ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਬੰਦ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ 30 ਜੂਨ ਨੂੰ ਇਸ ਨੂੰ ਬੰਦ ਕੀਤਾ ਜਾਵੇਗਾ। ਕਿਉਂਕਿ ਇਸ ਦੇ ਲਗਾਤਾਰ ਵਧ ਰਹੇ ਰੇਟਾਂ ਕਾਰਨ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਕਿਸਾਨ ਕੱਲ੍ਹ ਟੋਲ ਏਜੰਸੀ ਦੇ ਕੈਬਿਨਾਂ ਨੂੰ ਤਾਲੇ ਲਾਉਣਗੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਦੋਆਬਾ ਯੂਨੀਅਨ ਅਤੇ ਟੈਕਸੀ ਯੂਨੀਅਨ ਵੱਲੋਂ ਪਿਛਲੇ 15 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।
ਹਰ ਡਰਾਈਵਰ ਬਿਨਾਂ ਟੋਲ ਟੈਕਸ ਦੇ ਆਪਣਾ ਵਾਹਨ ਚਲਾ ਰਿਹਾ ਹੈ। ਹੁਣ ਤੱਕ 6 ਲੱਖ ਤੋਂ ਵੱਧ ਵਾਹਨਾਂ ਵੱਲੋਂ ਇਹ ਟੋਲ ਟੈਕਸ ਬਿਨਾਂ ਪਰਚੀ ਤੋਂ ਲੰਘ ਚੁੱਕੇ ਹਨ। ਇਸ ਕਾਰਨ ਲੋਕਾਂ ਦੀ ਕਰੀਬ 15 ਕਰੋੜ ਰੁਪਏ ਦੀ ਬੱਚਤ ਹੋਈ ਹੈ। ਕਿਸਾਨਾਂ ਦੀ ਮੰਗ ਹੈ ਕਿ ਟੋਲ ਟੈਕਸ ਦੀ ਪੁਰਾਣੀ ਦਰ 150 ਰੁਪਏ ਪ੍ਰਤੀ ਚਾਰ ਪਹੀਆ ਵਾਹਨ ਰੱਖੀ ਜਾਵੇ। ਕਿਸਾਨਾਂ ਨੇ ਕਿਹਾ ਹੈ ਕਿ ਟੋਲ ਪਲਾਜ਼ੇ ਉੱਪਰ ਹੋ ਰਹੀ ਲੋਕਾਂ ਦੀ ਲੁੱਟ ਬੰਦ ਹੋਣੀ ਚਾਹਿਦੀ ਹੈ। ਕਿਸਾਨ ਆਗੂ ਨੇ ਦੱਸਿਆ ਕਿ ਭਲਕੇ ਵੱਡੀ ਗਿਣਤੀ ਵਿੱਚ ਸਮਾਜਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਲਾਡੋਵਾਲ ਟੋਲ ਪਲਾਜ਼ਾ ’ਤੇ ਪੁੱਜ ਰਹੀਆਂ ਹਨ। ਕੱਲ੍ਹ ਟੋਲ ਮੁਲਾਜ਼ਮਾਂ ਦੇ ਦਫ਼ਤਰ ਨੂੰ ਤਾਲਾ ਜ਼ਰੂਰ ਲੱਗੇਗਾ।
ਤਾਲਾਬੰਦੀ ਦਾ ਕਾਰਨ ਇਹ ਹੈ ਕਿ ਉਹ ਵਾਰ-ਵਾਰ ਟੋਲ ਅਧਿਕਾਰੀਆਂ ਅਤੇ ਐਨ.ਐਚ.ਏ.ਆਈ. ਨੂੰ ਟੋਲ ਦੀ ਸਮਾਂ ਸੀਮਾ ਸਬੰਧੀ ਦਸਤਾਵੇਜ਼ ਦਿਖਾਉਣ ਲਈ ਕਹਿ ਚੁੱਕੇ ਹਨ ਪਰ ਅੱਜ ਤੱਕ ਕੋਈ ਵੀ ਅਧਿਕਾਰੀ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਦਾ ਮਤਲਬ ਹੈ ਕਿ ਇਹ ਟੋਲ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ। ਕੇਂਦਰ ਸਰਕਾਰ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰ ਰਹੀ ਹੈ। ਲੋਕਾਂ ਦਾ ਸਮਰਥਨ ਕਿਸਾਨਾਂ ਦੇ ਨਾਲ ਹੈ, ਕੱਲ੍ਹ ਨੂੰ ਟੋਲ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਇਹ ਵੀ ਪੜ੍ਹੋ – ਗਿਆਨੀ ਕੇਵਲ ਸਿੰਘ ਨੇ ਅਕਾਲੀ ਦਲ ਦੇ ਦੋਵੇਂ ਧੜਿਆ ‘ਤੇ ਕੱਸੇ ਤੰਜ, ਪੁੱਛੇ ਸਵਾਲ