Punjab

ਸੰਤ ਬਾਬਾ ਰਾਮ ਸਿੰਘ ਦੀ ਖੁਦਕੁਸ਼ੀ ਕੇਂਦਰ ਸਰਕਾਰ ਲਈ ਸਬਕ : ਡਾ. ਦਲਜੀਤ ਸਿੰਘ ਚੀਮਾ

‘ਦ ਖ਼ਾਲਸ ਬਿਊਰੋ :- ਦਿੱਲੀ ਕਿਸਾਨੀ ਸੰਘਰਸ਼ ਵਿੱਚ ਸੇਵਾ ਨਿਭਾ ਰਹੇ ਸੰਤ ਬਾਬਾ ਰਾਮ ਸਿੰਘ ਦੀ ਖੁਦਕੁਸ਼ੀ ਕਰਨ ਦੀ ਖਬਰ ‘ਤੇ ਅਕਾਲੀ ਦਲ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਦੁੱਖ ਜ਼ਾਹਿਰ ਕੀਤਾ ਹੈ। ਚੀਮਾ ਨੇ ਕਿਹਾ ਕਿ ਸੰਤ ਰਾਮ ਸਿੰਘ ਸਿੰਘੜਾ ਵਾਲੇ ਕਈ ਦਿਨਾਂ ਤੋਂ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਕਿਸਾਨਾਂ ਦੀ ਸੇਵਾ ਕਰ ਰਹੇ ਸਨ, ਪਰ ਠੰਡ ਦੇ ਮੌਸਮ ਵਿੱਚ ਕਿਸਾਨਾਂ, ਬੱਚਿਆ ਅਤੇ ਬੀਬੀਆਂ ਦੀ ਮਾੜੀ ਹਾਲਤ ਨੂੰ ਨਾ ਸਹਾਰਦੇ ਹੋਏ, ਰਾਮ ਸਿੰਘ ਨੇ ਸੁਸਾਇਡ ਨੋਟ ਲਿਖ ਕੇ ਖੁਦ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ, ‘ਮੈ ਸਮਝਦਾ ਹਾਂ ਕਿ ਇੱਕ ਸੰਤ ਮਹਾਪੁਰਖ ਦਾ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦਾ ਫੈਸਲਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਕਿਸਾਨੀ ਦੀ ਇਸ ਵੇਲੇ ਦੇਸ਼ ਵਿੱਚ ਕਿੰਨ੍ਹੀ ਮਾੜੀ ਹਾਲਤ ਹੈ। ਜੋ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਉਹ ਕਿੰਨ੍ਹੇ ਮਾੜੇ ਹਾਲਾਂਤਾ ਵਿੱਚ ਅੰਦੋਲਨ ਕਰ ਰਹੇ ਹਨ। ਹਰ ਰੋਜ਼ ਕਿਸੇ-ਨਾ-ਕਿਸੇ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਆਉਂਦੀ ਹੈ, ਪਰ ਅਫਸੋਸ ਸਰਕਾਰ ਕਿੰਨ੍ਹੀ ਢੀਠ ਅਤੇ ਸੂਤੀ ਹੋਈ ਹੈ ਕਿ ਉਨੂੰ ਮਾਨਵਾ ਕਦਰਾਂ ਕੀਮਤਾਂ ਦਾ ਕਿਸੇ ਤਰ੍ਹਾਂ ਦਾ ਇਲਮ ਨਹੀਂ ਹੈ।

ਅਕਾਲੀ ਸੀਨੀਅਰ ਆਗੂ ਚੀਮਾ ਨੇ ਕਿਹਾ ਕਿ ਅੱਜ ਸੰਤ ਮਹਾਪੁਰਖ ਦੀ ਮੌਤ ਤੋਂ ਸਰਕਾਰ ਨੂੰ ਸਬਕ ਸਿਖ ਲੈਣਾ ਚਾਹੀਦਾ ਹੈ। ਇਸ ਦੇ ਨਾਲ ਚੀਮਾ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ੇ ਅਤੇ ਸਾਰੀ ਸੰਗਤਾਂ ਨੂੰ ਭਾਣਾ ਮੰਣਨ ਦਾ ਬਲ ਬਖਸ਼ੇ ਤੇ ਨਾਲ ਹੀ ਚੀਮਾ ਨੇ ਸਾਰੀ ਸੰਗਤ ਨੂੰ ਸ਼ਾਂਤੀ ਬਣਾਏ ਰੱਖਣ ਦੀ ਬੇਨਤੀ ਕੀਤੀ ਹੈ।