‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸਿੱਖੀ ਦੀ ਬੁਨਿਆਦ ਸੇਵਾ, ਸਿਮਰਨ, ਲੰਗਰ, ਸੰਗਤ ਅਤੇ ਪੰਗਤ ਹਨ। ਸਿੱਖ ਧਰਮ ਵਿੱਚ ਲੰਗਰ ਦੀ ਬਹੁਤ ਵੱਡੀ ਮਹਾਨਤਾ ਹੈ। ਲੰਗਰ ਦਾ ਮਤਲਬ ਸਾਂਝੀ ਰਸੋਈ ਹੈ ਜਿੱਥੇ ਬਿਨਾਂ ਕਿਸੇ ਜਾਤ-ਪਾਤ, ਧਰਮ, ਊਚ-ਨੀਚ ਦਾ ਭੇਦ ਕੀਤੇ ਬਿਨਾਂ ਲੰਗਰ ਤਿਆਰ ਕਰਕੇ ਸਭ ਨੂੰ ਛਕਾਇਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ।
ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ। ਮਾਤਾ ਖੀਵੀ ਜੀ ਵੱਲੋਂ ਬਹੁਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਸੰਗਤਾਂ ਨੂੰ ਸ਼ਰਧਾ ਨਾਲ ਛਕਾਇਆ ਜਾਂਦਾ ਸੀ। ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਣ ਵੀ ਸਿਰਜਿਆ। ਅੱਜ ਵੀ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਦਾ ਲੰਗਰ ਚੱਲਦਾ ਹੈ।
ਲੰਗਰ ਦੀ ਰਸਮ ਨੂੰ ਅੱਗੇ ਤੋਰਦਿਆਂ ਤੀਜੇ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ। ਪੰਗਤ ਤੋਂ ਭਾਵ ਇੱਕ ਲਾਈਨ ਵਿੱਚ ਬੈਠ ਕੇ ਲੰਗਰ ਛਕਣਾ। ਸੰਗਤ ਅਤੇ ਪੰਗਤ ਦੀ ਰਸਮ ਸ਼ੁਰੂ ਕਰਨਾ ਵੀ ਗੁਰੂ ਸਾਹਿਬ ਜੀ ਦਾ ਇੱਕ ਕ੍ਰਾਂਤੀਕਾਰੀ ਕਦਮ ਸੀ ਕਿਉਂਕਿ ਉਸ ਸਮੇਂ ਸਮਾਜ ਜਾਤਾਂ-ਪਾਤਾਂ, ਧਰਮਾਂ, ਅਮੀਰਾਂ-ਗਰੀਬਾਂ ਵਿੱਚ ਵੰਡਿਆ ਹੋਇਆ ਸੀ। ਗੁਰੂ ਜੀ ਦੇ ਇਸ ਫ਼ਲਸਫ਼ੇ ਦਾ ਅਸਰ ਇਹ ਹੋਇਆ ਕਿ ਲੋਕ ਸਭ ਤਰ੍ਹਾਂ ਦੇ ਭੇਦ-ਭਾਵ ਖ਼ਤਮ ਕਰਕੇ ਇਕੱਠੇ ਪੰਗਤ ਵਿੱਚ ਬੈਠ ਕੇ ਲੰਗਰ ਛੱਕਦੇ ਸਨ।
ਉਸ ਸਮੇਂ ਲੰਗਰ ਵਿੱਚ ਮੁਗਲ ਬਾਦਸ਼ਾਹਾਂ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ। ਇਹ ਸਭਨਾਂ ਲਈ ਇੱਕ ਸੰਦੇਸ਼ ਸੀ ਕਿ ਰੱਬ ਵੱਲੋਂ ਪੈਦਾ ਕੀਤੇ ਸਾਰੇ ਇਨਸਾਨ ਬਰਾਬਰ ਹਨ। ਲੰਗਰ ਦੀ ਪਰੰਪਰਾ ਸਿੱਖ ਧਰਮ ਵਿੱਚ ਅੱਜ ਵੀ ਜਾਰੀ ਹੈ। ਸਿੱਖ ਧਰਮ ਇਸ ਗੱਲ ਦਾ ਹਮੇਸ਼ਾ ਗਵਾਹ ਬਣਿਆ ਰਿਹਾ ਹੈ ਕਿ ਸਿੱਖ ਬੀਬੀਆਂ ਨੇ ਹਮੇਸ਼ਾ ਸਿੱਖੀ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਯੋਗਦਾਨ ਪਾਇਆ ਹੈ।
