ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਹੁੰ ਚੁੱਤ ਸਮਾਗਮ ‘ਚ ਭਾਰਤ ਦੇ 7 ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਗਮ ਲਈ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਐਤਵਾਰ ਸਵੇਰੇ ਪਹਿਲੀ ਵਾਰ ਭਾਰਤ ਪਹੁੰਚੇ। ਉਸ ਤੋਂ ਤੁਰੰਤ ਬਾਅਦ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਵੀ ਦਿੱਲੀ ਆਏ।
ਜਦੋਂ ਕਿ ਸੇਸ਼ੇਲਸ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਕ ਦਿਨ ਪਹਿਲਾਂ ਸ਼ਨੀਵਾਰ ਦੁਪਹਿਰ ਨੂੰ ਭਾਰਤ ਆਏ ਸਨ। ਇਨ੍ਹਾਂ ਤੋਂ ਇਲਾਵਾ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ, ਨੇਪਾਲ ਦੇ ਪੀਐਮ ਪ੍ਰਚੰਡ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।
ਇਨ੍ਹਾਂ ਦੇਸ਼ਾਂ ਨੂੰ ਭਾਰਤ ਦੀ ‘ਨੇਬਰਹੁੱਡ ਫਸਟ’ ਨੀਤੀ ਅਤੇ ‘ਸਾਗਰ’ ਮਿਸ਼ਨ ਤਹਿਤ ਸਮਾਰੋਹ ਲਈ ਸੱਦਾ ਦਿੱਤਾ ਗਿਆ ਹੈ। ਦਿੱਲੀ ਦੇ ਸਭ ਤੋਂ ਵੱਡੇ ਹੋਟਲਾਂ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਆਈਟੀਸੀ ਮੌਰਿਆ, ਤਾਜ ਹੋਟਲ, ਓਬਰਾਏ, ਕਲੇਰਿਜ ਅਤੇ ਲੀਲਾ ਹੋਟਲ ਸ਼ਾਮਲ ਹਨ। ਉਨ੍ਹਾਂ ਦੀ ਸੁਰੱਖਿਆ ਲਈ 2500 ਅਰਧ ਸੈਨਿਕ ਬਲ ਅਤੇ ਦਿੱਲੀ ਆਰਮਡ ਪੁਲਿਸ (ਡੀਏਪੀ) ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਸਨਾਈਪਰ ਅਤੇ ਪੁਲਿਸ ਫੋਰਸ ਵੀ ਇਲਾਕੇ ‘ਚ ਮੌਜੂਦ ਰਹੇਗੀ। ਹਵਾਈ ਅੱਡੇ ਤੋਂ ਹੋਟਲ ਅਤੇ ਸਥਾਨ ਤੱਕ ਵਿਦੇਸ਼ੀ ਨੇਤਾਵਾਂ ਦੇ ਰੂਟ ‘ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ। ਇਸ ਪ੍ਰੋਗਰਾਮ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸ਼ਨੀਵਾਰ ਨੂੰ ਹੀ ਭਾਰਤ ਪਹੁੰਚੀ ਸੀ। ਹਾਲਾਂਕਿ ਸਾਰੇ ਵਿਦੇਸ਼ੀ ਮਹਿਮਾਨਾਂ ‘ਚ ਸਭ ਤੋਂ ਜ਼ਿਆਦਾ ਧਿਆਨ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ ਦੌਰੇ ‘ਤੇ ਰਹੇਗਾ।
ਸ਼ਨੀਵਾਰ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਸਵੀਕਾਰ ਕਰਦੇ ਹੋਏ ਮੁਈਜ਼ੂ ਨੇ ਕਿਹਾ ਸੀ, “ਇਸ ਇਤਿਹਾਸਕ ਸਮਾਗਮ ਵਿੱਚ ਹਿੱਸਾ ਲੈਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਮਾਲਦੀਵ-ਭਾਰਤ ਸਬੰਧਾਂ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨਾ ਜਾਰੀ ਰੱਖਾਂਗਾ।”