India Punjab

Breaking News-ਹਿਮਾਚਲ ਦੇ ਕਿੰਨੌਰ ’ਚ ਵੱਡਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਢਿੱਗਾਂ ਡਿੱਗਣ ਕਾਰਨ ਕਈ ਗੱਡੀਆਂ ਇਸਦੀ ਲਪੇਟ ਵਿੱਚ ਆ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਕਈ ਲੋਕਾਂ ਦੇ ਢਿੱਗਾਂ ਹੇਠ ਫਸਣ ਦਾ ਵੀ ਖਦਸ਼ਾ ਹੈ।ਰਾਹਤ ਤੇ ਬਚਾਅ ਕਾਰਜ ਜਾਰੀ ਹਨ।

ਜਾਣਕਾਰੀ ਅਨੁਸਾਰ ਇਹ ਹਾਦਸਾ ਕਿੰਨੌਰ ਦੇ ਨਿਗੁਲਸਰੀ ਹਾਈਵੇ ਉੱਤੇ ਵਾਪਰਿਆ ਹੈ। ਇਸ ਹਾਦਸੇ ਵਿਚ ਕਿੰਨੌਰ ਤੋਂ ਹਰੀਦਵਾਰ ਜਾ ਰਹੀ ਇਕ ਬੱਸ ਦਾ ਜਿਆਦਾ ਨੁਕਸਾਨ ਹੋਇਆ ਹੈ। ਕਿਸੇ ਤਰ੍ਹਾਂ ਭੱਜ ਕੇ ਬਚੇ ਬੱਸ ਦੇ ਡਰਾਇਵਰ ਨੇ ਦੱਸਿਆ ਹੈ ਕਿ ਪੱਥਰ ਡਿੱਗਣ ਕਾਰਨ ਬੱਸ ਰੋਕ ਲਈ ਗਈ ਸੀ, ਪਰ ਜਿੱਥੇ ਬੱਸ ਰੋਕੀ ਸੀ ਉੱਥੇ ਵੀ ਢਿੱਗਾਂ ਡਿਗਣ ਲੱਗ ਪਈਆਂ।

ਬੱਸ ਵਿਚ 30 ਤੋਂ 32 ਸਵਾਰੀਆਂ ਸਨ ਤੇ ਸਿਰਫ ਇਕ ਦੋ ਸਵਾਰੀਆਂ ਨੂੰ ਹੀ ਬਚਾਇਆ ਜਾ ਸਕਿਆ ਹੈ। ਹਾਲੇ ਬਾਕੀ ਲੋਕ ਫਸੇ ਹੋਏ ਹਨ। ਇਸ ਤੋਂ ਇਲਾਵਾ ਹੋਰ ਗੱਡੀਆਂ ਵੀ ਢਿੱਗਾਂ ਦੇ ਲਪੇਟੇ ਵਿੱਚ ਆਈਆਂ ਹਨ। ਪਹਾੜੀ ਤੋਂ ਲਗਾਤਾਰ ਪੱਥਰ ਡਿੱਗ ਰਹੇ ਹਨ, ਜਿਸ ਕਾਰਨ ਰਾਹਤ ਤੇ ਬਚਾਅ ਕਾਰਜ ਵਿਚ ਪਰੇਸ਼ਾਨੀ ਹੋ ਰਹੀ ਹੈ।ਮਲਬੇ ਹੇਠਾਂ 8 ਤੋਂ 10 ਗੱਡੀਆਂ ਦੱਬੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨ।ਇਸ ਹਾਈਵੇ ਨੇੜੇ ਸਤਲੁੱਜ ਦਰਿਆ ਵੀ ਵਗਦਾ ਹੈ ਤੇ ਗੱਡੀਆਂ ਦੇ ਦਰਿਆ ਵਿਚ ਡਿੱਗਣ ਦਾ ਵੀ ਖਦਸ਼ਾ ਹੈ।

ਜਾਣਕਾਰੀ ਮੁਤਾਬਿਕ ਅਰਧ ਸੈਨਿਕ ਬਲ ਰਾਹਤ ਤੇ ਬਚਾਅ ਕਾਰਜ ਵਿਚ ਲੱਗਿਆ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ ਕਰਨ ਲਈ ਕਿਹਾ ਗਿਆ ਹੈ ਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਅਲਰਟ ਉੱਤੇ ਹਨ।

ਸਮਾਚਾਰ ਏਜੰਸੀ ਏਐੱਆਈ ਮੁਤਾਬਿਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿੰਨੌਰ ਜਿਲ੍ਹੇ ਵਿੱਚ ਰਿਕਾਂਗ ਪੀਓ ਸ਼ਿਮਲਾ ਰਾਜਮਾਰਗ ਉੱਤੇ ਢਿੱਗਾਂ ਡਿੱਗਣ ਦੇ ਮੱਦੇਨਜਰ ਸੂਬੇ ਦੇ ਮੁੱਖਮੰਤਰੀ ਨਾਲ ਗੱਲ ਕੀਤੀ ਹੈ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।