Punjab

ਆਹ ਪਿੰਡ ਤਾਂ ਕਰੂ ਝੋਨੇ ਦੀ ਸਿੱਧੀ ਬਿਜਾਈ

‘ਦ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਟਵੀਟ ਕਰਕੇ ਦਾਅਵਾ ਕੀਤਾ ਕਿ ਸਤੌਜ ਪਿੰਡ ਨੇ ਅੱਜ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਫੈਸਲਾ ਲਿਆ ਹੈ। ਇਸ ਪਿੰਡ ਦੀ ਸੁੱਚੀ ਸੋਚ ਨੂੰ ਸਲਾਮ ਹੈ। ਪੰਜਾਬ ਦੇ ਪਾਣੀ ਤੇ ਵਾਤਾਵਰਨ ਨੂੰ ਸਲਾਮਤ ਰੱਖਣ ਲਈ ਪੂਰਾ ਪੰਜਾਬ ‘ਆਪ’ ਸਰਕਾਰ ਦੇ ਸਿੱਧੀ ਬਿਜਾਈ ਵਾਲੇ ਫੈਸਲੇ ਦੇ ਨਾਲ਼ ਹੈ।

ਮਾਨ ਨੇ ਕਿਹਾ ਕਿ ਸਤੌਜ ਵਾਲਿਆਂ ਨੇ ਤਾਂ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਪੂਰੇ ਪੰਜਾਬ ਦੀ ਵਾਰੀ ਹੈ। ਮਾਨ ਨੇ ਖੇਤੀ ਬਚਾਉਣ ਪਾਣੀ ਬਚਾਉਣ ਅਤੇ ਪੰਜਾਬ ਬਚਾਉਣ ਦਾ ਹੋਕਾ ਦਿੱਤਾ ਹੈ। ਭਗਵੰਤ ਸਿੰਘ ਮਾਨ ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਵਧਾਈ ਦੇਣ ਤੇ ਉਹਨਾਂ ਨਾਲ ਈਦ ਦੇ ਜਸ਼ਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਜੱਦੀ ਸਤੌਜ ਪਹੁੰਚੇ। ਮਾਨ ਨੇ ਸਤੌਜ ਪਿੰਡ ਦੇ ਲੋਕਾਂ ਨਾਲ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।