‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿੰਘੂ ਬਾਰਡਰ ਉੱਤੇ ਬੇਅਦਬੀ ਨੂੰ ਲੈ ਕੇ ਵਾਪਰੀ ਕਤਲ ਕਾਂਡ ਦੀ ਘਟਨਾ ਨੇ ਕਈ ਸਿਆਸੀ ਤੇ ਸਮਾਜਿਕ ਪਰਿਪੇਖ ਪੈਦਾ ਕਰ ਦਿੱਤੇ ਹਨ। ਇਸ ਘਟਨਾ ਬਾਰੇ ਆਓ ਜਾਣ ਲੈਂਦੇ ਹਾਂ ਕੀ ਹਨ ਸਿਆਸੀ ਲੀਡਰਾਂ ਦੇ ਵਿਚਾਰ…
ਹਰਜੀਤ ਗਰੇਵਾਲ…

ਜੇ ਉੱਥੇ ਕੋਈ ਘਟਨਾ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਕ੍ਰਿਮਿਨਲ ਘਟਨਾ ਦੀ ਜਿੰਮੇਦਾਰੀ ਕਿਸਾਨ ਜਥੇਬੰਦੀਆਂ ਦੀ ਹੈ। ਕਿਸਾਨ ਜਥੇਬੰਦੀਆਂ ਦੇ ਕੰਟਰੋਲ ਵਿਚ ਇਹ ਅੰਦੋਲਨ ਨਹੀਂ ਹੈ। ਕੁਝ ਲੋਕ ਅੰਦੋਲਨ ਵਿਚ ਬਾਹਰੋਂ ਸ਼ਾਮਿਲ ਹੋ ਚੁੱਕੇ ਹਨ। ਇਨ੍ਹਾਂ ਬਾਹਰੀ ਲੋਕਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਕੋਈ ਬੇਅਦਬੀ ਕਰਦਾ ਵੀ ਹੈ ਤਾਂ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਹੈ। ਮੈਂ ਬੇਅਦਬੀ ਦੀ ਨਿੰਦਾ ਕਰਦਾ ਹਾਂ। ਇਸ ਘਟਨਾ ਦੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ ਤੇ ਇਹ ਲੋਕ ਕੌਣ ਹੁੰਦੇ ਨੇ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੇ। ਇਨ੍ਹਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਬੇਅਦਬੀਆਂ ਮਾਹੌਲ ਖਰਾਬ ਕਰਨ ਲਈ ਯੋਜਨਾਬਧ ਤਰੀਕੇ ਨਾਲ ਹੋ ਰਹੀਆਂ ਹਨ। ਜਿਨ੍ਹਾਂ ਨੇ ਹੱਤਿਆ ਕੀਤੀ ਹੈ ਉਨ੍ਹਾਂ ਤੋਂ ਹੀ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ।
ਪ੍ਰੇਮ ਸਿੰਘ ਚੰਦੂਮਾਜਰਾ, ਸ਼ਿਰੋਮਣੀ ਅਕਾਲੀ ਦਲ

ਇਹ ਘਟਨਾ ਅਫਸੋਸਜਨਕ ਹੈ। ਪਰ ਚਿੰਤਾਜਨਕ ਵੀ ਹੈ ਕਿ ਹਾਲਾਤ ਕਿਸ ਪਾਸੇ ਨੂੰ ਜਾ ਰਹੇ ਹਨ। ਇਹ ਭਾਰਤ ਸਰਕਾਰ ਨੂੰ ਹਲੂਣਾ ਦੇਣ ਵਾਲੀ ਗੱਲ ਹੈ, ਲੋਕਾਂ ਦਾ ਰੋਸ ਕਿਸ ਪਾਸੇ ਨੂੰ ਜਾ ਰਿਹਾ ਹੈ। ਮਰਨ ਨੂੰ ਕਿਸੇ ਦਾ ਜੀਅ ਨਹੀਂ ਕਰਦਾ, ਚਾਰੇ ਪਾਸਿਓਂ ਮਜਬੂਰ ਬੰਦਾ ਹੀ ਖੁਦਕੁਸ਼ੀ ਕਰਦਾ ਹੈ। ਕਿਸਾਨੀ ਬਹੁਤ ਤਕਲੀਫ ਵਾਲੇ ਹਾਲਾਤਾਂ ਵਿਚੋਂ ਲੰਘ ਰਹੀ ਹੈ। ਇਸ ਸਥਿਤੀ ਪਿੱਛੇ ਕਿਸਦਾ ਹੱਥ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਇਹ ਘਟਨਾ ਵੀ ਕਿਸੇ ਸਾਜਿਸ਼ ਦਾ ਹਿੱਸਾ ਹੈ। ਸਰਕਾਰਾਂ ਜਦੋਂ ਕਿਸੇ ਸੰਘਰਸ਼ ਨੂੰ ਕੰਟਰੋਲ ਨਹੀਂ ਕਰ ਪਾਉਂਦੀਆਂ ਤਾਂ ਇਹੋ ਜਿਹੀਆਂ ਹਰਕਤਾਂ ਕਰਦੀਆਂ ਹਨ। ਖੇਤੀ ਕਾਨੂੰਨਾਂ ਉੱਤੇ ਸਰਕਾਰ ਨੂੰ ਜਿੱਦੀ ਰਵੱਈਆ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਰੋਹ ਇਸ ਤਰ੍ਹਾਂ ਨਾ ਨਿਕਲੇ।
ਰਮਨ ਮਲਿਕ, ਬੀਜੇਪੀ

ਮੈਂ ਟਵਿਟਰ ਉਤੇ ਇਸ ਘਟਨਾ ਨਾਲ ਜੁੜੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਲੋਕ ਇਸਨੂੰ ਚੰਗਾ ਕਰਾਰ ਦੇ ਰਹੇ ਹਨ। ਪਰ ਇਹ ਕਿਹੋ ਜਿਹੀ ਸਥਿਤੀ ਹੈ। ਮੈਂ ਕਹਿੰਦਾ ਹਾਂ ਕਿ ਜਿਸਨੇ ਵੀ ਗਲਤ ਕੀਤਾ ਹੈ ਉਸਨੂੰ ਮਾਰਕੁਟ ਕੇ ਪੁਲਿਸ ਹਵਾਲੇ ਕਰਨਾ ਚਾਹੀਦਾ ਸੀ। ਜਿਨ੍ਹਾਂ ਨੇ ਇਹ ਕੀਤਾ ਉਹ ਸਿੱਖੀ ਵਿਚ ਰਹਿਣ ਦੇ ਲਾਇਕ ਨਹੀਂ ਹਨ। ਅਕਾਲ ਤਖਤ ਦੇ ਜਥੇਦਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹ ਕੌਣ ਲੋਕ ਹਨ ਜੋ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਸੱਚੇ ਪਾਤਸ਼ਾਹ ਇਹ ਵਹਿਸ਼ੀਪੁਣਾ ਨਹੀਂ ਸਿਖਾਉਂਦੇ ਹਨ। ਇਹ ਅੰਦੋਲਨ ਨਹੀਂ ਵਹਿਸ਼ੀਆਂ ਦਾ ਜਮਾਵੜਾ ਬਣ ਗਿਆ ਹੈ। ਇਸ ਲਈ ਰਾਕੇਸ਼ ਟਿਕੈਤ ਪੁਰੀ ਤਰ੍ਹਾਂ ਜਿੰਮੇਦਾਰ ਹੈ। ਕਿਸਾਨ ਮੋਰਚਾ ਨੂੰ ਇਸਦੀ ਜਿੰਮੇਦਾਰੀ ਲੈਣੀ ਚਾਹੀਦੀ ਹੈ।
ਬਲਜੀਤ ਸਿੰਘ ਦਾਦੂਵਾਲ, ਪ੍ਰਧਾਨ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ

