Khetibadi Punjab

ਲੈਡ ਪੂਲਿੰਗ ਨੀਤੀ ਖ਼ਿਲਾਫ਼ 7 ਅਗਸਤ ਨੂੰ ਲੁਧਿਆਣਾ ’ਚ ਹੋਵੇਗੀ ਜ਼ਮੀਨ ਬਚਾਓ ਰੈਲੀ

ਬਿਊਰੋ ਰਿਪੋਰਟ: ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਦੀ ਅਗਵਾਈ ਵਿੱਚ 7 ਅਗਸਤ ਨੂੰ ਪਿੰਡ ਜੋਧਾ, ਜ਼ਿਲ੍ਹਾ ਲੁਧਿਆਣਾ ਵਿਖੇ ‘ਜ਼ਮੀਨ ਬਚਾਓ ਰੈਲੀ’ ਕੀਤੀ ਜਾ ਰਹੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਬਾਡੀ ਦੀ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜਸਵੀਰ ਸਿੰਘ ਸਿੱਧੂਪੁਰ, ਕਾਕਾ ਸਿੰਘ ਕੋਟੜਾ, ਮਾਨ ਸਿੰਘ ਰਾਜਪੁਰਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਹੈ।

ਇਸ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਜਰਖੇਜ਼ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਰਾਹੀਂ ਖੋਹਣ ਲਈ ਪੰਜਾਬ ਸਰਕਾਰ ਵੱਲੋਂ ਹਰ ਇੱਕ ਹੱਥਕੰਡਾ ਵਰਤਿਆ ਜਾ ਰਿਹਾ ਹੈ, ਜਦੋਂਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਸ ਮਾਰੂ ਨੀਤੀ ਦੇ ਵਿਰੋਧ ਵਿੱਚ ਹਰ ਇੱਕ ਪਿੰਡ ਵੱਲੋਂ ਗ੍ਰਾਮ ਸਭਾ ਦਾ ਮਤਾ ਪਾ ਕੇ ਅਤੇ ਆਪਣੀ ਜ਼ਮੀਨ ਨਾਂ ਦੇਣ ਦੇ ਐਫੀਡੈਵਿਟ ਪੰਜਾਬ ਸਰਕਾਰ ਨੂੰ ਭੇਜ ਕੇ ਕਿਸੇ ਵੀ ਕੀਮਤ ਉੱਪਰ ਆਪਣੀ ਜਮੀਨ ਨਾਂ ਦੇਣ ਦਾ ਐਲਾਨ ਹਰੇਕ ਪਿੰਡ ਵੱਲੋਂ ਕੀਤਾ ਜਾ ਚੁੱਕਿਆ ਹੈ। ਪਰ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕੰਪਨੀ ਵਾਂਗ ਚੱਲਦੀ ਹੋਈ ਆਪਣੇ ਹੀ ਪਾਰਟੀ ਦੇ ਬੰਦਿਆਂ ਨੂੰ ਨਕਲੀ ਕਿਸਾਨ ਬਣਾ ਕੇ ਅਤੇ ਉਹਨਾਂ ਦੀਆਂ ਵੀਡੀਓ, ਫੋਟੋਆਂ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਉੱਪਰ ਚਲਾਂ ਕੇ ਝੂਠਾ ਪ੍ਰਚਾਰ ਕਰ ਰਹੀ ਹੈ ਕਿ ਕਿਸਾਨ ਇਸ ਲੈਂਡ ਪੂਲਿੰਗ ਨੀਤੀ ਦੇ ਹੱਕ ਵਿੱਚ ਹਨ। ਪਰ ਸਰਕਾਰ ਦੇ ਇਸ ਝੂਠ ਤੇ ਫਰੇਬ ਦੀ ਪੋਲ ਓਹਨਾਂ ਹੀ ਸਰਕਾਰ ਦੇ ਵੀਡੀਓ ਵਾਲੇ ਬੰਦਿਆਂ ਵੱਲੋਂ ਵੀਡੀਓ ਪਾ ਕੇ ਖੋਲ ਦਿੱਤੀ ਗਈ ਹੈ ਕਿ ਉਹ ਵੀ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਹਨ ਅਤੇ ਉਹ ਇਸ ਨੀਤੀ ਦਾ ਵਿਰੋਧ ਕਰਦੇ ਹਨ।

