ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਖੁੱਲ ਕੇ ਡੱਟ ਗਏ ਹਨ। ਉਨ੍ਹਾਂ ਨੇ ਬੇਅਦਬੀ ਅਤੇ ਗੋਲੀਕਾਂਡ ਵਿੱਚ ਇਨਸਾਫ ਵਿੱਚ ਹੋ ਰਹੀ ਦੇਰੀ ਦੇ ਲਈ ਇਸ ਵਾਰ ਸਿੱਧਾ ਸੀਐੱਮ ਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ ਅਤੇ ਗੰਭੀਰ ਸਵਾਲ ਖੜੇ ਕੀਤੇ ਹਨ । ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਮਾਨ ਦਾ ਪੁਰਾਣਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ਜਦੋਂ ਮੈਂ IPS ਤੋਂ ਇਸਤੀਫ਼ਾ ਦਿੱਤਾ ਸੀ April 2021.ਮੈਂ ਵੀ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਿਆ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਅੱਜ SIT ਤੁਹਾਡੀ ਹੈ ਅੱਜ Home Minister ਤੁਸੀਂ ਹੋ। ਗਵਾਹਾਂ ਨੂੰ SIT ਮੁਕਰਾ ਰਹੀ ਹੈ। ਦੁਬਰਾ ਉਨ੍ਹਾਂ ਦਾ ਬਿਆਨ ਕਰਾਇਆ ਜਾ ਰਿਹਾ ਹੈ,ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਮੈਂ ਨਿੱਜੀ ਵਕੀਲਾਂ ਨੂੰ ਨਾਲ ਲੇ ਕੇ ਅਦਾਲਤਾਂ ਵਿੱਚ ਪੈਰਵਾਈ ਕਰ ਰਿਹਾ ਹਾਂ। ਮੈਨੂੰ ਜਾਣਬੂਝ ਕੇ ਜਲੀਲ ਕੀਤਾ ਜਾ ਰਿਹਾ ਹੈ। ਦੋਸ਼ੀ ਸਰਕਾਰੀ ਤੰਤਰ ‘ਤੇ ਹਾਵੀ ਹੋ ਗਏ। ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ। ਲੇਕਿਨ ਆਖ਼ਿਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ। ਮੇਰੀ ਜੰਗ ਜਾਰੀ ਰਹੇਗੀ, ਹਰ ਤਸੱਦਦ ਸਹਿਣ ਲਈ ਤਿਆਰ ਹਾਂ’।
ਹੁਣ ਤੱਕ ਕੁੰਵਰ ਵਿਜੇ ਪ੍ਰਤਾਪ ਦਬੀ ਜ਼ਬਾਨ ਵਿੱਚ ਸਰਕਾਰ ਨੂੰ ਸਵਾਲ ਕਰਦੇ ਸਨ ਪਰ ਹੁਣ ਬੇਅਦਬੀ ਅਤੇ ਗੋਲੀਕਾਂਡ ਨੂੰ ਲੈਕੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਜਿਹੜਾ ਪੁਰਾਣਾ ਵੀਡੀਓ ਭਗਵੰਤ ਸਿੰਘ ਮਾਨ ਦਾ ਸਾਂਝਾ ਕੀਤਾ ਹੈ ਉਹ ਅਪ੍ਰੈਲ 2021 ਦਾ ਹੈ ਜਦੋਂ ਹਾਈਕੋਰਟ ਨੇ ਗੋਲੀਕਾਂਡ ਦੀ ਜਾਂਚ ਕਰ ਰਹੀ ਕੁੰਵਰ ਵਿਜੇ ਦੀ SIT ਨੂੰ ਰੱਦ ਕਰ ਦਿੱਤਾ ਸੀ । ਉਸ ਵੇਲੇ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੰਦੇ ਹੋਏ ਕੈਪਟਨ ਸਰਕਾਰ ‘ਤੇ ਸਵਾਲ ਚੁੱਕ ਦੇ ਹੋਏ ਕੇਸ ਮਜ਼ਬੂਤੀ ਨਾਲ ਨਾ ਰੱਖਣ ਦਾ ਇਲਜ਼ਾਮ ਲਗਾਉਂਦੇ ਹੋਏ ਅਸਤੀਫਾ ਦਿੱਤਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਤਕਾਲੀ ਕੈਪਨਟ ਸਰਕਾਰ ਅਤੇ ਬਾਦਲ ਪਰਿਵਾਰ ‘ਤੇ ਗਠਜੋੜ ਨੂੰ ਜ਼ਿੰਮੇਵਾਰ ਦੱਸਿਆ ਸੀ ।
ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਭਗਵੰਤ ਸਿੰਘ ਮਾਨ ਨੇ ਵੀ ਪੀਸੀ ਕਰਦੇ ਹੋਏ ਕਿਹਾ ਸੀ ਕਿ ‘ਕੈਪਟਨ ਸਾਬ੍ਹ ਤੁਸੀਂ ਹੁਣ ਉਸ ਨੂੰ ਇਮਾਨਦਾਰ ਦੱਸ ਦੇ ਹੋ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦੇ ਦਿੱਤਾ,ਤੁਸੀਂ ਸੁਖਬੀਰ ਬਾਦਲ ਨੂੰ ਬਚਾਇਆ,ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਇਮਾਨਦਾਰ ਦੱਸ ਦੇ ਹੋਏ ਕਈ ਮਾਮਲਿਆਂ ਵਿੱਚ ਜਾਂਚ ਅਫਸਰ ਨਿਯੁਕਤ ਕੀਤਾ। ਕੁੰਵਰ ਵਿਜੇ ਪ੍ਰਤਾਪ ਨੇ ਸਾਬਿਤ ਕੀਤਾ ਕਿ ਕਿਵੇਂ ਗਠਜੋੜ ਹੈ ਬਾਦਲ ਅਤੇ ਕੈਪਟਨ ਦਾ। ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਮੰਤਰਾਲਾ ਹੈ,ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪਾਪ ਖੱਟ ਰਹੇ ਹੋ,ਮੁਲਜ਼ਮਾਂ ਨੂੰ ਉਨ੍ਹਾਂ ਕਲੀਨ ਚਿੱਟ ਦਿੱਤੀ,ਪਰਮਾਤਮਾ ਸਭ ਵੇਖ ਰਿਹਾ ਹੈ,ਤੁਸੀਂ ਇਸ ਕਚਹਿਰੀ ਵਿੱਚ ਭਾਵੇ ਬਚ ਜਾਉਗੇ ਮਹਿੰਗੇ ਵਕੀਲ ਬੁਲਾ ਲਉਗੇ ਪਰ ਜਿਹੜੀ ਲੋਕਾਂ ਅਤੇ ਪਰਮਾਤਮਾ ਦੀ ਕਚਹਿਰੀ ਹੈ ਉਸ ਵਿੱਚ ਤੁਹਾਨੂੰ ਜਵਾਬ ਦੇਣਾ ਹੋਵੇਗਾ । ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਦੇ ਸਮਾਰਟ ਸਕੂਲ ਨੂੰ ਲੈਕੇ SIT ਦੇ ਕੰਮ ਕਰਨ ਦੇ ਤਰੀਕੇ ਨੂੰ ਲੈਕੇ ਸਵਾਲ ਚੁੱਕੇ ਸਨ ।
ਜਦੋਂ ਬੇਅਦਬੀ ਅਤੇ ਗੋਲੀਕਾਂਡ ਲਈ ਬਣੀਆਂ 2 SIT ਨੇ ਚਾਰਜਸ਼ੀਟ ਫਾਈਲ ਕੀਤੀ ਸੀ ਤਾਂ ਉਸ ਵੇਲੇ ਵੀ ਕੁੰਵਰ ਵਿਜੇ ਪ੍ਰਤਾਪ ਨੇ ਦਾਅਵਾ ਕੀਤਾ ਸੀ ਕਿ ਤੁਸੀਂ ਮੇਰੇ ਕੋਲੋ ਲਿਖਵਾ ਲਿਉ ਕਿਸੇ ਵੀ ਮੁਲਜ਼ਮ ਨੂੰ ਕੁਝ ਨਹੀਂ ਹੋਵੇਗਾ,ਇਹ ਸਿਰਫ਼ ਕਲੀਨ ਚਿੱਟ ਦੇਣ ਦੇ ਲਈ ਡਰਾਮਾ ਹੋ ਰਿਹਾ ਹੈ । ਕੁੰਵਰ ਵਿਜੇ ਪ੍ਰਤਾਪ ਵਿਧਾਨਸਭਾ ਵਿੱਚ ਵੀ ਇਸ ਮੁੱਦੇ ‘ਤੇ ਬਹਿਸ ਕਰਵਾਉਣ ਦੀ ਮੰਗ ਕਰ ਚੁੱਕੇ ਹਨ । ਪਿਛਲੇ ਮਹੀਨੇ ਜਦੋਂ ਅੰਮ੍ਰਿਤਸਰ ਤੋਂ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ‘ਸਕੂਲ ਆਫ ਐਮੀਨੈਂਸ’ ਖੋਲਿਆ ਸੀ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਸਾਬਕਾ ਕੈਬਨਿਟ ਮੰਤਰੀ ਨਿੱਝਰ ਦੇ ਪੋਸਟ ‘ਤੇ ਕੁਮੈਂਟ ਕਰਦੇ ਹੋਏ ਕਿਹਾ ਸੀ ਕਿ ਜਿਸ ਨੂੰ ਤੁਸੀਂ ਸਕੂਲ ਆਫ ਐਮੀਨੈਂਸ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਪਹਿਲਾਂ ਤੋਂ ਹੀ ਸਮਾਰਟ ਸੀ । ਉਨ੍ਹਾਂ ਨੇ ਦੱਸਿਆ ਸੀ ਕਿ ਇੱਕ NRI ਪਰਿਵਾਰ ਵੱਲੋਂ ਸਕੂਲ ਨੂੰ ਤਿਆਰ ਕੀਤਾ ਗਿਆ ਸੀ ।