ਜੋ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਨ੍ਹਾਂ ਦਾ ਇਨਸਾਫ ਨਹੀਂ ਹੋ ਰਿਹਾ ਹੈ। ਇਸਦੇ ਕਾਰਨ ਸਿੱਖਾਂ ਅੰਦਰ ਰੋਸ ਹੈ ਤੇ ਹਿਰਦੇ ਵਲੂੰਧਰੇ ਪਏ ਹਨ। ਬਰਗਾੜੀ ਕਾਂਡ ਤੋਂ ਬਾਅਦ ਵੀ ਕਈ ਘਟਨਾਵਾਂ ਵਾਪਰੀਆਂ ਹਨ। ਇਸ ਤਰ੍ਹਾਂ ਦੀ ਗੱਲ ਰੋਸ ਵਿਚੋਂ ਹੀ ਹੁੰਦੀ ਹੈ। ਇਹ ਘਟਨਾ ਲੁੱਕ ਛਿਪ ਕੇ ਨਹੀਂ, ਸਰੇਆਮ ਕੀਤੀ ਗਈ ਹੈ। ਹੁਣ ਇਹ ਜਾਂਚ ਦਾ ਵਿਸ਼ਾ ਹੈ। ਇਹ ਸਰਕਾਰਾਂ ਵਾਸਤੇ ਵੀ ਸੋਚਣ ਵਾਲੀ ਘਟਨਾ ਹੈ, ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਹਨ ਤਾਂ ਉਨ੍ਹਾਂ ਨੂੰ ਸਰਕਾਰਾਂ ਨੇ ਕਿਹੜੀ ਸਜਾ ਦਿੱਤੀ ਹੈ। ਲੀਡਰ ਤੇ ਪਾਰਟੀਆਂ ਬਦਲ ਜਾਂਦੀਆਂ ਹਨ ਪਰ ਇਨਸਾਫ ਨਹੀਂ ਮਿਲਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਸਟੀਫਾਈ ਨਹੀਂ ਕਰ ਸਕਦੇ। ਇਸ ਘਟਨਾ ਲਈ ਸਰਕਾਰਾਂ ਵੱਧ ਦੋਸ਼ੀ ਹਨ।
ਵਿਜੇ ਸਾਂਪਲਾ, ਬੀਜੇਪੀ

ਸਿੰਘੂ ਬਾਰਡਰ ਉੱਤੇ ਸੰਯੁਕਤ ਕਿਸਾਨ ਮੋਰਚਾ ਦੇ ਮੁੱਖ ਮੰਚ ਉੱਤੇ ਇਕ ਅਨੁਸੂਚਿਤ ਸ੍ਰੇਣੀ ਦੇ ਨੌਜਵਾਨ ਦੀ ਲਾਸ਼ ਲਟਕੀ ਮਿਲੀ ਹੈ। ਪਿੰਡ ਦੀ ਚੌਪਾਲ ਤੋਂ ਚੱਲ ਕੇ ਦਿੱਲੀ ਦੀ ਸਰਹੱਦ ਉੱਤੇ ਪਹੁੰਚੇ ਦਲਿਤ ਉਤਪੀੜਨ ਦੇ ਇਸ ਘ੍ਰਿਣਾਯੋਗ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਆਪਣੀ ਜਿੰਮੇਦਾਰੀ ਤੋਂ ਪਿੱਛੇ ਹਟਣ ਦੀ ਜਗ੍ਹਾ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਅਨੁਸੂਚਿਤ ਵਰਗ ਦੇ ਲਖਬੀਰ ਸਿੰਘ ਦੀ ਸਿੰਘੂ ਬਾਰਡਰ ਉੱਤੇ ਹੱਤਿਆ ਦੀ ਸਖਤ ਨਿਖੇਧੀ ਕਰਦਾ ਹਾਂ। ਭਾਈ ਘਨੱਈਆ ਜੀ ਦੇ ਵਾਰਿਸ ਅਜਿਹੀ ਤਾਲੀਬਾਨੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦੇ। ਕਿਸਾਨਾਂ ਦੇ ਓਹਲੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੇ ਅੱਤਵਾਦੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ।
