The Khalas Tv Blog Punjab ਰਾਗੀ ਸਿੰਘਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸੌਂਪੀ ਚਿੱਠੀ ਜਨਤਕ
Punjab

ਰਾਗੀ ਸਿੰਘਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸੌਂਪੀ ਚਿੱਠੀ ਜਨਤਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀਆਂ ਨੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨਾਲ ਭਖੇ ਵਿਵਾਦ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਚਿੱਠੀ ਸੌਂਪੀ ਸੀ, ਜਿਸਨੂੰ ਅੱਜ ਰਾਗੀ ਸਿੰਘਾਂ ਵੱਲੋਂ ਜਨਤਕ ਕੀਤਾ ਗਿਆ ਹੈ।

ਚਿੱਠੀ ਵਿੱਚ ਰਾਗੀ ਸਿੰਘਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਦਰ ਮਾੜੀ ਹਾਲਤ ਹੋਣ ਦਾ ਪ੍ਰਗਟਾਵਾ ਕਰਦਿਆਂ ਇਸਦਾ ਜ਼ਿੰਮੇਵਾਰ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੂੰ ਠਹਿਰਾਇਆ ਹੈ। ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਬਾਰੇ ਲਿਖਿਆ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ‘ਤੇ ਬੈਠਕੇ ਰਾਗੀ ਸਿੰਘਾਂ ਨੂੰ ਮਾੜੇ ਬੋਲ ਬੋਲਦੇ ਹਨ, ਬਾਹਰ ਆ ਕੇ ਗਾਲ੍ਹਾਂ ਕੱਢਦੇ ਹਨ ਅਤੇ ਤਾਬਿਆਂ ‘ਤੇ ਬੈਠ ਕੇ ਰਾਗੀ ਸਿੰਘਾਂ ਕੋਲੋਂ ਆਪਣੀ ਮਰਜ਼ੀ ਦੇ ਸ਼ਬਦ ਪੜਾਉਂਦੇ ਹਨ, ਉਨ੍ਹਾਂ ਦਾ ਕਿਸੇ ਨਾ ਕਿਸੇ ਢੰਗ ਨਾਲ ਟੋਕਦੇ ਰਹਿਣਾ ਅਤੇ ਜੇਕਰ ਕੋਈ ਇਸ ਵਤੀਰੇ ਬਾਰੇ ਕੋਈ ਬੋਲਦਾ ਹੈ ਤਾਂ ਉਸਦੀ ਡਿਊਟੀ ਕੱਟ ਦਿੱਤੀ ਜਾਂਦੀ ਹੈ।

                                             

ਉਨ੍ਹਾਂ ਕਿਹਾ ਕਿ ਇਹ ਸਾਰਾ ਤਾਨਾਸ਼ਾਹੀ ਰਵੱਈਆ ਸਿਰਫ਼ ਰਾਗੀ ਸਿੰਘਾਂ ਨਾਲ ਹੀ ਨਹੀਂ ਬਲਕਿ ਸੇਵਾਦਾਰਾਂ ਅਤੇ ਇੰਚਾਰਜਾਂ ਨਾਲ ਵੀ ਹੈ। ਇਹ ਸਭ ਕੁੱਝ ਸਾਡੇ ਬਰਦਾਸ਼ਤ ਤੋਂ ਪਰ੍ਹੇ ਹੈ। ਅਸੀਂ ਸਾਰੇ ਰਾਗੀ ਸਿੰਘ ਆਪਣੇ ਪੁਰਾਣੇ ਰਾਗੀ ਸਿੰਘਾਂ ਦੀ ਤਰਜ਼ ‘ਤੇ ਹੀ ਕੀਰਤਨ ਕਰਦੇ ਹਾਂ ਅਤੇ ਜੇ ਸਿੰਘ ਸਾਹਿਬ ਨੂੰ ਕੁੱਝ ਗਲਤ ਲੱਗਦਾ ਹੈ ਤਾਂ ਉਹ ਇਸਨੂੰ ਗਲਤ ਸਾਬਿਤ ਕਰਕੇ ਵਿਖਾਉਣ। ਸਾਰੀ ਕੀਰਤਨ ਦੀ ਚੌਂਕੀ ਵਿੱਚ ਸਿੰਘ ਸਾਹਿਬ ਦਬਕੇ ਮਾਰਦੇ ਰਹਿੰਦੇ ਹਨ ਜਿਸ ਕਰਕੇ ਰਾਗੀ ਸਿੰਘਾਂ ਦੀ ਮਾਨਸਿਕਤਾ ਹਿੱਲ ਜਾਂਦੀ ਹੈ ਅਤੇ ਉਹ ਸ਼ਬਦ ਭੁੱਲ ਜਾਂਦੇ ਹਨ।

