Punjab

NIA ਵੱਲੋਂ ‘ਖਾਲਸਾ ਏਡ ਦੇ’ ਗੁਦਾਮਾਂ ‘ਚ ਸਰਚ ਆਪਰੇਸ਼ਨ !

ਬਿਊਰੋ ਰਿਪੋਰਟ : ਕੇਂਦਰ ਸਰਕਾਰ ਦੀ ਕੌਮੀ ਜਾਂਚ ਏਜੰਸੀ(NIA)ਦੀ ਟੀਮ ਨੇ ਪੂਰੇ ਪੰਜਾਬ ਵਿੱਚ 15 ਥਾਵਾਂ ‘ਤੇ ਰੇਡ ਕੀਤੀ। ਇਸ ਦੌਰਾਨ ਖ਼ਬਰ ਹੈ ਕਿ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰ ਰਹੀ ਕੌਮਾਂਤਰੀ ਸੰਸਥਾ ਖ਼ਲਾਸਾ ਏਡ ਦੇ ਗੁਦਾਮਾਂ ‘ਤੇ ਵੀ NIA ਦੀ ਟੀਮ ਪਹੁੰਚੀ ਅਤੇ ਜਾਂਚ ਕੀਤੀ । ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਅਤੇ ਰਾਜਪੁਰਾ ਰੋਡ ‘ਤੇ ਖ਼ਾਲਸਾ ਏਡ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਗੁਦਾਮ ਬਣਾਏ ਹਨ ਜਿੱਥੋਂ ਪੂਰੇ ਪੰਜਾਬ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ । NIA ਦੀ ਟੀਮ ਨੇ ਪਟਿਆਲਾ ਦੀ ਰਿਸ਼ੀ ਕਾਲੋਨੀ ਅਤੇ ਰਾਜਪੁਰਾ ਰੋਡ ਦੇ ਪੈਲੇਸ ਵਿੱਚ ਬਣੇ ਗੁਦਾਮ’ ਤੇ ਪਹੁੰਚੀ ਅਤੇ ਸਰਚ ਅਪਰੇਸ਼ਨ ਕੀਤਾ । ਇਸ ਤੋਂ ਬਾਅਦ ਪੰਜਾਬ ਵਿੱਚ ਖ਼ਾਲਸਾ ਏਡ ਦੇ ਮੁਖੀ ਅਮਰਪ੍ਰੀਤ ਸਿੰਘ ਦੇ ਘਰ ਵਿੱਚ NIA ਦੀ ਟੀਮ ਤੜਕੇ ਪਹੁੰਚੀ ।

ਨਿਊਜ਼ 18 ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਮਰਪ੍ਰੀਤ ਸਿੰਘ ਦੇ ਪਿਤਾ ਨੇ ਇਸ ਦੀ ਤਸਦੀਕ ਕਰਦੇ ਹੋਏ ਕਿਹਾ ਕਿ NIA ਦੇ ਅਧਿਕਾਰੀਆਂ ਨੇ ਕੁੱਝ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਚਲੇ ਗਏ । ਉਨ੍ਹਾਂ ਨੇ ਦੱਸਿਆ ਕਿ NIA ਦੀ ਟੀਮ ਨੇ ਅਮਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਪਰ ਕੋਈ ਦਸਤਾਵੇਜ਼ ਅਤੇ ਮੋਬਾਈਲ ਆਪਣੇ ਨਾਲ ਨਹੀਂ ਲੈ ਕੇ ਗਏ । ਇਸ ਤੋਂ ਪਹਿਲਾਂ ਖ਼ਬਰ ਆ ਰਹੀ ਸੀ ਕਿ NIA ਦੀ ਟੀਮ ਅਮਰਪ੍ਰੀਤ ਸਿੰਘ ਦਾ ਮੋਬਾਈਲ ਲੈ ਗਈ । ਕਿਉਂਕਿ ਉਨ੍ਹਾਂ ਦਾ ਮੋਬਾਈਲ ਬੰਦ ਆ ਰਿਹਾ ਸੀ ਜਦਕਿ ਪਿਤਾ ਨੇ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ ਹੈ ।

ਪਿਤਾ ਨੇ ਦੱਸਿਆ ਕਿ NIA ਦੀ ਟੀਮ ਨੇ ਸਾਡੇ ਨਾਲ ਰੁਟੀਨ ਗੱਲਬਾਤ ਕੀਤੀਆਂ ਹਨ । ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ NIA ਦੀ ਟੀਮ ਨੇ ਰੇਡ ਕੀਤੀ ।

ਜਲੰਧਰ ਵਿੱਚ ਅਕਾਲੀ ਆਗੂ ਦੇ ਘਰ ਰੇਡ

ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗ ਦੇ ਪਿੰਡ ਦੌਲਤਪੁਰ ਵਿੱਚ ਸਾਬਕਾ ਸਰਪੰਚ ਮਲਕੀਤ ਸਿੰਘ ਦੌਲਪੁਰ ਦੇ ਘਰ ਵਿੱਚ NIA ਦੀ ਟੀਮ ਪਹੁੰਚੀ । ਉਹ ਅਕਾਲੀ ਦਲ ਦੇ ਆਗੂ ਹਨ। NIA ਦੀ ਟੀਮ ਸਵੇਰ 3 ਵਜੇ ਮਲਕੀਤ ਸਿੰਘ ਦੌਲਤਪੁਰ ਦੇ ਘਰ ਪਹੁੰਚੀ ਉਸ ਵਕਤ ਸਾਰਾ ਪਰਿਵਾਰ ਸੁੱਤਾ ਹੋਇਆ ਸੀ । NIA ਨੇ ਸਾਰਿਆਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬਿਠਾਇਆ ਅਤੇ ਵੱਖ-ਵੱਖ ਪੁੱਛ ਗਿੱਛ ਕੀਤੀ ।

ਗੈਂਗਸਟਰਾਂ ਨਾਲ ਕੁਨੈਕਸ਼ਨ ਨੂੰ ਲੈ ਕੇ ਪੁੱਛ-ਗਿੱਛ

ਇਸ ਤੋਂ ਇਲਾਵਾ ਗੈਂਗਸਟਰ ਸਿੰਡੀਕੇਟ ਨੂੰ ਲੈ ਕੇ NIA ਦੀ ਟੀਮ ਨੇ ਮੋਗਾ ਜ਼ਿਲ੍ਹੇ ਦੇ ਤਹਿਤ ਆਉਂਦੇ ਪਿੰਡ ਧੂਰਕੋਟ ਨਿਹਾਲ ਸਿੰਘ ਵਾਲਾ ਦੇ ਜਸਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ । ਜਸਵਿੰਦਰ ਨਾਲ ਵੀ NIA ਦੇ ਅਧਿਕਾਰੀਆਂ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੂੰ ਲੈ ਕੇ ਪੁੱਛ-ਗਿੱਛ ਕੀਤੀ । ਇਸ ਤੋਂ ਇਲਾਵਾ NIA ਦੀ ਟੀਮ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਦੇ ਲਵਸ਼ਿੰਦਰ ਸਿੰਘ ਦੇ ਘਰ ਤੜਕੇ ਪਹੁੰਚ ਗਈ । ਲਵਸ਼ਿੰਦਰ ਸਿੰਘ ਸਾਬਕਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗੂ ਹੈ । ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਹਮਾਇਤੀਆਂ ਦੇ ਨਾਲ ਲਿੰਕ ਨੂੰ ਲੈ ਕੇ ਉਸ ਤੋਂ ਪੁੱਛ-ਗਿੱਛ ਕੀਤੀ ਗਈ ।