪੁਲਿਸ ਨੂੰ ਸਿਰਫ਼ ਬਚਾਅ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਸਨ। ਸਿਨਹਾ ਨੇ ਕਿਹਾ ਕਿ ਹਾਲੇ ਤੱਕ ਮੈਂ ਆਪਣੀ ਵੀਡੀਓ ਨਹੀਂ ਵੇਖੀ ਜੋ ਵਾਇਰਲ ਹੋਈ ਹੈ ਅਤੇ ਮੈਂ ਉਸਨੂੰ ਚੈੱਕ ਕਰਕੇ ਕੁਮੈਂਟ ਕਰਾਂਗਾ। ਹਾਲਾਂਕਿ, ਵਾਇਰਲ ਹੋਈ ਵੀਡੀਓ ਵਿੱਚ ਸਾਫ਼ ਦਿਖ ਰਿਹਾ ਸੀ ਕਿ ਐੱਸਡੀਐੱਮ ਵੱਲੋਂ ਪੁਲਿਸ ਦੇ ਜਵਾਨਾਂ ਨੂੰ ਸਾਫ਼-ਸਾਫ਼ ਕਿਹਾ ਜਾ ਰਿਹਾ ਸੀ ਕਿ ਉਹ ਕਿਸਾਨਾਂ ‘ਤੇ ਐਕਸ਼ਨ ਲੈਣ, ਉਨ੍ਹਾਂ ਦੇ ਸਿਰ ‘ਤੇ ਵਾਰ ਕਰਨ, ਜੋ ਵੀ ਕਿਸਾਨ ਅੱਗੇ ਆਏ, ਉਸਦਾ ਸਿਰ ਪਾਟਿਆਂ ਹੋਣਾ ਚਾਹੀਦਾ ਹੈ।
ਐੱਸਡੀਐੱਮ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਸੀ ਕਿ ਕਿਸਾਨਾਂ ‘ਤੇ ਕੋਈ ਵੀ ਐਕਸ਼ਨ ਲੈਣ ਲਈ ਉਨ੍ਹਾਂ ਨੂੰ ਖੁੱਲ੍ਹ ਹੈ, ਬਸ ਕਿਸਾਨ ਅੱਗੇ ਨਹੀਂ ਆਉਣੇ ਚਾਹੀਦੇ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਕਿਸਾਨ ਲੀਡਰਾਂ ਸਮੇਤ ਸਿਆਸੀ ਲੀਡਰਾਂ ਵੱਲੋਂ ਵੀ ਐੱਸਡੀਐੱਮ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਉਸਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਹਰਿਆਣਾ ਦੇ ਏਡੀਜੀਪੀ ਨਵਦੀਪ ਸਿੰਘ ਵਿਰਕ ਨੇ ਕਿਹਾ ਕਿ ਕਿਸਾਨਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਸੀ। ਪੁਲਿਸ ‘ਤੇ ਕਹੀਆਂ ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਦੌਰਾਨ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ, ਜਿਸ ਕਾਰਨ ਪੁਲਿਸ ਨੂੰ ਕਿਸਾਨਾਂ ‘ਤੇ ਲਾਠੀਚਾਰਜ ਕਰਨਾ ਪਿਆ। ਪੁਲਿਸ ਬਲ ਨੇ ਕਿਸਾਨਾਂ ‘ਤੇ ਸਿਰਫ਼ ਹਲਕਾ ਬਲ ਪ੍ਰਯੋਗ ਕੀਤਾ। ਕਿਸਾਨਾਂ ਨੇ ਸੰਧੀ ਦੀ ਉਲੰਘਣਾ ਕੀਤੀ ਸੀ।