‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੱਲ੍ਹ ਸਿਆਸੀ ਪਾਰਟੀਆਂ ਦੇ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਦੇ ਸੈਕਟਰ 36 ਵਿੱਚ ਪੀਪਲਜ਼ ਕੰਨਵੈਨਸ਼ਨ ਹਾਲ ਵਿੱਚ ਸਵੇਰੇ 11 ਵਜੇ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਹੋਵੇਗੀ। ਸਾਰੀਆਂ ਪਾਰਟੀਆਂ ਦੇ ਮੁੱਖ ਆਗੂਆਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਹ ਆਪਣੀ-ਆਪਣੀ ਪਾਰਟੀ ਦੇ ਪੰਜ ਨੁਮਾਇੰਦਿਆਂ ਸਮੇਤ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚਣ। ਹਰ ਕਿਸਾਨ ਜਥੇਬੰਦੀ ਆਪਣਾ ਇੱਕ-ਇੱਕ ਨੁਮਾਇੰਦਾ ਮੀਟਿੰਗ ਵਿੱਚ ਭੇਜੇਗੀ। ਚਰਚਾ ਤੋਂ ਬਾਅਦ ਸਾਰੀਆਂ ਪਾਰਟੀਆਂ ਨੂੰ ਚੋਣ ਪ੍ਰਚਾਰ ਸਬੰਧੀ ਇੱਕ ਨੀਤੀ ਘੜ ਕੇ ਅਪੀਲ ਕੀਤੀ ਜਾਵੇਗੀ। ਰਾਜੇਵਾਲ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ-ਆਪਣੇ ਪੰਜ ਨੁਮਾਇੰਦਿਆਂ ਦੇ ਨਾਂ ਅੱਜ ਸ਼ਾਮ ਤੱਕ ਭੇਜਣ ਦੀ ਅਪੀਲ ਕੀਤੀ ਹੈ ਤਾਂ ਜੋ ਮੀਟਿੰਗ ਦਾ ਇੰਤਜ਼ਾਮ ਠੀਕ ਢੰਗ ਦੇ ਨਾਲ ਕੀਤਾ ਜਾਵੇ। ਕੱਲ੍ਹ ਸਰਬ ਸੰਮਤੀ ਦੇ ਨਾਲ ਫੈਸਲਾ ਕੀਤਾ ਗਿਆ ਹੈ ਕਿ ਕੁੱਝ ਕਿਸਾਨ ਆਗੂਆਂ ਦੀ ਡਿਊਟੀ ਕਰਨਾਲ ਮੋਰਚੇ ਵਿੱਚ ਲਾਈ ਜਾਵੇ ਅਤੇ ਬਾਕੀ ਦੇ ਕਿਸਾਨ ਲੀਡਰ ਦਿੱਲੀ ਮੋਰਚਾ ਸੰਭਾਲਣ।