The Khalas Tv Blog India ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੂੰ ਭਾਰਤ ਲੈ ਕੇ ਆਈ ਦਿੱਲੀ ਪੁਲਿਸ…
India Punjab

ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੂੰ ਭਾਰਤ ਲੈ ਕੇ ਆਈ ਦਿੱਲੀ ਪੁਲਿਸ…

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਜ਼ਰਬਾਈਜਾਨ ਦੇ ਬਾਕੂ ਤੋਂ ਭਾਰਤ ਲਿਆਂਦਾ ਹੈ। ਦਿੱਲੀ ਪੁਲਿਸ ਦੀ ਟੀਮ ਅੱਜ ਸਚਿਨ ਬਿਸ਼ਨੋਈ ਨੂੰ ਲੈ ਕੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ।

ਕੌਣ ਹੈ ਸਚਿਨ ਬਿਸ਼ਨੋਈ?

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਸਚਿਨ ਬਿਸ਼ਨੋਈ ਦਾ ਵੀ ਹੱਥ ਹੈ। ਹੁਣ ਪੰਜਾਬ ਪੁਲਿਸ ਉਸ ਨੂੰ ਪੰਜਾਬ ਲਿਆ ਸਕਦੀ ਹੈ। ਸਚਿਨ ਬਿਸ਼ਨੋਈ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ। ਸਚਿਨ ਬਿਸ਼ਨੋਈ ਭਾਰਤ ਵਿੱਚ ਰਹਿੰਦਿਆਂ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸੀ। ਉਸ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਯੋਜਨਾ ਬਣਾਈ ਸੀ। ਉਹ ਦਿੱਲੀ ਤੋਂ ਫ਼ਰਜ਼ੀ ਪਾਸਪੋਰਟ ਬਣਵਾ ਕੇ ਅਜ਼ਰਬਾਈਜਾਨ ਭੱਜ ਗਿਆ ਸੀ।

ਸਚਿਨ ਦੇ ਭਾਰਤ ਆਉਂਦੇ ਹੀ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ। ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਗੈਂਗਸਟਰ ਸਚਿਨ ਬਿਸ਼ਨੋਈ ਕਤਲ ਤੋਂ ਪਹਿਲਾਂ 21 ਅਪ੍ਰੈਲ 2022 ਤੱਕ ਭਾਰਤ ਵਿੱਚ ਸੀ।

ਇਸ ਤੋਂ ਬਾਅਦ ਉਹ ਫ਼ਰਜ਼ੀ ਨਾਂ ‘ਤੇ ਪਾਸਪੋਰਟ ਬਣਵਾ ਕੇ ਭਾਰਤ ਤੋਂ ਭੱਜ ਗਿਆ। ਸਚਿਨ ਬਿਸ਼ਨੋਈ ਦਾ ਫ਼ਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ‘ਤੇ ਬਣਿਆ ਸੀ। ਇਸ ਫ਼ਰਜ਼ੀ ਪਾਸਪੋਰਟ ‘ਤੇ ਸਚਿਨ ਬਿਸ਼ਨੋਈ ਦਾ ਫ਼ਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ।

ਪੁਲਿਸ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ 26 ਸਾਲਾ ਸਚਿਨ ਖ਼ਿਲਾਫ਼ ਕਰੀਬ 12 ਮਾਮਲੇ ਚੱਲ ਰਹੇ ਹਨ। ਸਚਿਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਇਹ ਉਸ ਦੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਮੁਕਤਸਰ ਜ਼ਿਲ੍ਹੇ ਦੀ ਲੰਬੀ ਸਬ-ਤਹਿਸੀਲ ਦੇ ਪਿੰਡ ਮਿੱਡੂਖੇੜਾ ਦਾ ਯੂਥ ਅਕਾਲੀ ਦਲ ਦਾ ਆਗੂ ਸੀ। ਅਗਸਤ 2021 ਵਿੱਚ ਮੋਹਾਲੀ ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸਚਿਨ ਨੂੰ ਅਜ਼ਰਬਾਈਜਾਨ ਵਿੱਚ ਸਥਾਨਕ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਸੀ। ਉਹ ਫ਼ਰਜ਼ੀ ਪਾਸਪੋਰਟ ‘ਤੇ ਪਿਛਲੇ ਅਪ੍ਰੈਲ ‘ਚ ਭਾਰਤ ਤੋਂ ਭੱਜ ਗਿਆ ਸੀ। ਪੁਲਿਸ ਨੇ ਕਿਹਾ ਕਿ ਉਸ ਦੇ ਚਚੇਰੇ ਭਰਾ ਅਨਮੋਲ ਬਿਸ਼ਨੋਈ ਨੂੰ 2022 ਵਿੱਚ ਕੀਨੀਆ ਵਿੱਚ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਸਨ, ਪਰ ਉਸ ਨੂੰ ਕਥਿਤ ਤੌਰ ‘ਤੇ ਇਸ ਸਾਲ ਅਮਰੀਕਾ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨਾਲ ਪਾਰਟੀ ਕਰਦੇ ਦੇਖਿਆ ਗਿਆ ਸੀ। ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ, ਪੰਜਾਬ ਵਿੱਚ ਹਮਲਾਵਰਾਂ ਦੇ ਇੱਕ ਸਮੂਹ ਦੁਆਰਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਅਪਰਾਧ ਦੇ ਮੁੱਖ ਦੋਸ਼ੀਆਂ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਗੋਲਡੀ ਬਰਾੜ ਨੇ ਕਤਲ ਤੋਂ ਬਾਅਦ ਇੱਕ ਫੇਸਬੁੱਕ ਪੋਸਟ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਸ ਨੇ ਆਪਣੇ ਕਰੀਬੀ ਸਾਥੀ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਇਹ ਕਤਲ ਕੀਤਾ ਹੈ। ਸਚਿਨ ਅਤੇ ਅਨਮੋਲ ਦੋਵੇਂ ਪਿਛਲੇ ਸਾਲ ਮਈ ਤੋਂ ਫ਼ਰਾਰ ਸਨ। ਸਚਿਨ ਗ੍ਰਿਫ਼ਤਾਰੀ ਤੋਂ ਬਚਣ ਲਈ ਵਿਦੇਸ਼ ਭੱਜ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਹ ਪਹਿਲਾਂ ਫ਼ਰਜ਼ੀ ਪਾਸਪੋਰਟ ‘ਤੇ ਦੁਬਈ ਗਿਆ ਅਤੇ ਫਿਰ ਦੂਜੇ ਦੇਸ਼ਾਂ ‘ਚ ਗਿਆ।

Exit mobile version