ਰਾਗੀ ਸਿੰਘਾਂ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਰਾਗੀ ਸਿੰਘਾਂ ਨੂੰ 20 ਸਾਲ ਕੀਰਤਨ ਕਰਦਿਆਂ ਹੋ ਗਏ ਹਨ ਪਰ ਇਸ ਦੌਰਾਨ ਕਿਸੇ ਵੀ ਸਿੰਘ ਸਾਹਿਬਾਨ ਨੇ ਇਸ ਪ੍ਰਕਾਰ ਦਾ ਰਵੱਈਆ ਨਹੀਂ ਰੱਖਿਆ। ਸਾਰੇ ਸਿੰਘ ਸਾਹਿਬ ਸਾਨੂੰ ਪਿਆਰ ਅਤੇ ਅਸੀਸ ਹੀ ਦਿੰਦੇ ਰਹੇ ਹਨ। ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਕਈ ਵਾਰ ਲਾਈਵ ਕਥਾ ਦੌਰਾਨ ਰਾਗੀ ਸਿੰਘਾਂ ਦੀ ਬੇਇੱਜ਼ਤੀ ਕਰਦੇ ਰਹਿੰਦੇ ਹਨ ਪਰ ਅਸੀਂ ਕਦੇ ਵੀ ਸਿੰਘ ਸਾਹਿਬ ਅੱਗੇ ਜਵਾਬ ਨਹੀਂ ਦਿੱਤਾ ਸੀ। ਇਸ ਲਈ ਸ਼੍ਰੋਮਣੀ ਰਾਗੀ ਸਭਾ, ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਕੀਰਤਨੀਆਂ ਦੀ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਇੰਨੀ ਵੱਡੀ ਪਦਵੀ ‘ਤੇ ਨਹੀਂ ਸੋਭਦੀ। ਇਸ ਲਈ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੂੰ ਇਸ ਵੱਡੀ ਪਦਵੀ ‘ਤੇ ਨਹੀਂ ਹੋਣਾ ਚਾਹੀਦਾ। ਸਾਨੂੰ ਪੂਰੀ ਉਮੀਦ ਹੈ ਕਿ ਰਾਗੀ ਸਿੰਘਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇਨਸਾਫ਼ ਮਿਲੇਗਾ।

ਰਾਗੀ ਸਿੰਘਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਚਿੱਠੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸੌਂਪਣ ਤੋਂ ਬਾਅਦ ਵੀ 15-16 ਦਿਨਾਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਲਈ ਅਸੀਂ ਮਜ਼ਬੂਰੀ ਵਿੱਚ ਸੰਗਤ ਦੇ ਅੱਗੇ ਇਸ ਮਸਲੇ ਨੂੰ ਜਨਤਕ ਕੀਤਾ ਹੈ। ਰਾਗੀ ਸਿੰਘਾਂ ਨੇ ਇਸ ਮਸਲੇ ਦਾ ਫੈਸਲਾ ਸੰਗਤ ਦੇ ਹਵਾਲੇ ਕਰ ਦਿੱਤਾ ਹੈ।

Exit mobile version