ਬਿਊਰੋ ਰਿਪੋਰਟ (ਲੇਹ, 26 ਸਤੰਬਰ 2025): ਲੱਦਾਖ ਦੇ ਸੋਸ਼ਲ ਐਕਟਿਵਿਸਟ ਸੋਨਮ ਵਾਂਗਚੁਕ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰ ਨੇ ਉਨ੍ਹਾਂ ਨੂੰ 24 ਸਤੰਬਰ ਨੂੰ ਲੇਹ ’ਚ ਭੜਕੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਕਿਸ ਖ਼ਾਸ ਮਾਮਲੇ ਵਿੱਚ ਕੀਤੀ ਗਈ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਲੇਹ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਲੇਹ ਵਿੱਚ ਲਗਾਤਾਰ ਤੀਸਰੇ ਦਿਨ ਵੀ ਕਰਫ਼ਿਊ ਜਾਰੀ ਹੈ ਅਤੇ ਸਕੂਲ-ਕਾਲਜ ਸ਼ਨੀਵਾਰ ਤੱਕ ਬੰਦ ਰਹਿਣਗੇ।
ਲੇਹ ਵਿੱਚ ਪੂਰਨ ਰਾਜ ਦਾ ਦਰਜਾ ਅਤੇ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਹਿੰਸਾ ਭੜਕੀ ਸੀ। ਇਸ ਹਿੰਸਾ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ 80 ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚ 40 ਪੁਲਿਸ ਕਰਮੀ ਸ਼ਾਮਲ ਹਨ। ਹੁਣ ਤੱਕ 60 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਗ੍ਰਹਿ ਮੰਤਰਾਲੇ ਨੇ ਵਾਂਗਚੁਕ ਦੀ ਸੰਸਥਾ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ਼ ਲੱਦਾਖ (SECMOL) ਦਾ ਵਿਦੇਸ਼ੀ ਫੰਡਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਜਾਂਚ ਵਿੱਚ ਪਤਾ ਲੱਗਾ ਕਿ ਫੰਡਿੰਗ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਸੀ।
ਇਸ ਤੋਂ ਇਲਾਵਾ CBI ਨੇ ਵਾਂਗਚੁਕ ਦੀ ਹੋਰ ਐਨਜੀਓ ਹਿਮਾਲਯਨ ਇੰਸਟੀਟਿਊਟ ਆਫ਼ ਆਲਟਰਨੇਟਿਵਜ਼ ਲੱਦਾਖ (HIAL) ਦੇ ਖ਼ਿਲਾਫ਼ ਵੀ ਵਿਦੇਸ਼ੀ ਫੰਡਿੰਗ (FCRA) ਉਲੰਘਣਾ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੀ ਟੀਮ ਐਨਜੀਓ ਦੇ ਅਕਾਉਂਟ ਅਤੇ ਰਿਕਾਰਡ ਖੰਘਾਲ ਰਹੀ ਹੈ।