ਬਿਉਰੋ ਰਿਪੋਰਟ – ਦਿੱਲੀ ਦੇ LG ਵੀਕੇ ਸਕਸੈਨਾ (VK SEXSENA) ਨੇ ਆਮ ਆਦਮੀ ਪਾਰਟੀ (AAP) ਦੀ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ । LG ਦੇ ਪ੍ਰਿੰਸੀਪਲ ਸਕੱਤਰ ਨੇ ਦਿੱਲੀ ਦੇ ਚੀਫ਼ ਸਕੱਤਰ ਅਤੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ । 27 ਦਸੰਬਰ ਨੂੰ ਭੇਜੀ ਗਈ ਚਿੱਠੀ ਦੇ ਜ਼ਰੀਏ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਗੈਰ ਸਰਕਾਰੀ ਲੋਕਾਂ ਵੱਲੋਂ ਦਿੱਲੀ ਦੀ ਜਨਤਾ ਤੋਂ ਨਿੱਜੀ ਜਾਣਕਾਰੀ ਜੁਟਾਈ ਜਾ ਰਹੀ ਹੈ । ਇਸ ਦੀ ਜਾਂਚ ਕਰਵਾਉਣ ਅਤੇ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰੋ ।
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 12 ਦਸੰਬਰ ਨੂੰ ਦਿੱਲੀ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇਣ ਅਤੇ ਚੋਣ ਜਿੱਤਣ ਦੇ ਬਾਅਦ ਇਸ ਨੂੰ ਵਧਾ ਕੇ 2100 ਰੁਪਏ ਹਰ ਮਹੀਨੇ ਦੇਣ ਦੀ ਐਲਾਨ ਕੀਤਾ ਸੀ ।
ਇਸ ਦੇ ਇਲਾਵਾ LG ਨੇ ਪੰਜਾਬ ਵਿੱਚੋ ਕੈਸ਼ ਟ੍ਰਾਂਸਫਰ ਦੇ ਇਲਜ਼ਾਮਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ । LG ਨੇ ਕਿਹਾ ਕਿ ਪੁਲਿਸ ਕਮਿਸ਼ਨਰ ਬਾਰਡਰ ‘ਤੇ ਗੱਡੀਆਂ ਦੀ ਜਾਂਚ ਕਰੇ ਅਤੇ ਮੁੱਖ ਸਕੱਤਰ ਚੋਣ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਦੇਵੇ ।
ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਦੇ ਘਰ ਪੰਜਾਬ ਪੁਲਿਸ ਦੀ ਖੁਫਿਆ ਮੁਲਾਜ਼ਮਾਂ ਦੀ ਮੌਜੂਦਗੀ ਦੇ ਇਲਜ਼ਾਮਾਂ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਵੀ LG ਨੇ ਦਿੱਤੇ ਹਨ । ਉਨ੍ਹਾਂ ਨੇ ਪੁਲਿਸ ਕਮਿਸ਼ਨਰ ਤੋਂ 3 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ ।
ਸੰਦੀਪ ਦੀਕਸ਼ਿਤ ਨੇ ਕੀਤੀ ਸੀ ਸ਼ਿਕਾਇਤ
ਕਾਂਗਰਸ ਦੇ ਆਗੂ ਸੰਦੀਪ ਦੀਕਸ਼ਿਤ ਨੇ ਯੋਜਨਾ ਨੂੰ ਲੈ ਕੇ 26 ਦਸੰਬਰ ਨੂੰ LG ਨੂੰ ਸ਼ਿਕਾਇਤ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਮਹਿਲਾਵਾਂ ਨੂੰ ਇੱਕ ਅਜਿਹੀ ਯੋਜਨਾ ਦੇ ਲਈ ਫਾਰਮ ਭਰਵਾ ਕੇ ਉਨ੍ਹਾਂ ਦੇ ਫੋਨ ਨੰਬਰ ਅਤੇ ਘਰ ਦਾ ਪਤਾ ਜੁਟਾ ਰਹੇ ਹਨ ਜੋ ਅਸਲ ਵਿੱਚ ਨਹੀਂ ਹੈ । ਮੰਗ ਕੀਤੀ ਗਈ ਸੀ ਕਿ ਜੇਕਰ ਇਹ ਧੋਖਾਧੜੀ ਦਾ ਮਾਮਲਾ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਅੰਜਾਮ ਦੇਣ ਵਾਲੇ ਲੋਕਾਂ ਅਤੇ ਆਤਿਸ਼ੀ ਅਤੇ ਕੇਜਰੀਵਾਲ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ ।