India

ਯੂਪੀ ਨੇ ਹਿਲਾਇਆ ਪੂਰਾ ਮੁਲਕ, ਦਫ਼ਾ 144 ਲਾਗੂ, ਇੰਟਰਨੈੱਟ ਬੰਦ, ਸੂਬੇ ‘ਚ ਹੁਣ ਤੱਕ ਦੇ ਕੀ ਹਨ ਤਾਜ਼ਾ ਹਾਲਾਤ…

Latest situation in UP so far

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਸਾਬਕਾ ਸੰਸਦ ਮੈਂਬਰ ਤੇ ਬਾਹੂਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੂਬਾ ਪੁਲਿਸ ਨੇ ਇਸ ਕਤਲ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਹਮਲਾਵਰ ਪੱਤਰਕਾਰ ਬਣ ਕੇ ਆਏ ਸਨ ਅਤੇ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹਮਲਾਵਰਾਂ ਦੀ ਪਛਾਣ

ਪੁਲਿਸ ਨੇ ਅਤੀਕ ਅਹਿਮਦ ਅਤੇ ਅਸ਼ਰਫ਼ ਦੀ ਹੱਤਿਆ ਕਰਨ ਵਾਲੇ ਤਿੰਨ ਹਮਲਾਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਅਰੁਣ ਮੌਰਿਆ, ਸੰਨੀ ਅਤੇ ਲਵਲੇਸ਼ ਤਿਵਾਰੀ ਵਜੋਂ ਹੋਈ ਹੈ। ਤਿੰਨੋਂ ਮੀਡੀਆ ਵਾਲਿਆਂ ਦੇ ਭੇਸ ਵਿੱਚ ਪਹੁੰਚੇ ਸਨ।

17 ਪੁਲਿਸ ਮੁਲਾਜ਼ਮ ਸਸਪੈਂਡ

ਦੋਵਾਂ ਕਤਲਾਂ ਵਿੱਚ ਲਾਪਰਵਾਹੀ ਦੇ ਦੋਸ਼ ਹੇਠ ਯੂਪੀ ਪੁਲੀਸ ਦੇ 17 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ।

ਨਿਆਂਇਕ ਕਮਿਸ਼ਨ ਦਾ ਗਠਨ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਉੱਚ ਪੱਧਰੀ ਬੈਠਕ ਕੀਤੀ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਹੈ।

ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ, “ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੈਡੀਕਲ ਲਈ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਇਹ ਘਟਨਾ ਵਾਪਰੀ ਹੈ।”

ਯੂਪੀ ‘ਚ ਦਫ਼ਾ 144 ਲਾਗੂ, ਹਾਈ ਅਲਰਟ

ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਤੋਂ ਬਾਅਦ ਯੂਪੀ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਸੁਰੱਖਿਆ ਪ੍ਰਬੰਧਾ ਨੂੰ ਸਖਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਯੂਪੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰੀ ਰਿਹਾਇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਵਿਧਾਇਕ ਰਾਜੂ ਪਾਲ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ‘ਚ ਬੰਦ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਨੂੰ ਪੁੱਛਗਿੱਛ ਲਈ ਪ੍ਰਯਾਗਰਾਜ ਲਿਜਾਇਆ ਗਿਆ ਸੀ ਤੇ ਉਸ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਭੇਜਿਆ ਜਾਣਾ ਸੀ।

ਪ੍ਰਯਾਗਰਾਜ ਬਾਰਡਰ ਸੀਲ, ਇੰਟਰਨੈੱਟ ਬੰਦ

ਪ੍ਰਯਾਗਰਾਜ ਅਤੇ ਕਾਨਪੁਰ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪ੍ਰਯਾਗਰਾਜ ਦਾ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।

ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਆਦਿੱਤਿਆਨਾਥ ਨੇ ਉੱਚ ਪੱਧਰੀ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ ਉਨ੍ਹਾਂ ਡੀਜੀਪੀ ਨੂੰ ਘਟਨਾ ਸਥਾਨ ਦਾ ਦੌਰਾ ਕਰਕੇ ਵਿਸਤ੍ਰਿਤ ਰਿਪੋਰਟ ਦੇਣ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਪ੍ਰਮੁੱਖ ਸਕੱਤਰ ਗ੍ਰਹਿ/ਡੀਜੀਪੀ ਨੇ ਪੂਰੇ ਸੂਬੇ ਵਿੱਚ ਹਾਈ ਅਲਰਟ ਕਰ ਦਿੱਤਾ ਹੈ। ਸੂਬੇ ਵਿੱਚ ਸਟੇਸ਼ਨ ਵਾਈਜ਼ ਗਸ਼ਤ ਦੇ ਹੁਕਮ ਦਿੱਤੇ ਗਏ ਹਨ। ਪੂਰੇ ਉੱਤਰ ਪ੍ਰਦੇਸ਼ ਦੇ ਹਰੇਕ ਥਾਣਾ ਇੰਚਾਰਜ ਨੂੰ ਆਪਣੇ ਥਾਣਿਆਂ ਦੇ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਗਸ਼ਤ ਅਤੇ ਸੁਰੱਖਿਆ ਪ੍ਰਬੰਧ ਬਣਾਏ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਹਮਲੇ ਤੋਂ ਪਹਿਲਾਂ ਕੀ ਕਹਿ ਰਹੇ ਸਨ ਅਤੀਕ ਅਹਿਮਦ

ਹਮਲੇ ਤੋਂ ਠੀਕ ਪਹਿਲਾਂ ਅਤੀਕ ਅਹਿਮਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ। ਗੋਲ਼ੀ ਲੱਗਣ ਤੋਂ ਐਨ ਪਹਿਲਾਂ, ਇੱਕ ਵੀਡੀਓ ਵਿੱਚ ਅਤੀਕ ਨੂੰ ਪੱਤਰਕਾਰ ਪੁੱਛ ਰਹੇ ਹਨ ਕਿ ‘ਤੁਹਾਡੇ ਪੁੱਤਰ ਨੂੰ ਸਪੁਰਦ-ਏ-ਖ਼ਾਕ ਕਰਨ ਦੌਰਾਨ ਤੁਹਾਨੂੰ ਉੱਥੇ ਨਹੀਂ ਲਿਜਾਇਆ ਗਿਆ, ਤੁਸੀਂ ਕੀ ਕਹੋਗੇ।’ ਇਸ ‘ਤੇ ਅਤੀਕ ਅਹਿਮਦ ਨੇ ਕਿਹਾ, “ਨਹੀਂ ਲੈ ਗਏ ਤਾਂ ਨਹੀਂ ਲੈ ਗਏ।” ਇਸ ਦੇ ਨਾਲ ਹੀ ਅਸ਼ਰਫ ਨੇ ਕਿਹਾ, “ਮੇਨ ਗੱਲ ਇਹ ਹੈ ਕਿ ਗੁੱਡੂ ਮੁਸਲਿਮ..” ਅਤੇ ਇਸ ਤੋਂ ਬਾਅਦ ਹੀ ਹਮਲਾਵਰ ਨੇ ਅਤੀਕ ਨੂੰ ਗੋਲ਼ੀ ਮਾਰ ਦਿੱਤੀ।

ਹਮਲਾਵਰਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ

ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਮਾਮਲੇ ਵਿੱਚ ਸ਼ਾਮਲ ਹਮਲਾਵਰਾਂ ਵਿੱਚੋਂ ਇੱਕ ਦੇ ਪਰਿਵਾਰ ਨਾਲ ਮੀਡੀਆ ਨੇ ਗੱਲਬਾਤ ਕੀਤੀ ਹੈ। ਹਮਲਾਵਰ ਲਵਲੇਸ਼ ਤਿਵਾਰੀ ਦੇ ਪਿਤਾ ਯਗਿਆ ਤਿਵਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਿਛਲੇ ਕੁਝ ਦਿਨਾਂ ਤੋਂ ਘਰ ਨਹੀਂ ਆਉਂਦਾ ਹੈ।

