Punjab

ਸਰਚਾਂਦ ਸਿੰਘ ਨੇ ਧਾਰਮਿਕ ਮਸਲਿਆਂ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲਿਆਂ ਵੱਲੋਂ ਕੇਵਲ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਸੁਰਖਰੂ ਹੋਣ ਸਬੰਧੀ ਚਿੱਠੀ ਲਿਖੀ ਹੈ। ਸਰਚਾਂਦ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲਿਆਂ ਪ੍ਰਤੀ ਜੇ ਕੋਈ ਸਖਤੀ ਨਾ ਵਰਤੀ ਗਈ ਤਾਂ ਜਿਵੇਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਸਰਪੰਚ ਦੇ ਪਤੀ ਗੁਰਮੇਲ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਡੇਰਾ ਸਿਰਸਾ ਦੇ ਬਲਾਤਕਾਰੀ ਅਤੇ ਕਾਤਲ ਮੁਖੀ ਰਾਮ ਰਹੀਮ ਦੇ ਹੱਕ ’ਚ ਅਰਦਾਸ ਕਰਨ ਵਰਗੇ ਹੋਰ ਵਰਤਾਰੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਰਹਿਣਗੀਆਂ। ਸਰਚਾਂਦ ਸਿੰਘ ਨੇ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਸਿੱਖ ਪੰਥ ਲਈ ਗੁਰਮਤਿ ਵਿਚਾਰਧਾਰਾ, ਪੰਥਕ ਰਵਾਇਤਾਂ ਅਤੇ ਮਰਯਾਦਾ ਮੁਤਾਬਿਕ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।

ਸਰਚਾਂਦ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਉਸ ਹੁਕਮਨਾਮੇ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ 17 ਮਈ 2007 ਨੂੰ ਜਾਰੀ ਇੱਕ ਹੁਕਮਨਾਮੇ ’ਚ ਸਮੂਹ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਕਥਿਤ ਡੇਰਾ ਸਿਰਸਾ ਦੇ ਮੁਖੀ ਦੰਭੀ, ਪਾਖੰਡੀ ਅਤੇ ਪੰਥ ਦੋਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਸ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਨਾਲ ਕਿਸੇ ਕਿਸਮ ਦਾ ਧਾਰਮਿਕ ਸਮਾਜਿਕ, ਭਾਈਚਾਰਕ ਅਤੇ ਰਾਜਸੀ ਸੰਬੰਧ ਨਾ ਰੱਖਣ ਭਾਵ ਸਪੱਸ਼ਟ ਬਾਈਕਾਟ ਕਰਨ। ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਦਾ ਮਾਮਲਾ ਹੋਣ ਕਾਰਨ, ਅਜਿਹੇ ਮਾਮਲੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਵੱਲੋਂ ਗੰਭੀਰਤਾ ਨਾਲ ਵਿਚਾਰਨਯੋਗ ਹਨ।