ਜਲੰਧਰ ਦੇ ਸ਼ਾਹਕੋਟ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜਿਆਂ ਨੇ ਆਪਣੇ ਚਾਚੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਲਾਜ ਦੌਰਾਨ ਚਾਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖਾ (65) ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਭਤੀਜੇ, ਮਾਂ ਅਤੇ ਇੱਕ ਹੋਰ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ’ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਖੇਤ ਵਿੱਚ ਖੂਨ ਨਾਲ ਲੱਥ-ਪੱਥ ਮਿਲਿਆ ਚਾਚਾ
ਲਖਵੀਰ ਸਿੰਘ ਉਰਫ ਲੱਖਾ ਦਾ ਆਪਣੇ ਵੱਡੇ ਭਰਾ ਦੇ ਲੜਕਿਆਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਭਤੀਜਾ ਜਸਵਿੰਦਰ ਸਿੰਘ ਚਾਚਾ ਲਖਵੀਰ ਸਿੰਘ ਨੂੰ ਖੇਤਾਂ ਦੀ ਸਿੰਜਾਈ ਕਰਨ ਅਤੇ ਖੂਹ ’ਤੇ ਜਾਣ ਤੋਂ ਰੋਕਦਾ ਸੀ। ਦੋਵਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਕੇਸ ਵੀ ਚੱਲ ਰਿਹਾ ਸੀ।
ਬੀਤੀ ਐਤਵਾਰ ਸਵੇਰੇ 10 ਵਜੇ ਦੇ ਕਰੀਬ ਲਖਵੀਰ ਸਿੰਘ ਖੇਤਾਂ ’ਚ ਘੁੰਮ ਰਿਹਾ ਸੀ ਤਾਂ ਅਚਾਨਕ ਮੱਕੀ ਦੇ ਖੇਤ ’ਚੋਂ ਬਾਹਰ ਆ ਰਹੇ ਉਸ ਦੇ ਭਤੀਜੇ ਨੇ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮ ਭਤੀਜੇ ਨੇ ਚਾਕੂ ਨਾਲ ਕਈ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਿਆ।
ਸ਼ਾਹਕੋਟ ਤੋਂ ਪ੍ਰਾਈਵੇਟ ਹਸਪਤਾਲ ਕੀਤਾ ਰੈਫਰ
ਜਾਣਕਾਰੀ ਅਨੁਸਾਰ ਜਦੋਂ ਪਿੰਡ ਵਾਸੀਆਂ ਨੇ ਲੱਖੇ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ ਤਾਂ ਉਨ੍ਹਾਂ ਤੁਰੰਤ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਤੁਰੰਤ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੋਮਵਾਰ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਲਖਵੀਰ ਸਿੰਘ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਥਾਣਾ ਸ਼ਾਹਕੋਟ ਦੀ ਪੁਲਸ ਨੂੰ ਮਿਲੀ ਤਾਂ ਥਾਣਾ ਇੰਚਾਰਜ ਅਮਨ ਸੈਣੀ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲੀਸ ਨੇ ਭਤੀਜੇ ਤੀਰਥ ਰਾਮ ਅਤੇ ਸਰਬਜੀਤ (ਦੋਵੇਂ), ਉਨ੍ਹਾਂ ਦੀ ਮਾਤਾ ਇੰਦਰਜੀਤ ਕੌਰ ਅਤੇ ਸੁਖਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।