ਉਨ੍ਹਾਂ ਦੱਸਿਆ ਕਿ ਉਸੇ ਨੇ ਕਿਸੇ ਵਿਅਕਤੀ ਦੇ ਥੱਪੜ ਮਾਰ ਦਿੱਤਾ ਸੀ ਅਤੇ ਉਸ ਦਾ ਵੀ ਮੁਕੱਦਮਾ ਚੱਲ ਰਿਹਾ ਹੈ ਤੇ ਇਸ ਮਾਮਲੇ ‘ਚ ਉਹ ਜੇਲ੍ਹ ਵੀ ਗਿਆ ਸੀ। ਹਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ”ਅਸੀਂ ਟੀਵੀ ‘ਤੇ ਦੇਖਿਆ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਸ (ਲਵਲੇਸ਼) ਨਾਲ ਕੋਈ ਲੈਣਾ-ਦੇਣਾ ਹੈ। ਉਸ ਦਾ ਸਾਡੇ ਨਾਲ ਕੋਈ ਮਤਲਬ ਹੀ ਨਹੀਂ ਸੀ। ਜਦ ਵੀ ਚਾਰ-ਛੇ ਦਿਨਾਂ ਮਗਰੋਂ ਆਉਂਦਾ ਸੀ, ਬਸ ਨਹਾ-ਧੋ ਕੇ ਨਿਕਲ ਜਾਂਦਾ ਸੀ।”

ਯਗਿਆ ਤਿਵਾਰੀ ਮੁਤਾਬਕ, ਉਨ੍ਹਾਂ ਦਾ ਪੁੱਤਰ ”ਕੁਝ ਨਹੀਂ ਕਰਦਾ, ਨਸ਼ਾ ਕਰਦਾ ਹੈ। ਇਸੇ ਲਈ ਘਰਦਿਆਂ ਨੇ ਉਸ ਨੂੰ ਤਿਆਗ ਰੱਖਿਆ ਹੈ। ਉਸ ਦੀ ਮਾਤਾ ਆਸ਼ਾ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਮੁੰਡਾ ਚੰਗਾ ਤੇ ਧਰਮ ਕਰਮ ਵਾਲਾ ਸੀ, ਫਿਰ ਪਤਾ ਨਹੀਂ ਉਸ ਨੂੰ ਕੀ ਹੋ ਗਿਆ।

CM ਯੋਗੀ ਦੇ ਅਸਤੀਫ਼ੇ ਦੀ ਉੱਠੀ ਮੰਗ

ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਮਾਮਲੇ ਵਿੱਚ ਲੋਕ ਸਭਾ ਮੈਂਬਰ ਅਤੇ ਏਆਈਐਮਆਈਐਮ ਆਗੂ ਅਸਦੁੱਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਸਰਕਾਰ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੂਰੀ ਜ਼ਿੰਮੇਦਾਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਬਣਦੀ ਹੈ।

”ਅਸੀਂ ਯੂਪੀ ਦੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦੇ ਹਾਂ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਉਥੇ ਮੌਜੂਦ ਸਾਰੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇ।” ਓਵੈਸੀ ਨੇ ਕਿਹਾ ਕਿ ਸੁਪਰੀਮ ਕੋਰਟ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਟੀਮ ਬਣਾਵੇ।

ਉਨ੍ਹਾਂ ਸਵਾਲ ਕੀਤੇ ਕਿ ‘ਕਾਤਲਾਂ ਨੂੰ ਇਹ ਹਥਿਆਰ ਕਿਵੇਂ ਮਿਲੇ? ਕਤਲ ਤੋਂ ਬਾਅਦ ਉਹ ਧਾਰਮਿਕ ਨਾਅਰੇ ਕਿਉਂ ਲਗਾ ਰਹੇ ਸਨ? ਉਨ੍ਹਾਂ ਨੂੰ ਅੱਤਵਾਦੀ ਨਹੀਂ ਤਾਂ ਕੀ ਕਹੋਗੇ? ਕੀ ਤੁਸੀਂ ਉਨ੍ਹਾਂ ਨੂੰ ਦੇਸ਼ ਭਗਤ ਕਹੋਗੇ?’ ਓਵੈਸੀ ਨੇ ਕਿਹਾ ਕਿ ਇਹ ਕਤਲ ਕਾਨੂੰਨ-ਵਿਵਸਥਾ ‘ਤੇ ਵੱਡਾ ਸਵਾਲ ਖੜ੍ਹਾ ਕਰਦੇ ਹਨ।

