‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਨਾਈਟਿਡ ਸਿੱਖਸ, ਗੁਰਦੁਆਰਾ ਗੁਰੂ ਨਾਨਕ ਦਰਬਾਰ ਲੰਡਨ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਪ੍ਰਧਾਨ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੂੰ ਚਿੱਠੀ ਲਿਖ ਕੇ ਅਫ਼ਗਾਨਿਸਤਾਨ ਵਿੱਚ ਫਸੇ ਸਿੱਖ ਅਤੇ ਹਿੰਦੂਆਂ ਨੂੰ ਕੱਢ ਕੇ ਨਿਊਜ਼ੀਲੈਂਡ ਵਿੱਚ ਵਸਾਉਣ ਲਈ ਤੁਰੰਤ ਹੀਲਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਕਿ “ਜਦੋਂ ਕੋਰੋਨਾ ਕਰਕੇ ਸਾਰੇ ਮੁਲਕਾਂ ਨੇ ਆਪਣੇ ਦੇਸ਼ ਦੇ ਬਾਰਡਰ ਬੰਦ ਕਰ ਲਏ ਹਨ, ਉਦੋਂ ਅਫ਼ਗਾਨਿਸਤਾਨ ਵਿਚ ਫਸੇ 280 ਸਿੱਖਾਂ ਅਤੇ ਹਿੰਦੂਆਂ ਕੋਲ ਸਿਰਫ਼ ਦੂਸਰੇ ਦੇਸ਼ਾਂ ਵਿੱਚ ਸ਼ਰਨ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਹ ਸਾਰੇ ਲੋਕ ਤਾਲਿਬਾਨ ਤੋਂ ਬਚਣ ਲਈ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਗੁਰਦੁਆਰਾ ਕਰਤੇ ਪਰਵਾਨ ਵਿੱਚ ਠਹਿਰੇ ਹੋਏ ਹਨ। ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਉਹ ਦੂਸਰੇ ਮੁਲਕਾਂ ਵਿੱਚ ਸ਼ਰਨ ਲੈਣ ਲਈ ਤਿਆਰ ਹਨ। ਯੂਕੇ ਅਤੇ ਕੈਨੇਡੀਅਨ ਸਰਕਾਰਾਂ ਨੇ ਅਫ਼ਗਾਨਿਸਤਾਨ ਵਿੱਚ ਫਸੇ ਲੋਕਾਂ ਨੂੰ ਆਪਣੇ ਮੁਲਕਾਂ ਵਿੱਚ ਸ਼ਰਨ ਦੇਣ ਦਾ ਐਲਾਨ ਕੀਤਾ ਹੈ। ਸਾਨੂੰ ਪਤਾ ਹੈ ਕਿ ‘ਰੋਇਲ ਨਿਊਜ਼ੀਲੈਂਡ ਏਅਰਫੋਰਸ ਸੀ-130 ਹਰਕਿਊਲਸ ਏਅਰਕ੍ਰਾਫ਼ਟ’ ਅਫ਼ਾਨਿਸਤਾਨ ਵਿੱਚ ਫਸੇ ਰਾਸ਼ਟਰੀ ਅਤੇ ਬਾਕੀ ਮੁਲਕਾਂ ਦੇ ਲੋਕਾਂ ਨੂੰ ਉੱਥੋਂ ਬਚਾਉਣ ਲਈ RNZAF ਬੇਸ, ਆਕਲੈਂਡ ਤੋਂ ਉਡਾਣ ਭਰੀ ਹੈ।
ਉਨ੍ਹਾਂ ਨੇ ਆਡਰਨ ਨੂੰ ਅਪੀਲ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਧਾਰਮਿਕ ਘੱਟ-ਗਿਣਤੀ ਦੇ ਲੋਕਾਂ ਦੀ ਸੁਰੱਖਿਆ ਵੱਲ ਤੁਰੰਤ ਖ਼ਾਸ ਤਵੱਜੋਂ ਦਿੱਤੀ ਜਾਵੇ। ਉਨ੍ਹਾਂ ਨੇ ਜਲਦ ਪ੍ਰਭਾਵ ਦੇ ਨਾਲ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਆਪਣੇ ਮੁਲਕ ਵਿੱਚ ਸ਼ਰਨ ਦੇਣ ਦੀ ਅਪੀਲ ਕੀਤੀ। ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਜਾਨ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ‘ਨੇਸ਼ਨਜ਼ ਅਸਿਸਟੈਂਟ ਮਿਸ਼ਨ ਆਨ ਅਫ਼ਗਾਨਿਸਤਾਨ’ (UNAMA) ਵੱਲੋਂ ਕੁੱਝ ਖ਼ਾਸ ਯੋਜਨਾ (plan) ਤਿਆਰ ਕਰਨੇ ਚਾਹੀਦੇ ਹਨ, ਜਿਸ ਨਾਲ ਅਫ਼ਗਾਨਿਸਤਾਨ ਵਿੱਚ ਘੱਟ-ਗਿਣਤੀਆਂ ਦੀ ਜਾਨ, ਉਨ੍ਹਾਂ ਦੇ ਇਤਿਹਾਸਕ ਸਥਾਨਾਂ ਨੂੰ ਬਚਾਇਆ ਜਾ ਸਕੇ। ਜੇਕਰ ਅਫ਼ਗਾਨਿਸਤਾਨ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਨੂੰ ਨਾ ਬਚਾਇਆ ਗਿਆ ਤਾਂ ਅਫ਼ਗਾਨਿਸਤਾਨ ਵਿੱਚੋਂ 500 ਸਾਲਾਂ ਤੋਂ ਰਹਿ ਰਹੀ ਸਿੱਖ ਕੌਮ ਦਾ ਖ਼ਾਤਮਾ ਹੋ ਜਾਵੇਗਾ।