‘ਦ ਖ਼ਾਲਸ ਟੀਵੀ ਬਿਊਰੋ:- ਨਵੀਂ ਦਿੱਲੀ ਦੀ ਸਿੰਘੂ ਹੱਦ ’ਤੇ ਬੀਤੇ ਦਿਨ ਕਤਲ ਕੀਤੇ ਗਏ ਬੇਅਦਬੀ ਮਾਮਲੇ ਦੇ ਮੁਲਜ਼ਮ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਕੱਲ੍ਹ ਉਸਦੇ ਪਿੰਡ ਚੀਮਾ ਕਲਾਂ ਦੇ ਸ਼ਮਸ਼ਾਨਘਾਟ ਵਿੱਚ ਬਿਨਾਂ ਕਿਸੇ ਸਿੱਖ ਰਵਾਇਤਾਂ ਦੇ ਸਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ ਸਸਕਾਰ ਡੀਐੱਸਪੀ ਸੁੱਚਾ ਸਿੰਘ ਬਲ ਦੀ ਅਗਵਾਈ ਹੇਠ ਪਿੰਡ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਹੇਠ ਕੀਤਾ ਗਿਆ।
ਪਿੰਡ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਸੀ ਤੇ ਲਖਬੀਰ ਸਿੰਘ ਦੀ ਚਿਤਾ ਨੂੰ ਅਗਨੀ ਉਸ ਦੇ ਸਾਲੇ ਸੁਖਚੈਨ ਸਿੰਘ ਨੇ ਦਿਖਾਈ। ਇਸ ਤੋਂ ਪਹਿਲਾਂ ਸੋਨੀਪਤ ਪ੍ਰਸ਼ਾਸਨ ਲਖਬੀਰ ਸਿੰਘ ਦੀ ਪੌਲੀਥੀਨ ਵਿੱਚ ਲਿਪਟੀ ਲਾਸ਼ ਲੈ ਕੇ ਸਿੱਧਾ ਸਿਵਿਆਂ ਵਿੱਚ ਪੁੱਜਿਆ ਅਤੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਹੋਰ ਵਿਅਕਤੀ ਨੂੰ ਮ੍ਰਿਤਕ ਦੇਹ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਪ੍ਰਸ਼ਾਸਨ ਲਖਬੀਰ ਦੀ ਲਾਸ਼ ਲੈ ਕੇ ਦੇਰ ਸ਼ਾਮ ਪੁੱਜਿਆ ਸੀ, ਜਿਸ ਕਾਰਨ ਅੰਤਿਮ ਰਸਮਾਂ ਸਾਢੇ ਸੱਤ ਵਜੇ ਦੇ ਕਰੀਬ ਮੁਕੰਮਲ ਹੋ ਸਕੀਆਂ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਸ੍ਰੀ ਗੁਰੂ ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ, ਭਾਈ ਕੁਲਵੰਤ ਸਿੰਘ ਮੋਦੇ ਤੇ ਹੋਰ ਪਿੰਡ ਆਏ ਸਨ ਅਤੇ ਉਨ੍ਹਾਂ ਲਖਬੀਰ ਸਿੰਘ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਹੋਰਨਾਂ ਨੂੰ ਸਸਕਾਰ ਮੌਕੇ ਸਿੱਖੀ ਨਾਲ ਸਬੰਧਤ ਰਵਾਇਤਾਂ ਦੀ ਪਾਲਣਾ ਕਰਨ ਤੋਂ ਵਰਜਿਆ ਸੀ। ਸਿੱਖ ਆਗੂਆਂ ਨੇ ਆਖਿਆ ਕਿ ਲਖਬੀਰ ਸਿੰਘ ਦੇ ਸਸਕਾਰ ਮੌਕੇ ਕੋਈ ਵੀ ਧਾਰਮਿਕ ਰਵਾਇਤ ਦੀ ਪਾਲਣਾ ਨਾ ਕੀਤਾ ਜਾਵੇ।
ਸਤਿਕਾਰ ਕਮੇਟੀ ਨੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿੱਚ ਅਣਗਹਿਲੀ ਕਰਨ ’ਤੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਸੀ। ਇਸ ਮਗਰੋਂ ਸਤਿਕਾਰ ਕਮੇਟੀ ਨੂੰ ਪਿੰਡ ਦੀ ਪੰਚਾਇਤ ਤਰਫ਼ੋਂ ਸਰਪੰਚ ਬੀਬੀ ਵਿਸ਼ਾਲੀ ਦੇ ਪਤੀ ਮੁਨੀਸ਼ ਕੁਮਾਰ ਉਰਫ ਮੋਨੂੰ ਚੀਮਾ ਮੈਂਬਰ ਜ਼ਿਲ੍ਹਾ ਪਰਿਸ਼ਦ ਨੇ ਪਿੰਡ ਵਾਸੀਆਂ ਵੱਲੋਂ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ।