Punjab

ਲਾਰੈਂਸ ਦੇ ਇੰਟਰਵਿਊ ‘ਤੇ SIT ਦਾ ਵੱਡਾ ਖੁਲਾਸਾ! ਪਹਿਲਾਂ ਇੰਟਰਵਿਊ ਖਰੜ ਦੂਜਾ ਇਸ ਸੂਬੇ ਵਿੱਚ ਹੋਇਆ! ਹਾਈਕੋਰਟ ਨੇ DGP ਤੋਂ ਮੰਗਿਆ ਪੂਰਾ ਹਿਸਾਬ

ਬਿਉਰੋ ਰਿਪੋਰਟ – ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈਕੇ SIT ਨੇ ਪਹਿਲਾਂ ਹਾਈਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਗੈਂਗਸਟਰ ਦਾ ਇੰਟਰਵਿਊ ਪੰਜਾਬ ਵਿੱਚ ਹੋਇਆ ਹੈ, ਅੱਜ ਕਿਸ ਜੇਲ੍ਹ ਵਿੱਚ ਹੋਇਆ ਇਸ ਸਬੰਧੀ ਵੀ ਖੁਲਾਸਾ ਕੀਤਾ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੂੰ SIT ਮੁਖੀ ਸੁਬੋਧ ਕੁਮਾਰ ਨੇ ਦੱਸਿਆ ਹੈ ਕਿ ਲਾਰੈਂਸ ਦਾ ਪਹਿਲਾਂ ਇੰਟਰਵਿਊ ਖਰੜ CIA ਦੀ ਕਸਟਡੀ ਵਿੱਚ ਹੋਇਆ ਹੈ। ਜਦਕਿ ਦੂਜਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਕੀਤਾ ਗਿਆ ਹੈ। ਦਰਅਸਲ ਲਾਰੈਂਸ ਦੇ ਖਿਲਾਫ ਪੰਜਾਬ ਵਿੱਚ ਤਕਰੀਬਨ 20 ਕੇਸ ਚੱਲ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੂੰ ਮਾਨਸਾ ਅਤੇ ਫਿਰ ਖਰੜ CIA ਸਟਾਫ ਵੱਲੋਂ ਪੁੱਛ-ਗਿੱਛ ਦੇ ਲਈ ਲਿਆਂਦਾ ਗਿਆ ਸੀ।

ਪੰਜਾਬ ਹਰਿਆਣਾ ਹਾਈਕੋਰਟ ਨੇ ਰਿਪੋਰਟ ਪੜ੍ਹਨ ਤੋਂ ਬਾਅਦ ਕਿਹਾ ਕਿ ਪੰਜਾਬ ਸਰਕਾਰ ਦੀ ਜਿਹੜੀ SIT ਨੇ ਪਹਿਲੀ ਰਿਪੋਰਟ ਪੇਸ਼ ਕੀਤੀ ਸੀ ਉਹ ਗੁੰਮਰਾਹ ਕਰਨ ਵਾਲੀ ਸੀ। ਅਸੀਂ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਵਾਂਗੇ। ਅਦਾਲਤ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਤੁਸੀਂ ਐਫੀਡੇਵਿਟ ਦਿਉਂ ਕਿ ਜੇਲ੍ਹ ਵਿੱਚੋਂ ਕਿੰਨ੍ਹੇ ਲੋਕਾਂ ਨੂੰ ਫਿਰੋਤੀ ਦੀ ਧਮਕੀ ਮਿਲੀ ਹੈ। ਜੱਜ ਨੇ ਕਿਹਾ ਪੰਜਾਬ ਪੁਲਿਸ ਚੰਗੀ ਫੋਰਸ ਹੈ ਪਰ ਉਨ੍ਹਾਂ ਨੂੰ ਕਾਲੀਆਂ ਭੇਡਾਂ ਦੀ ਤਲਾਸ਼ ਕਰਨੀ ਹੋਵੇਗੀ। ਇਸ ਤੋਂ ਇਲਾਵਾ ਅਦਾਲਤ ਨੇ ਰਾਜਸਥਾਨ ਸਰਕਾਰ ਨੂੰ ਵੀ ਇਸ ਕੇਸ ਵਿੱਚ ਹੁਣ ਪਾਰਟੀ ਬਣਾ ਲਿਆ ਹੈ ਕਿਉਂਕਿ ਦੂਜਾ ਇੰਟਰਵਿਊ ਉਨ੍ਹਾਂ ਦੇ ਸੂਬੇ ਦੀ ਜੇਲ਼੍ਹ ਵਿੱਚ ਹੋਇਆ ਸੀ। ਜ਼ਾਹਿਰ ਹੈ SIT ਦੀ ਰਿਪੋਰਟ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਗੌਰਵ ਯਾਦਵ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ।

ਜਦੋਂ ਲਾਰੈਂਸ ਦਾ ਇੰਟਰਵਿਊ ਹੋਇਆ ਸੀ ਤਾਂ ਪੰਜਾਬ ਸਰਕਾਰ ਅਤੇ DGP ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਪੰਜਾਬ ਤੋਂ ਬਾਹਰ ਹੋਇਆ ਹੈ। ਡੀਜੀਪੀ ਨੇ ਪਹਿਲੇ ਇੰਟਰਵਿਊ ਤੋਂ ਬਾਅਦ ਵੀਡੀਓ ਪੇਸ਼ ਕਰਕੇ ਕਿਹਾ ਸੀ ਕਿ ਪੰਜਾਬ ਵਿੱਚ ਜਦੋਂ ਲਾਰੈਂਸ ਨੂੰ ਲੈਕੇ ਆਏ ਸੀ ਤਾਂ ਉਸ ਦੀ ਦਾੜੀ ਨਹੀਂ ਵਧੀ ਸੀ ਜਦਕਿ ਪਹਿਲੇ ਇੰਟਰਵਿਊ ਵਿੱਚ ਉਸ ਦੀ ਦਾੜੀ ਵਧੀ ਹੋਈ ਸੀ। ਇਸ ਤੋਂ ਅਗਲੇ ਦਿਨ ਹੀ ਟੀਵੀ ਚੈਨਲ ਨੇ ਲਾਰੈਂਸ ਦਾ ਦੂਜਾ ਇੰਟਰਵਿਊ ਪੇਸ਼ ਕੀਤਾ ਜਿਸ ਵਿੱਚ ਉਹ ਕਲੀਨ ਸ਼ੇਵ ਸੀ।

ਇਹ ਵੀ ਪੜ੍ਹੋ –    ਮੁੱਖ ਮੰਤਰੀ ਦੀ ਹਰਿਆਣਾ ਦੇ ਚਰਖੀ ਦਾਦਰੀ ‘ਚ ਲਲਕਾਰ, ਜੋ ਕਰੋਗੇ ਤਾਨਾਸ਼ਾਹੀ ਤਾਂ ਹੋਵੇਗਾ ਬੰਗਲਾਦੇਸ਼ ਵਰਗਾ ਹਾਲ