ਕਿਸਾਨ ਆਗੂ ਨੇ ਕਿਹਾ ਕਿ ਜੋ ਕੰਮ ਕੇਂਦਰ ਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆ ਕੇ ਨਹੀਂ ਕੀਤਾ ਜਾ ਸਕਿਆ ਉਹ ਕੰਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਇੱਕ ਕਾਰਪੋਰੇਟ ਘਰਾਣਿਆਂ ਦੀ ਕੰਪਨੀ ਬਣ ਕੇ ਕੀਤਾ ਜਾ ਰਿਹਾ ਹੈ ਅਤੇ ਗੁਰੂਆਂ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਨਹੀਂ ਜਿਸ ਦੇ ਸਿਰ ਉੱਪਰ ਛੱਤ ਨਾਂ ਹੋਵੇ ਪਰ ਆਮ ਆਦਮੀ ਪਾਰਟੀ ਦੀ ਕਾਰਪੋਰੇਟ ਪੱਖੀ ਸਰਕਾਰ ਵੱਲੋਂ ਪੰਜਾਬ ਦੀਆਂ ਉਪਜਾਊ ਜਮੀਨਾਂ ਉੱਪਰ ਕੰਕਰੀਟ ਦੇ ਜੰਗਲ ਉਸਾਰ ਕੇ ਪੰਜਾਬ ਦੀਆਂ ਉਪਜਾਊ ਜਮੀਨਾਂ ਨੂੰ ਬੰਜਰ ਬਣਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਸਿੱਧੇ ਜਾਂ ਅਸਿੱਧੇ ਤੌਰ ਤੇ ਇਹਨਾਂ ਜਮੀਨਾਂ ਉੱਪਰ ਹੋ ਰਹੀ ਫਸਲ ਅਤੇ ਆਮਦਨ ਨਾਲ ਜੁੜੀ ਹੋਈ ਹੈ ਪਰ ਪੰਜਾਬ ਸਰਕਾਰ ਵੱਲੋ ਇਹ ਜ਼ਮੀਨਾਂ ਖੋਹ ਕੇ ਕੰਕਰੀਟ ਦੇ ਜੰਗਲਾਂ ਅੱਗੇ ਪੰਜਾਬ ਵਾਸੀਆਂ ਨੂੰ ਹੀ ਸਿਕਿਉਰਟੀ ਗਾਰਡ ਦੇ ਤੌਰ ’ਤੇ ਖੜੇ ਕਰਨ ਲਈ ਸਾਜਿਸ਼ ਰਚੀ ਜਾ ਰਹੀ ਹੈ ਅਤੇ ਇਹ ਉਸੇ ਤਰ੍ਹਾਂ ਦਾ ਪੰਜਾਬ ਦਾ ਉਜਾੜਾ ਹੈ ਜਿਵੇਂ ਚੰਡੀਗੜ੍ਹ ਵਸਾਉਣ ਸਮੇਂ ਪੰਜਾਬ ਦੇ ਪਿੰਡਾਂ ਨੂੰ ਉਜਾੜਿਆ ਗਿਆ ਅਤੇ ਉਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਬਾਹਰਲੇ ਸੂਬਿਆਂ ਵਿੱਚ ਜਾ ਕੇ ਜ਼ਮੀਨਾਂ ਖ਼ਰੀਦੀਆਂ ਗਈਆਂ ਸਨ ਅਤੇ ਚੰਡੀਗੜ੍ਹ ਵਸਾਉਣ ਸਮੇਂ ਉਜੜੇ ਲੋਕਾਂ ਨੂੰ ਹੁਣ ਉਹਨਾ ਹੀ ਬਾਹਰਲੀਆਂ ਸਟੇਟਾਂ ਵੱਲੋਂ ਆਪਣੇ ਰਾਜਾਂ ਵਿੱਚੋਂ ਉਜਾੜਿਆ ਜਾ ਰਿਹਾ ਹੈ।

ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਕਿਸਾਨ ਅਤੇ ਹਰ ਇੱਕ ਵਰਗ ਨੂੰ ਉਜਾੜਨ ਵਾਲੀ ਇਸ ਲੈਂਡ ਪੂਲਿੰਗ ਨੀਤੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਪਿੰਡ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੀ ਅਗਵਾਈ ਵਿੱਚ 7 ਅਗਸਤ ਨੂੰ ਪਿੰਡ ਜੋਧਾ ਜ਼ਿਲਾ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਇੱਕ ਪੰਜਾਬ ਪੱਧਰ ਦੀ ਰੈਲੀ ਇਸ ਕਿਸਾਨ, ਮਜ਼ਦੂਰ ਅਤੇ ਹਰ ਇੱਕ ਵਰਗ ਨੂੰ ਉਜਾੜਨ ਵਾਲੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ ਜਿਸ ਸਬੰਧੀ ਪੰਜਾਬ ਭਰ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀਆਂ ਆਉਣ ਵਾਲਿਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਇਸ ਲੈਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਅੱਜ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਨੂੰ ਬੁਲੰਦ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਸ ਮਾਰੂ ਨੀਤੀ ਨੂੰ ਰੱਦ ਨਹੀ ਕਰਵਾਇਆ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।

ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਪੰਜਾਬ ਦੀਆਂ ਉਪਜਾਊ ਜਮੀਨਾਂ ਨੂੰ ਭਾਰਤ ਮਾਲਾ ਸੜਕ ਯੋਜਨਾ ਤਹਿਤ ਰੋਕ ਕੇ ਹਜ਼ਾਰਾਂ ਏਕੜ ਜਮੀਨ ਦਾ ਉਜਾੜਾ ਕੀਤਾ ਗਿਆ ਅਤੇ ਭਾਰਤ ਮਾਲਾ ਸੜਕ ਨੂੰ ਬੰਨ ਦੇ ਰੂਪ ਵਿੱਚ ਬਣਾ ਕੇ ਪਾਣੀ ਦੇ ਕੁਦਰਤੀ ਬਹਾਅ ਨੂੰ ਰੋਕਿਆ ਗਿਆ ਜਿਸ ਕਾਰਨ ਪਾਣੀ ਦਾ ਕੁਦਰਤੀ ਬਹਾਅ ਰੁਕਣ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਹਰ ਸਾਲ ਬਰਸਾਤ ਨਾਲ ਹੋ ਰਿਹਾ ਹੈ ਅਤੇ ਪਹਿਲਾ ਹੀ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨਾਂ ਨੂੰ ਸਰਕਾਰ ਵੱਲੋਂ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋ ਉਪਜਾਊ ਜ਼ਮੀਨਾਂ ਨੂੰ ਗ਼ਲਤ ਨੀਤੀਆਂ ਨਾਲ ਬੰਜਰ ਬਣਾਇਆ ਜਾ ਰਿਹਾ, ਇਸ ਲਈ ਪੰਜਾਬ ਸਰਕਾਰ ਫਸਲਾਂ ਦੇ ਬਰਸਾਤ ਕਾਰਨ ਹੋਏ ਨੁਕਸਾਨ ਦੀਆਂ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਤੁਰੰਤ ਮੁਆਵਜਾ ਰਾਸ਼ੀ ਪਾਵੇ ਤਾਂ ਜੋ ਕਿਸਾਨ ਆਪਣਾ ਜੀਵਨ ਦਾ ਨਿਰਵਾਹ ਕਰ ਸਕਣ। ਇਸ ਮੌਕੇ ਉਹਨਾਂ ਨਾਲ ਪੰਜਾਬ ਭਰ ਤੋਂ ਪੁੱਜੇ ਹੋਏ ਸਾਰੇ ਜਿਲ੍ਹਾ ਆਗੂ ਹਾਜ਼ਰ ਸਨ।