ਮਾਨਸਾ : ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁਕਤਸਰ ਪੁਲਿਸ ਨੇ 16 ਦਸੰਬਰ ਤੱਕ ਦਾ ਰਿਮਾਂਡ ਲੈ ਲਿਆ ਹੈ। ਅੱਜ ਹੀ ਲਾਰੈਂਸ ਦਾ ਛੇ ਦਿਨ ਦਾ ਰਿਮਾਂਡ ਪੂਰਾ ਹੋ ਰਿਹਾ ਸੀ,ਜਿਸ ਤੋਂ ਬਾਅਦ ਪੁਲੀਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ 8 ਦਿਨਾਂ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਗੈਂਗਸਟਰ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹੀ ਦਿੱਤਾ ਹੈ ।
ਹੁਣ ਅਦਾਲਤ ਵਿੱਚ ਲਾਰੈਂਸ ਦੀ 16 ਦਸੰਬਰ ਨੂੰ ਮੁੜ ਪੇਸ਼ ਕੀਤਾ ਜਾਵੇਗਾ। ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਅੱਜ 8 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਤੇ ਅਦਾਲਤ ਵਲੋਂ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ। ਮੁਕਤਸਰ ਸਾਹਿਬ ਪੁਲੀਸ ਬਿਸ਼ਨੋਈ ਨੂੰ 2021 ਦੇ ਫਿਰੌਤੀ ਦੇ ਮਾਮਲੇ ਵਿਚ ਲੈ ਕੇ ਆਈ ਹੈ।
ਬੀਤੀ 8 ਦਸੰਬਰ ਨੂੰ ਫਿਰੌਤੀ ਦੇ ਇੱਕ ਮਾਮਲੇ ਵਿੱਚ ਲਾਰੈਂਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਉਸ ਦਾ ਛੇ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ, ਜੋ ਪੂਰਾ ਹੁੰਦੇ ਹੀ ਲਾਰੈਂਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲੀਸ ਪੱਖ ਨੇ ਪੁੱਛਗਿੱਛ ਲਈ ਹੋਰ ਸਮਾਂ ਮੰਗਦਿਆਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਪਰ ਅਦਾਲਤ ਨੇ ਸਿਰਫ਼ ਤਿੰਨ ਦਿਨ ਦਾ ਰਿਮਾਂਡ ਦਿੱਤਾ।
ਥਾਣਾ ਸਿਟੀ ਵਿੱਚ ਦਰਜ ਐਫਆਈਆਰ ਨੰਬਰ 67 ਦੇ ਸਬੰਧ ਵਿੱਚ ਪੰਜਾਬ ਪੁਲਿਸ ਲਾਰੈਂਸ ਨੂੰ ਦਿੱਲੀ ਤੋਂ ਲੈ ਕੇ ਆਈ ਸੀ ਅਤੇ ਮੁਕਤਸਰ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਛੇ ਦਿਨ ਦਾ ਰਿਮਾਂਡ ਲਿਆ ਸੀ।
ਜ਼ਿਕਰਯੋਗ ਹੈ ਕਿ 22 ਮਾਰਚ 2021 ਨੂੰ ਇੱਕ ਵਿਅਕਤੀ ਨੇ ਥਾਣਾ ਸਿਟੀ ਮੁਕਤਸਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਤੋਂ ਤਿੰਨ ਨੰਬਰਾਂ ਤੋਂ ਕਾਲਾਂ ਰਾਹੀਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਪੈਸੇ ਨਾ ਦੇਣ ‘ਤੇ ਪੁੱਤਰ ਦਾ ਕਤਲ ਕਰਨ ਦੀ ਗੱਲ ਚੱਲ ਰਹੀ ਹੈ। ਧਮਕੀ ਦੇਣ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੱਸ ਰਿਹਾ ਸੀ।
ਇਸ ਦੇ ਨਾਲ ਹੀ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਕਿ ਉਹ 23 ਮਾਰਚ ਨੂੰ ਫਰੀਦਕੋਟ ਵਿੱਚ ਪੇਸ਼ ਹੋਣ ਵਾਲਾ ਹੈ, ਇਸ ਲਈ ਉਸ ਤੋਂ ਪਹਿਲਾਂ ਫਿਰੌਤੀ ਅਦਾ ਕਰ ਦਿਓ। ਇਸ ਸਬੰਧੀ ਪੁਲੀਸ ਨੇ ਲਾਰੈਂਸ ਖ਼ਿਲਾਫ਼ ਧਾਰਾ 387, 506 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।