‘ਦ ਖ਼ਾਲਸ ਬਿਊਰੋ ( ਨੇਪਾਲ ) :- ਨੇਪਾਲ ‘ਚ ਕੱਲ੍ਹ ਸਾਰੀ ਰਾਤ ਮੀਂਹ ਪੈਣ ਕਾਰਨ ਉੱਚੇ ਪਹਾੜਾਂ ਦੀਆਂ ਢਿੱਗਾਂ ਕਾਰਨ ਤਿੰਨ ਪਿੰਡ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਏ। ਜਿਸ ‘ਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਲਾਪਤਾ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਇਹ ਘਟਨਾ ਤੜਕੇ 2.30 ਵਜੇ ਹੋਈ, ਜਦੋਂ ਕਾਠਮੰਡੂ ਤੋਂ ਪੂਰਬ ’ਚ ਕਰੀਬ 120 ਕਿਲੋਮੀਟਰ ਦੂਰ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਹਾੜਾਂ ਤੋਂ ਡਿੱਗੀਆਂ ਮਿੱਟੀ ਦੀਆਂ ਢਿੱਗਾਂ ਨੇ ਨਾਗਪੁਜੇ, ਭੀਰਖੜਕਾ ਤੇ ਨੇਵਾਰ ਤੋਲੇ ਪਿੰਡਾਂ ਨੂੰ ਲਪੇਟ ’ਚ ਲੈ ਲਿਆ, ਅਤੇ ਜਿਸ ਵੇਲੇ ਇਹ ਮਿੱਟੀ ਦੀਆਂ ਢਿੱਗਾਂ ਡਿੱਗੀਆਂ ਉਸ ਵੇਲੇ ਤਿੰਨਾਂ ਪਿੰਡਾਂ ਦੇ ਲੋਕ ਗੂੜ੍ਹੀ ਨੀਂਦ ਵਿੱਚ ਸਨ।
ਸਿੰਧੂਪਾਲਚੌਕ ਦੇ ਜ਼ਿਲ੍ਹਾ ਪੁਲੀਸ ਮੁਖੀ ਰਾਜਨ ਅਧਿਕਾਰੀ ਨੇ ਦੱਸਿਆ ਕਿ ਸੱਤ ਲਾਸ਼ਾਂ ਘਟਨਾ ਸਥਾਨ ਤੋਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਦੋ ਹੋਰ ਲਾਸ਼ਾਂ ਭੋਟੇਕੋਸ਼ੀ ਤੇ ਸੁਨਕੋਸ਼ੀ ਨਦੀਆਂ ’ਚੋਂ ਬਰਾਮਦ ਕੀਤੀਆਂ ਗਈਆਂ ਹਨ। ਕਈ ਪੀੜਤਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਤਿੰਨ ਮ੍ਰਿਤਕ ਨਾਗਪੁਜੇ, ਤਿੰਨ ਭੀਰਖੜਕਾ ਤੇ ਤਿੰਨ ਨੇਵਾਰ ਤੋਲੇ ਪਿੰਡ ਤੋਂ ਸਨ। ਰਾਜਨ ਨੇ ਦੱਸਿਆ ਕਿ ਬਾਹਰਾਬਿਸ ਨਗਰ ਕੌਂਸਲ ਦੇ ਖੇਤਰ ਘੁਮਥਾਂਗ ‘ਚ ਵਾਪਰੀ ਇਸ ਘਟਨਾ ’ਚ 20 ਵਿਅਕਤੀ ਲਾਪਤਾ ਹੋ ਗਏ। ਇਸ ਦੌਰਾਨ ਹੋਏ ਨੁਕਸਾਨ ਦਾ ਅਸਲ ਅੰਦਾਜ਼ਾ ਲਾਇਆ ਜਾਣਾ ਬਾਕੀ ਹੈ ਪਰ ਮੁੱਢਲੇ ਤੌਰ ’ਤੇ ਤਿੰਨ ਪਿੰਡਾਂ ਦੇ 15 ਮਕਾਨ ਤਹਿਸ-ਨਹਿਸ ਹੋਣ ਦਾ ਅਨੁਮਾਨ ਹੈ।