ਓਵੈਸੀ ਨੇ ਕਿਹਾ, “ਮੈਂ ਅਪੀਲ ਕਰਦਾ ਹਾਂ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ। ਇੱਕ ਜਾਂਚ ਟੀਮ ਦਾ ਗਠਨ ਕਰਨਾ ਚਾਹੀਦਾ ਹੈ। ਜਾਂਚ ਨੂੰ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਜਾਂਚ ਟੀਮ ਨੂੰ ਸੁਪਰੀਮ ਕੋਰਟ ਨੂੰ ਰਿਪੋਰਟ ਕਰਨੀ ਚਾਹੀਦੀ ਹੈ।

ਅਸਦੁਦੀਨ ਓਵੈਸੀ ਨੇ ਕਿਹਾ, “ਅਤੀਕ ਅਤੇ ਅਸ਼ਰਫ ਨੂੰ ਇਕ ਹੋਰ ਮਾਮਲੇ ‘ਚ ਪੇਸ਼ ਹੋਣ ਲਈ ਜੇਲ ਤੋਂ ਲਿਆਂਦਾ ਗਿਆ ਸੀ। ਉਹ ਪੁਲਸ ਹਿਰਾਸਤ ‘ਚ ਸਨ। ਦੋਹਾਂ ਦਾ ਕਤਲ ਠੰਡੇ ਖੂਨ ਦਾ ਕਤਲ ਹੈ। ਹਮਲਾਵਰਾਂ ਨੇ ਜਿਸ ਤਰ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ, ਉਸ ਨੂੰ ਦੇਖੋ। ਉਨ੍ਹਾਂ ਦੇ ਹੱਥ ਨਹੀਂ ਹਿੱਲ ਰਹੇ ਸਨ।” ਉਹ ਜਾਣਦੇ ਸਨ ਕਿ ਪਹਿਲਾਂ ਕਿੱਥੇ ਸ਼ੂਟ ਕਰਨਾ ਹੈ। ਇਹ ਲੋਕ ਪੇਸ਼ੇਵਰ ਹਨ।”

ਸਿਆਸੀ ਆਗੂਆਂ ਵੱਲੋਂ ਘਟਨਾ ਦੀ ਨਿੰਦਾ

ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ‘ਚ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਕਿ ਯੂਪੀ ਵਿੱਚ ਅਪਰਾਧ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਅਪਰਾਧੀਆਂ ਦਾ ਮਨੋਬਲ ਉੱਚਾ ਹੈ। ਜਦੋਂ ਪੁਲਿਸ ਦੀ ਸੁਰੱਖਿਆ ਘੇਰੇ ਵਿੱਚ ਸ਼ਰੇਆਮ ਗੋਲੀਆਂ ਚਲਾ ਕੇ ਕਿਸੇ ਨੂੰ ਮਾਰਿਆ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਹਾਲ ਹੈ। ਇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਕੁਝ ਲੋਕ ਜਾਣਬੁੱਝ ਕੇ ਅਜਿਹਾ ਮਾਹੌਲ ਪੈਦਾ ਕਰ ਰਹੇ ਹਨ।

 

ਯੂਪੀ ਸਰਕਾਰ ਦੇ ਸੀਨੀਅਰ ਮੰਤਰੀ ਸੁਰੇਸ਼ ਖੰਨਾ ਨੇ ਕਿਹਾ ਕਿ ਇਹ ਆਸਮਾਨੀ ਫੈਸਲਾ ਹੈ। ਕਹਿੰਦੇ ਹਨ ਕਿ ਜਦੋਂ ਜ਼ੁਲਮ ਦਾ ਅੰਤ ਹੁੰਦਾ ਹੈ ਤਾਂ ਅਸਮਾਨ ਤੋਂ ਕੁਝ ਫੈਸਲੇ ਲਏ ਜਾਂਦੇ ਹਨ। ਇਹ ਕੁਦਰਤ ਦਾ ਫੈਸਲਾ ਹੈ। ਇਸ ‘ਤੇ ਕਿਸੇ ਟਿੱਪਣੀ ਦੀ ਲੋੜ ਨਹੀਂ ਹੈ। ਜਾਣਕਾਰੀ ਤੋਂ ਸਪੱਸ਼ਟ ਹੈ ਕਿ ਇਹ ਕੁਦਰਤ ਦਾ ਫੈਸਲਾ ਹੈ। ਉਸ ਵਿਰੁੱਧ ਕਈ ਕੇਸ ਸਨ, ਕੁਝ ਮਾਮਲਿਆਂ ਵਿਚ ਗਵਾਹ ਨਹੀਂ ਪਹੁੰਚ ਸਕੇ। ਇਸ ਲਈ ਇਹ ਸਪੱਸ਼ਟ ਹੈ ਕਿ ਕੁਦਰਤ ਨੇ ਆਪਣਾ ਫੈਸਲਾ ਕੀਤਾ ਹੈ।

ਬੀਜੇਪੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਨੇ ਕਿਹਾ ਕਿ ਬੀਜੇਪੀ ਨੇ ਦੇਸ਼ ਨੂੰ ਇੱਕ ਮਾਫੀਆ ਰਿਪਬਲਿਕ ਵਿੱਚ ਬਦਲ ਦਿੱਤਾ ਹੈ।

 ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਉਮੇਸ਼ ਪਾਲ ਹੱਤਿਆਕਾਂਡ ਦੀ ਤਰ੍ਹਾਂ ਹੀ ਯੂਪੀ ਸਰਕਾਰ ਦੀ ਕਾਨੂੰਨ ਵਿਵਸਥਾ ਅਤੇ ਉਸਦੀ ਕਾਰਜਪ੍ਰਣਾਲੀ ਉੱਤੇ ਗੰਭੀਰ ਪ੍ਰਸ਼ਨ ਚਿੰਨ੍ਹ ਖੜੇ ਹੁੰਦੇ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਦਖ਼ਲ ਦੀ ਮੰਗ ਕੀਤੀ।

ਰਾਜ ਸਭਾ ਸੰਸਦ ਮੈਂਬਰ ਅਤੇ ਪ੍ਰਸਿੱਧ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਯੂਪੀ ਵਿੱਚ ਦੋ ਕਤਲ ਹੋਏ ਹਨ, ਇੱਕ ਅਤੀਕ ਅਤੇ ਉਸਦੇ ਭਰਾ ਅਸ਼ਰਫ਼ ਦੀ ਅਤੇ ਦੂਜੀ ਕਾਨੂੰਨ ਵਿਵਸਥਾ ਦੀ।

ਕਿਸ ਮਾਮਲੇ ਵਿੱਚ ਜੇਲ੍ਹ ‘ਚ ਬੰਦ ਸਨ ਦੋਵੇਂ ਭਰਾ

ਅਤੀਕ ਅਤੇ ਉਸ ਦੇ ਭਰਾ ‘ਤੇ ਬਸਪਾ ਵਿਧਾਇਕਾਂ ਰਾਜੂ ਪਾਲ ਅਤੇ ਉਮੇਸ਼ ਪਾਲ ਦੀ ਹੱਤਿਆ ਦਾ ਦੋਸ਼ ਹੈ। ਉਮੇਸ਼ ਪਾਲ ਰਾਜੂ ਪਾਲ ਕਤਲ ਕੇਸ ਦਾ ਮੁੱਖ ਗਵਾਹ ਸੀ। ਦੋਵੇਂ ਭਰਾ, ਸਾਬਕਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਨ। ਉਨ੍ਹਾਂ ਨੂੰ ਰਾਜੂ ਪਾਲ ਕਤਲ ਦੇ ਗਵਾਹ ਉਮੇਸ਼ ਪਾਲ ਦੇ ਕਤਲ ਕੇਸ ਵਿੱਚ ਪੁੱਛਗਿੱਛ ਲਈ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲਿਆਂਦਾ ਗਿਆ ਸੀ।