ਲੁਧਿਆਣਾ : ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਫਿਰ ਤੋਂ ਸ਼ੁਰੂ ਹੋ ਗਿਆ ਹੈ। ਟੋਲ ਪਲਾਜ਼ਾ ਦੀ ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ। ਕਿਸਾਨ ਅੱਜ ਇੱਕ ਵਾਰ ਫਿਰ ਟੋਲ ਪਲਾਜ਼ਾ ਖਾਲੀ ਕਰਵਾਉਣ ਲਈ ਇਕੱਠੇ ਹੋਣ ਜਾ ਰਹੇ ਸਨ ਪਰ ਜ਼ਿਲ੍ਹਾ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਿਵੇਂ ਹੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਟੋਲ ਪਲਾਜ਼ਾ ਨੇੜੇ ਪੁੱਜੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਤੱਕ 10 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਟੋਲ ਪਲਾਜ਼ਾ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ।
ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਜੋ ਵੀ ਟੋਲ ਪਲਾਜ਼ਾ ‘ਤੇ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ ਦਾ ਇਹ ਟੋਲ ਪਲਾਜਾ ਪਿੱਛਲੇ ਕਰੀਬ ਡੇਢ ਮਹੀਨੇ ਤੋਂ ਬੰਦ ਪਿਆ ਹੈ। ਇਸ ਦੌਰਾਨ ਹਾਈਕੋਰਟ ਚ ਇਸ ਦੀ ਸੁਣਵਾਈ ਚੱਲ ਰਹੀ ਸੀ।
ਕਿਸਾਨਾਂ ਨੇ ਇਹ ਟੋਲ 16 ਜੂਨ ਤੋਂ ਬੰਦ ਰੱਖਿਆ ਹੋਇਆ ਸੀ। ਇਸ ਦੌਰਾਨ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ 3 ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਮੀਟਿੰਗ ਟੋਲ ਪਲਾਜ਼ਾ ਤੇ ਧਰਨੇ ਦੌਰਾਨ ਹੋਈ। ਜਿਸ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਟੋਲ ਪਲਾਜ਼ਾ ਬੰਦ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਸੀ। ਇਸ ਤੋਂ ਬਾਅਦ ਧਰਨਾ ਚੁੱਕ ਕੇ ਅਧਿਕਾਰੀਆਂ ਨਾਲ ਦੂਜੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ NHAI ਦਾ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਤੀਜੀ ਮੀਟਿੰਗ ਵਿੱਚ ਕਿਸਾਨਾਂ ਨੇ ਟੋਲ ਪਲਾਜ਼ਾ ਦੀਆਂ ਕਮੀਆਂ ਨੂੰ ਗਿਣਿਆ।