‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੂਬੇ ਵਿੱਚ ਕਰੋਨਾ ਵੈਕਸੀਨ ਅਤੇ ਆਕਸੀਜਨ ਸਿਲੰਡਰਾਂ ਦੀ ਘਾਟ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਸੂਬੇ ਨੂੰ ਹੋਰ ਆਕਸੀਜਨ ਟੈਂਕਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਕੋਲ ਕੋਵਿਡ ਪੀੜਤ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਕਸੀਜਨ ਲਿਜਾਣ ਲਈ ਲੋੜੀਂਦੇ ਟੈਂਕਰ ਉਪਲੱਬਧ ਨਹੀਂ ਹਨ।
ਕੈਪਟਨ ਨੇ ਕਿਹਾ ਕਿ ਸੂਬੇ ਨੂੰ ਤੁਰੰਤ ਹੋਰ ਟੈਂਕਰਾਂ ਦੀ ਜ਼ਰੂਰਤ ਹੈ ਕਿਉਂਕਿ ਇਸ ਸਮੇਂ ਸੂਬੇ ਕੋਲ ਸਿਰਫ 15 ਟੈਂਕਰ ਹੀ ਉਪਲੱਬਧ ਹਨ ਅਤੇ ਕੱਲ੍ਹ ਤੱਕ ਦੋ ਹੋਰ ਟੈਂਕਰ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਦੂਸਰੇ ਸੂਬਿਆਂ ਤੋਂ ਆ ਰਹੀ ਆਕਸੀਜਨ ਸਪਲਾਈ ਨਾਲ ਨਜਿੱਠਣ ਲਈ ਬਹੁਤ ਘੱਟ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਦੂਜੇ ਸੂਬਿਆਂ ਦੇ ਵੱਖ-ਵੱਖ ਪਲਾਂਟਾਂ ਤੋਂ 195 ਮੀਟਰਿਕ ਟਨ ਦੀ ਅਲਾਟਮੈਂਟ ਕੀਤੀ ਗਈ ਹੈ ਪਰ ਪਿਛਲੇ 7 ਦਿਨਾਂ ਦੌਰਾਨ ਅਸਲ ਸਪਲਾਈ ਰੋਜ਼ਾਨਾ 110-120 ਮੀਟਰਿਕ ਟਨ ਰਹੀ ਹੈ। ਆਕਸੀਜਨ ਸਹਾਇਤਾ ‘ਤੇ ਮਰੀਜ਼ਾਂ ਦੀ ਗਿਣਤੀ 4000 ਤੋਂ ਵੱਧ ਕੇ 9000 ਦੇ ਕਰੀਬ ਹੋ ਗਈ ਹੈ ਅਤੇ ਸੂਬਾ ਸਰਕਾਰ ਦੁਆਰਾ ਆਪਣੇ ਕੰਟਰੋਲ ਰੂਮਜ਼ ਰਾਹੀਂ ਸਪਲਾਈ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਸੁਚਾਰੂ ਬਣਾਉਣ ਦੇ ਕਦਮਾਂ ਨੇ ਚੀਜਾਂ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕੀਤੀ ਹੈ ਪਰ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸੂਬੇ ਵਿੱਚ ਟਰਾਂਸਪੋਰਟਰਾਂ ਕੋਲ ਉਪਲੱਬਧ ਟਰੱਕਾਂ ਦੀ ਘਾਟ ਤੋਂ ਇਲਾਵਾ ਇੱਕ ਟੈਂਕਰ ਨੂੰ ਬੋਕਾਰੋ ਪਲਾਂਟ ਤੋਂ 90 ਮੀਟਰਕ ਟਨ ਕੋਟੇ ਦੀ ਅਲਾਟਮੈਂਟ ਲਿਆਉਣ ਵਿੱਚ ਲਗਭਗ 4-5 ਦਿਨ ਲੱਗਦੇ ਹਨ, ਜਿਸ ਕਾਰਨ ਹਾਲਾਤ ਹੋਰ ਵਿਗੜ ਗਏ ਹਨ। ਉਹਨਾਂ ਕਿਹਾ ਕਿ ਜਦ ਤੱਕ ਸੂਬੇ ਨੂੰ ਵਧੇਰੇ ਟੈਂਕਰ ਨਹੀਂ ਮਿਲਦੇ, ਸਥਿਤੀ ਹੋਰ ਵਿਗੜ ਸਕਦੀ ਹੈ।