Punjab

ਲਾਰੈਂਸ ਦੀ ਇੰਟਰਵਿਊ : ਮਾਮਲਾ ਪਹੁੰਚਿਆ ਹਾਈਕੋਰਟ,ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ

ਚੰਡੀਗੜ੍ਹ :  ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਲਾਈਵ ਇੰਟਰਵਿਊ ਦਾ ਮਾਮਲਾ ਹੁਣ ਉੱਚ ਅਦਾਲਤ ਵਿੱਚ ਪਹੁੰਚ ਗਿਆ ਹੈ। ਇੱਕ ਵਕੀਲ ਐਡਵੋਕੇਟ ਗੌਰਵ ਭਾਟੀਆ ਨੇ ਇਹ ਪਟੀਸ਼ਨ ਅਦਾਲਤ ਵਿੱਚ ਪਾਈ ਹੈ। ਉਹਨਾਂ ਨੇ ਇਸ ਨੂੰ ਦੇਸ਼ ਦਾ ਪਹਿਲਾ ਅਜਿਹਾ ਮਾਮਲਾ ਦੱਸਿਆ ਹੈ ਤੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਂਦਰੀ ਜਾਂਚ ਏਜੰਸੀਆਂ ਤੋਂ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ‘ਤੇ ਜਲਦ ਹੀ ਹਾਈਕੋਰਟ ‘ਚ ਸੁਣਵਾਈ ਹੋਵੇਗੀ।

ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਗੌਰਵ ਭਾਟੀਆ ਨੇ ਆਪਣੀ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ 14 ਮਾਰਚ 2023 ਨੂੰ ਸ਼ਾਮ 5 ਵਜੇ ਇੱਕ ਨਿੱਜੀ ਚੈਨਲ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਲਾਈਵ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ਸੀ। ਪਟੀਸ਼ਨਰ ਨੇ ਕਿਹਾ ਕਿ ਬਿਸ਼ਨੋਈ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਹੈ।

ਲਾਰੈਂਸ ਦੀ ਇੰਟਰਵਿਊ ਨੂੰ ਜਿਸ ਤਰੀਕੇ ਨਾਲ ਪ੍ਰਸਾਰਿਤ ਕੀਤਾ ਗਿਆ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਇਸ ਲਈ ਪੂਰਾ ਸਟੂਡੀਓ ਪ੍ਰਬੰਧ ਕੀਤਾ ਗਿਆ ਹੈ ਪਰ ਜੇਲ੍ਹ ਦੇ ਨਿਯਮਾਂ ਅਨੁਸਾਰ ਕਿਸੇ ਵੀ ਕੈਦੀ ਨੂੰ ਮੋਬਾਈਲ, ਇੰਟਰਨੈੱਟ ਤੇ ਹੋਰ ਸਹੂਲਤਾਂ ਦੀ ਮਨਾਹੀ ਹੈ, ਫਿਰ ਵੀ ਇਸ ਤਰ੍ਹਾਂ ਦੀ ਇੰਟਰਵਿਊ ਪੂਰੇ ਜੇਲ੍ਹ ਸਿਸਟਮ ‘ਤੇ ਸਵਾਲ ਖੜ੍ਹੇ ਕਰਦੀ ਹੈ |

ਲਾਰੈਂਸ ਖਿਲਾਫ ਨਾ ਸਿਰਫ ਹਰਿਆਣਾ ਅਤੇ ਪੰਜਾਬ ਸਗੋਂ ਪੂਰੇ ਦੇਸ਼ ਵਿਚ ਕੇਸ ਦਰਜ ਹਨ। ਅਜਿਹੇ ‘ਚ ਅਧਿਕਾਰੀ ਇਕ-ਦੂਜੇ ‘ਤੇ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇੰਟਰਵਿਊ ਤੋਂ ਸਾਫ਼ ਹੁੰਦਾ ਹੈ ਕਿ ਜੇਲ੍ਹਾਂ ਅਜਿਹੇ ਅਪਰਾਧੀਆਂ ਲਈ ਸੁਰੱਖਿਅਤ ਘਰ ਬਣ ਗਈਆਂ ਹਨ, ਜਿੱਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਪਟੀਸ਼ਨਕਰਤਾ ਨੇ ਅਪੀਲ ਕੀਤੀ ਹੈ ਕਿ ਕੇਂਦਰੀ ਜਾਂਚ ਏਜੰਸੀ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਜਾਣ ਅਤੇ ਇਸ ਨਾਕਾਮੀ ਲਈ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ।