Punjab

ਮੁਹਾਲੀ ’ਚ ਝੋਨੇ ਦੇ ਖੇਤਾਂ ’ਚੋਂ ਫੜਿਆ ਚੀਤਾ! ਮੋਰ ਅਤੇ ਕੁੱਤਿਆਂ ਦਾ ਕੀਤਾ ਸ਼ਿਕਾਰ, ਬੰਦੂਕ ਨਾਲ ਕੀਤਾ ਬੇਹੋਸ਼

ਬਿਉਰੋ ਰਿਪੋਰਟ: ਮੁਹਾਲੀ ਨੇੜੇ ਝੋਨੇ ਦੇ ਖੇਤਾਂ ਵਿੱਚੋਂ ਇਕ ਚੀਤੇ ਨੂੰ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਸੁਰੱਖਿਅਤ ਫੜ ਲਿਆ ਹੈ। ਇਹ ਚੀਤਾ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ, ਮੋਰਿੰਡਾ ਅਤੇ ਚਮਕੌਰ ਸਾਹਿਬ ਦੇ ਕਰੀਬ ਛੇ-ਸੱਤ ਪਿੰਡਾਂ ਵਿੱਚ ਡਰ ਦਾ ਮਾਹੌਲ ਬਣਾ ਰਿਹਾ ਸੀ। ਇਸ ਚੀਤੇ ਨੇ ਮੋਰ ਅਤੇ ਕੁੱਤਿਆਂ ਦਾ ਸ਼ਿਕਾਰ ਕੀਤਾ ਹੈ।

ਰੋਪੜ ਰੇਂਜ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਕੁਲਰਾਜ ਸਿੰਘ ਨੇ ਦੱਸਿਆ ਕਿ ਚੀਤੇ ਨੂੰ ਬੇਹੋਸ਼ ਕਰਨ ਤੋਂ ਬਾਅਦ ਇਲਾਜ ਅਤੇ ਦੇਖਭਾਲ ਲਈ ਛੱਤਬੀੜ ਚਿੜੀਆਘਰ ਭੇਜ ਦਿੱਤਾ ਗਿਆ ਹੈ। ਕਰੀਬ 6 ਸਾਲ ਦੀ ਉਮਰ ਦੇ ਇਸ ਤੇਂਦੁਏ ਨੂੰ ਜੰਗਲੀ ਜੀਵ ਟੀਮ ਨੇ ਟਰਾਂਕਿਊਲਾਈਜ਼ਰ ਬੰਦੂਕ ਨਾਲ ਉਸ ਸਮੇਂ ਬੇਹੋਸ਼ ਕਰ ਦਿੱਤਾ, ਜਦੋਂ ਇਹ ਝੋਨੇ ਦੇ ਖੇਤਾਂ ਵਿੱਚ ਲੁਕਿਆ ਹੋਇਆ ਸੀ। ਉਸ ਨੂੰ ਪਿੰਜਰੇ ਵਿੱਚ ਪਾ ਕੇ ਚਿੜੀਆਘਰ ਭੇਜ ਦਿੱਤਾ ਗਿਆ।

ਪਿੰਡ ਵਿੱਚ ਚੀਤੇ ਦੇ ਆਉਣ ’ਤੇ ਕਿਸੇ ਵੀ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਪਿੰਡ ਵਾਸੀਆਂ ਨੂੰ ਕਈ ਥਾਵਾਂ ’ਤੇ ਮੋਰ ਦੇ ਖੰਭ ਅਤੇ ਕੁੱਤਿਆਂ ਦੇ ਅਵਸ਼ੇਸ਼ ਵੇਖੇ, ਜਿਸ ਤੋਂ ਪਤਾ ਚੱਲਦਾ ਹੈ ਕਿ ਚੀਤੇ ਨੇ ਉਨ੍ਹਾਂ ਦਾ ਸ਼ਿਕਾਰ ਕੀਤਾ ਸੀ। ਅਮਰਾਲੀ ਪਿੰਡ ਦੇ ਇੱਕ ਵਿਅਕਤੀ ਨੇ ਚੀਤੇ ਦੇ ਨਜ਼ਰ ਆਉਣ ਦੀ ਸੂਚਨਾ ਜੰਗਲੀ ਜੀਵ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਟੀਮ ਨੇ ਸ਼ਾਮ 5.30 ਵਜੇ ਦੇ ਕਰੀਬ ਚੀਤੇ ਨੂੰ ਫੜ ਲਿਆ।

ਡੀਐਫਓ ਕੁਲਰਾਜ ਸਿੰਘ ਨੇ ਦੱਸਿਆ ਕਿ ਜੰਗਲੀ ਜੀਵ ਟੀਮ ਪਹਿਲਾਂ ਹੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਟੀਮ ਨੂੰ ਦੇਖ ਕੇ ਤੇਂਦੁਆ ਇੱਕ ਦਰੱਖਤ ਤੋਂ ਛਾਲ ਮਾਰ ਕੇ ਝੋਨੇ ਦੇ ਖੇਤਾਂ ਵਿੱਚ ਛੁਪ ਗਿਆ, ਜਿਸ ਨੂੰ ਫੜਨ ਵਿੱਚ ਕਰੀਬ ਦੋ ਘੰਟੇ ਲੱਗ ਗਏ। ਸੰਘਣੇ ਝੋਨੇ ਦੇ ਖੇਤਾਂ ਵਿੱਚ ਚੀਤੇ ਨੂੰ ਲੱਭਣਾ ਬਹੁਤ ਮੁਸ਼ਕਲ ਸੀ ਪਰ ਟੀਮ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਨੂੰ ਸੁਰੱਖਿਅਤ ਅਤੇ ਬੇਹੋਸ਼ ਢੰਗ ਨਾਲ ਫੜ ਲਿਆ ਗਿਆ।