ਭਾਈ ਕਾਹਨ ਸਿੰਘ ਨਾਭਾ ਨੇ ਬੀਬੀ ਨਾਨਕੀ ਜੀ ਨੂੰ ਪਹਿਲੀ ਗੁਰਸਿੱਖ ਆਖਿਆ ਸੀ। ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਸਮੇਂ ਮਾਤਾ ਖੀਵੀ ਜੀ ਨੇ ਲੰਗਰ ਪਰੰਪਰਾ ਨੂੰ ਅੱਗੇ ਵਧਾਇਆ। ਇਸ ਤਰ੍ਹਾਂ ਮਾਤਾ ਅਮਰੋ ਜੀ ਨੇ ਇਸ ਪਰੰਪਰਾ ਨੂੰ ਜਾਰੀ ਰੱਖਿਆ।
ਇੱਕ ਵਾਰ ਗੁਰੂ ਘਰ ਦੇ ਸੇਵਕ ਭਾਈ ਮੰਝ ਜੀ ਲੰਗਰ ਲਈ ਲੱਕੜਾਂ ਲੈ ਕੇ ਆ ਰਹੇ ਸੀ। ਤੇਜ਼ ਹਨੇਰੀ ਕਾਰਨ ਉਹ ਰਸਤੇ ‘ਚ ਖੂਹ ਵਿੱਚ ਡਿੱਗ ਪਏ। ਖੂਹ ਵਿੱਚ ਪਾਣੀ ਘੱਟ ਸੀ ਪਰ ਭਾਈ ਮੰਝ ਜੀ ਸਾਰੀ ਰਾਤ ਲੱਕੜਾਂ ਸਿਰ ਤੇ ਚੁੱਕ ਕੇ ਖੜੇ ਰਹੇ ਕਿ ਕਿਤੇ ਲੱਕੜਾਂ ਗਿੱਲੀਆਂ ਨਾ ਹੋ ਜਾਣ। ਅਗਲੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਖੁਦ ਆਏ ਤਾਂ ਭਾਈ ਸਾਹਿਬ ਜੀ ਨੇ ਪਹਿਲਾਂ ਲੱਕੜੀਆਂ ਰੱਸੇ ਨਾਲ ਬੰਨ੍ਹ ਕੇ ਬਾਹਰ ਭੇਜੀਆਂ ਤੇ ਫਿਰ ਆਪ ਬਾਹਰ ਨਿਕਲੇ। ਭਾਈ ਮੰਝ ਜੀ ਦੀ ਸੇਵਾ ਅਤੇ ਸਿਦਕ ਦੇਖ ਕੇ ਗੁਰੂ ਸਾਹਿਬ ਜੀ ਬਹੁਤ ਪ੍ਰਭਾਵਿਤ ਹੋਏ।
ਗੁਰਦੁਆਰਾ ਸਾਹਿਬਾਨਾਂ ਵਿੱਚ ਅੱਜ ਵੀ 24 ਘੰਟੇ ਗੁਰੂ ਕੇ ਲੰਗਰ ਅਟੁੱਟ ਵਰਤਦੇ ਹਨ। ਜਦੋਂ ਕਿਤੇ ਵੀ ਕੋਈ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਗੁਰੂ ਦੇ ਸਿੱਖ ਉੱਥੇ ਆਪਣਾ ਰਸਦ-ਪਾਣੀ ਲਿਜਾ ਕੇ ਲੰਗਰ ਸ਼ੁਰੂ ਕਰ ਦਿੰਦੇ ਹਨ। ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਦਾਲ-ਰੋਟੀ ਦੇ ਨਾਲ-ਨਾਲ ਛੋਟੇ ਬੱਚਿਆਂ ਲਈ ਦੁੱਧ ਅਤੇ ਬੀਮਾਰਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਜਦੋਂ ਕਿਸੇ ਕਰੋਪੀ ਦੇ ਆਉਣ ‘ਤੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਹੱਥ ਖੜ੍ਹੇ ਕਰ ਜਾਂਦੇ ਹਨ ਤਾਂ ਲੋਕਾਂ ਦੀ ਭੁੱਖ ਮਿਟਾਉਣ ਲਈ ਗੁਰੂ ਕੇ ਲੰਗਰ ਚੱਲ ਪੈਂਦੇ ਹਨ। ਕੁਦਰਤੀ ਕਰੋਪੀਆਂ ਚਾਹੇ ਉਹ ਪੰਜਾਬ ਜਾਂ ਦੂਜੇ ਸੂਬਿਆਂ ਵਿੱਚ ਆਈਆਂ ਹੋਣ, ਗੁਰੂ ਕੇ ਲੰਗਰ ਚੱਲਦੇ ਰਹਿੰਦੇ ਹਨ। ਵਿਦੇਸ਼ੀ ਸਿੱਖਾਂ ਵੱਲੋਂ ਵੀ ਇਸ ਅਮੀਰ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਹੈ।
ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਅਪਣੀ ਲਪੇਟ ਵਿੱਚ ਲਿਆ ਹੋਇਆ ਹੈ। ਉਹ ਚਾਹੇ ਪੰਜਾਬ ਹੋਵੇ ਚਾਹੇ ਹੋਰ ਸੂਬੇ ਚਾਹੇ ਵਿਦੇਸ਼, ਲੋਕਾਂ ਦੇ ਕੰਮ ਧੰਦੇ ਇਸ ਮਹਾਂਮਾਰੀ ਨੇ ਬਿਲਕੁਲ ਖਤਮ ਕਰ ਦਿੱਤੇ ਹਨ। ਜਦੋਂ ਮਾਰਚ ਮਹੀਨੇ ਵਿੱਚ ਕਰਫਿਊ ਸ਼ੁਰੂ ਹੋਇਆ ਤਾਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਖਤੀ ਨਾਲ ਬਾਹਰ ਨਿਕਲਣ ਤੋਂ ਰੋਕ ਲਗਾ ਦਿੱਤੀ ਤਾਂ ਕਿ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਲੋਕਾਂ ਦੇ ਕੰਮ-ਧੰਦੇ ਬੰਦ ਹੋਣ ਕਰਕੇ ਗਰੀਬ ਲੋਕਾਂ ਦੀ ਭੁੱਖ ਨੂੰ ਮਿਟਾਉਣ ਲਈ ਹੋਰ ਸੰਸਥਾਵਾਂ ਦੇ ਨਾਲ-ਨਾਲ ਸਿੱਖ ਸੰਸਥਾਵਾਂ ਨੇ ਉਹਨਾਂ ਤੱਕ ਲੰਗਰ ਪੁਹੰਚਾਉਣੇ ਸ਼ੁਰੁ ਕੀਤੇ। ਸਵੇਰ, ਦੁਪਹਿਰ, ਸ਼ਾਮ ਤਿੰਨ ਵੇਲੇ ਦਾ ਲੰਗਰ ਗੁਰੂ ਘਰਾਂ ਵਿੱਚ ਤਿਆਰ ਕਰਕੇ ਸਿੱਖਾਂ ਵੱਲੋਂ ਲੋੜਵੰਦਾਂ ਤੱਕ ਪਹੁੰਚਾਇਆ ਗਿਆ। ਰੋਟੀ ਦੇ ਨਾਲ-ਨਾਲ ਬੀਮਾਰਾਂ ਲਈ ਦਵਾਈਆਂ ਦਾ ਲੰਗਰ ਵੀ ਚਲਾਇਆ ਗਿਆ ਤਾਂ ਕਿ ਇਸ ਮੁਸੀਬਤ ਸਮੇਂ ਵਿੱਚ ਲੋਕਾਂ ਨੂੰ ਰਾਹਤ ਮਿਲ ਸਕੇ।
ਬੀਬੀਆਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੰਗਰ ਤਿਆਰ ਕਰਦੀਆਂ ਫਿਰ ਉਸ ਤਿਆਰ ਲੰਗਰ ਨੂੰ ਲੋੜਵੰਦ ਲੋਕਾਂ ਵਿੱਚ ਵੰਡਿਆ ਗਿਆ। ਬਿਨਾਂ ਕਿਸੇ ਨਾਲ ਵਿਤਕਰਾ ਕੀਤੇ ਸਭ ਨੂੰ ਬਰਾਬਰ ਸਮਝ ਕੇ ਲੰਗਰ ਛਕਾਇਆ ਜਾਂਦਾ ਹੈ। ਵਿਦੇਸ਼ਾਂ ਵਿੱਚ ਖਾਲਸਾ ਏਡ ਵੱਲੋਂ ਇਸ ਦਿਸ਼ਾ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨਾਂ ਅਤੇ ਸਥਾਨਕ ਗੁਰਦੁਆਰਾ ਸਾਹਿਬਾਨਾਂ ਵੱਲੋਂ ਕਿਸੇ ਵੀ ਮੁਸੀਬਤ ਸਮੇਂ ਲੋੜਵੰਦ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਵਿਅਕਤੀ ਭੁੱਖੇ ਪੇਟ ਨਾ ਰਹੇ।
ਬਾਬੇ ਨਾਨਕ ਦੇ ਵੀਹ ਰੁਪਏ ਨਾਲ ਚਲਾਏ ਲੰਗਰ ਅੱਜ ਵੀ ਨਿਰੰਤਰ ਚੱਲ ਰਹੇ ਹਨ। ਜਦੋਂ ਤੱਕ ਇਸ ਦੁਨੀਆ ਵਿੱਚ ਸਿੱਖੀ ਅਤੇ ਸਿੱਖ ਰਹਿਣਗੇ, ਉਦੋਂ ਤੱਕ ਇਹ ਲੰਗਰ ਅਤੁੱਟ ਚੱਲਦੇ ਰਹਿਣਗੇ।