‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਐੱਸਆਈਟੀ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਐੱਸਆਈਟੀ ਨੂੰ ਚਿੱਠੀ ਲਿਖ ਕੇ ਇਹ ਸੱਦਾ ਦਿੱਤਾ ਹੈ। ਉਨ੍ਹਾਂ ਚਿੱਠੀ ਵਿੱਚ ਐੱਸਆਈਟੀ ਨੂੰ ਲਿਖਿਆ ਕਿ ਕੋਈ ਨਵੀਂ ਤਰੀਕ ਤੈਅ ਕਰਕੇ SIT ਮੇਰੇ ਘਰ ਆ ਸਕਦੀ ਹੈ। ਚਿੱਠੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਮੈਡੀਕਲ ਰਿਪੋਰਟ ਵੀ ਭੇਜੀ ਹੈ, ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ 10 ਦਿਨ ਅਰਾਮ ਕਰਨ ਲਈ ਕਿਹਾ ਹੈ। ਮੇਰੇ ਠੀਕ ਹੋਣ ਤੋਂ ਬਾਅਦ SIT ਪੁੱਛ-ਪੜਤਾਲ ਲਈ ਮੇਰੇ ਘਰ ਆ ਸਕਦੀ ਹੈ, ਮੈਂ ਹਮੇਸ਼ਾ ਹੀ ਜਾਂਚ ਵਿੱਚ ਸਹਿਯੋਗ ਦਿੱਤਾ ਹੈ ਅਤੇ ਮੈਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ। ਦਰਅਸਲ, ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਨਵੀਂ ਐੱਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਲਈ 16 ਜੂਨ ਨੂੰ ਤਲਬ ਕੀਤਾ ਸੀ।
ਚਿੱਠੀ ਵਿੱਚ ਕੀ ਲਿਖਿਆ ?
ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਵਿੱਚ ਲਿਖਿਆ ਹੈ ਕਿ ‘ਮੇਰੀ ਖਰਾਬ ਸਿਹਤ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਤੁਹਾਡੇ ਵੱਲੋਂ ਤੈਅ ਕੀਤੀ ਤਰੀਕ ‘ਤੇ ਜਾਂਚ ਵਿੱਚ ਸ਼ਾਮਿਲ ਹੋ ਸਕਾਂ। ਮੈਨੂੰ 10 ਦਿਨਾਂ ਤੱਕ ਪੂਰਨ ਅਰਾਮ ਦੀ ਸਲਾਹ ਦਿੱਤੀ ਗਈ ਹੈ। ਮੈਂ ਪੱਤਰ ਜ਼ਰੀਏ 8 ਜੂਨ ਦਾ ਮੈਡੀਕਲ ਸਰਟੀਫਿਕੇਟ ਵੀ ਨੱਥੀ ਕਰ ਰਿਹਾ ਹਾਂ। ਜਿਵੇਂ ਹੀ ਮੇਰੀ ਸਿਹਤ ਬਿਹਤਰ ਹੁੰਦੀ ਹੈ, ਮੈਂ ਕਾਨੂੰਨ ਮੁਤਾਬਕ ਆਪਣੇ ਮੌਜੂਦਾ ਨਿਵਾਸ ਚੰਡੀਗੜ੍ਹ ਦੇ ਸੈਕਟਰ 4 ਸਥਿਤ MLA ਫਲੈਟ ਨੰਬਰ 37 ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਲਈ ਉਪਲੱਬਧ ਰਹਾਂਗਾ। ਮੈਂ ਅਪੀਲ ਕਰਦਾ ਹਾਂ ਕਿ ਜਾਂਚ ਵਿੱਚ ਸ਼ਾਮਿਲ ਹੋਣ ਦੀ ਤਰੀਕ ਦੁਬਾਰਾ ਤੈਅ ਕੀਤੀ ਜਾਵੇ’।
‘ਭਾਵੇਂ ਇਸ ਪੂਰੇ ਮਾਮਲੇ ਦੀ ਜਾਂਚ ਦੌਰਾਨ ਸਿਆਸਤ ਹਾਵੀ ਰਹੀ ਅਤੇ ਸਿਆਸੀ ਦਖਲਅੰਦਾਜ਼ੀ ਕਰਕੇ ਇਨਸਾਫ ਦੀ ਉਮੀਦ ਘੱਟ ਹੈ ਪਰ ਫਿਰ ਵੀ ਮੈਂ ਕਾਨੂੰਨ ਦੇ ਸਹਿਯੋਗ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਕਿਉਂਕਿ ਮੈਨੂੰ ਨਿਆਂ ਵਿਵਸਥਾ ‘ਤੇ ਪੂਰਾ ਭਰੋਸਾ ਹੈ। ਇਸ ਲਈ ਮੈਂ ਭਰੋਸਾ ਦਿੰਦਾ ਹਾਂ ਕਿ ਨਵੀਂ ਗਠਿਤ ਐੱਸਆਈਟੀ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗਾ। ਉਮੀਦ ਹੈ ਕਿ ਨਵੀਂ ਐੱਸਆਈਟੀ ਨਿਰਪੱਖ ਜਾਂਚ ਕਰੇਗੀ। ਪਿਛਲੀ ਐੱਸਆਈਟੀ ਦੇ ਸਿਆਸੀਕਰਨ ਦੀ ਵਜ੍ਹਾ ਨਾਲ ਨਵੀਂ ਐੱਸਆਈਟੀ ਬਣੀ ਹੈ। ਨਵੀਂ ਐੱਸਆਈਟੀ ਦਾ ਗਠਨ ਇਸੇ ਲਈ ਹੋਇਆ ਸੀ ਕਿਉਂਕਿ ਪੁਰਾਣੀ ਐੱਸਆਈਟੀ ਦਾ ਪੂਰੀ ਤਰ੍ਹਾਂ ਸਿਆਸੀਕਰਨ ਕਰ ਦਿੱਤਾ ਗਿਆ ਸੀ। ਇੱਕ ਮੈਂਬਰ ਦੀਆਂ ਸਿਆਸੀ ਕਾਰਗੁਜ਼ਾਰੀਆਂ ਨੇ ਪੂਰੀ ਜਾਂਚ ਖਰਾਬ ਕੀਤੀ ਹੈ। ਖਬਰਾਂ ਤਾਂ ਇਹ ਵੀ ਸੀ ਕਿ ਐੱਸਆਈਟੀ ਰਿਪੋਰਟ ਸਿਆਸੀ ਲੋਕਾਂ ਨੇ ਤਿਆਰ ਕੀਤੀ ਸੀ’।