Punjab

ਮੈਂ ਰਾਜਨੀਤੀ ਦੀ ਪਰਿਭਾਸ਼ਾ ਬਦਲ ਦਿਆਂਗਾ, ਝਾੜੂ ਫੜ੍ਹ ਕੇ ਗਰਜੇ ਕੁੰਵਰ ਵਿਜੇ ਪ੍ਰਤਾਪ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਦੌਰੇ ਉੱਤੇ ਅੰਮ੍ਰਿਤਸਰ ਪਹੁੰਚ ਹੋਏ ਹਨ। ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਉਹ ਸਿੱਧੇ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ।

ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁੰਵਰ ਵਿਜੇ ਪ੍ਰਤਾਪ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਸਵਾਗਤ ਕੀਤਾ ਹੈ। ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ‘ਅੱਜ ਅਸੀਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਰਾਜਨੀਤੀ ਨਹੀਂ ਕਰਨ ਜਾ ਰਹੇ। ਜੇ ਪੰਜਾਬ ਦੀ ਧਰਤੀ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਹੀਂ ਮਿਲ ਸਕਿਆ ਤਾਂ ਇੱਕ ਆਮ ਵਿਅਕਤੀ ਦੀ ਕੀ ਹਾਲਤ ਹੋਵੇਗੀ। ਜਦੋਂ ਇਨਸਾਫ ਦੇਣ ਦੀ ਵਾਰੀ ਆਈ ਤਾਂ ਰਿਪੋਰਟ ਨੂੰ ਖਾਰਜ ਕਰਵਾਇਆ ਗਿਆ। ਮੈਂ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਅਸੀਂ ਦੋ-ਢਾਈ ਸਾਲ ਮਿਹਨਤ ਕਰਕੇ ਰਿਪੋਰਟ ਤਿਆਰ ਕੀਤੀ, ਰਿਪੋਰਟ ਨੂੰ ਫਰੀਦਕੋਟ ਦੀ ਸੈਸ਼ਨ ਅਦਾਲਤ ਵਿੱਚ ਸੌਂਪਿਆ ਗਿਆ ਸੀ, ਜਿੱਥੇ ਕਾਰਵਾਈ ਵੀ ਸ਼ੁਰੂ ਹੋ ਗਈ ਸੀ। ਰਿਪੋਰਟ ਫਰੀਦਕੋਟ ਵਿੱਚ ਪਈ ਹੈ ਪਰ ਆਰਡਰ ਚੰਡੀਗੜ੍ਹ ਤੋਂ ਆ ਰਹੇ ਹਨ। ਸਾਡੇ ਸਰਕਾਰੀ ਵਕੀਲ ਤਾਂ ਇਹ ਵੀ ਨਹੀਂ ਬੋਲ ਸਕੇ ਕਿ ਰਿਪੋਰਟ ਫਰੀਦਕੋਟ ਵਿੱਚ ਪਈ ਹੈ। ਜਿਸ ਦਿਨ ਹਾਈਕੋਰਟ ਦਾ ਆਦੇਸ਼ ਆਉਣਾ ਸੀ, ਉਸ ਦਿਨ ਏਜੀ ਬਿਮਾਰ ਪੈ ਜਾਂਦੇ ਹਨ। ਜੇ ਉਹ ਬਿਮਾਰ ਪੈ ਵੀ ਗਏ ਸਨ, ਤਾਂ ਉਹ ਕੋਈ ਹੋਰ ਤਰੀਕ ਵੀ ਲੈ ਸਕਦੇ ਸੀ, ਪਰ ਅਜਿਹਾ ਨਹੀਂ ਹੋਇਆ’।

ਉਨ੍ਹਾਂ ਕਿਹਾ ਕਿ ‘ਮੈਨੂੰ ਅੰਮ੍ਰਿਤਸਰ ਦੀ ਜਨਤਾ ਦਾ ਪੂਰਾ ਵਿਸ਼ਵਾਸ ਮਿਲਿਆ। ਮੈਂ ਰਾਜਨੀਤੀ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਪਰ ਉਹ ਰਾਜਨੀਤੀ ਨਹੀਂ, ਜੋ ਤੁਸੀਂ ਹੁਣ ਤੱਕ ਵੇਖਦੇ ਆਏ ਹੋ, ਅਸੀਂ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣੀ ਹੈ। ਦਿੱਲੀ ਵਿੱਚ ਦਿੱਲੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ। ਜਨਤਾ ਦੀ ਤਾਕਤ ਜਨਤਾ ਦੇ ਹੱਥ ਵਿੱਚ ਲਿਆਂਦੀ ਜਾਵੇਗੀ। ਪੰਜਾਬ ਵਿੱਚ ਹਰ ਤਰੀਕੇ ਦੇ ਮਾਫੀਆ ਦਾ ਰਾਜ ਹੋ ਗਿਆ ਹੈ। ਇਸ ਲਈ ਇੱਕ ਕ੍ਰਾਂਤੀ ਲਿਆਉਣ ਦੀ ਲੋੜ ਹੈ ਅਤੇ ਕ੍ਰਾਂਤੀ ਰਾਜਨੀਤੀ ਦੇ ਰਾਹੀਂ ਜਨਤਾ ਵਿੱਚ ਲਿਆਂਦੀ ਜਾਵੇਗੀ। ਇਸ ਰਾਜਨੀਤਿਕ ਕ੍ਰਾਂਤੀ ਦੀ ਸ਼ੁਰੂਆਤ ਅਸੀਂ ਅੰਮ੍ਰਿਤਸਰ ਦੀ ਧਰਤੀ ਤੋਂ ਕਰਨ ਜਾ ਰਹੇ ਹਾਂ, ਜਿੱਥੇ ਸਾਨੂੰ ਆਮ ਜਨਤਾ ਦਾ ਪੂਰਾ ਸਹਿਯੋਗ ਮਿਲੇਗਾ। ਪੰਜਾਬ ਹਰੇਕ ਖੇਤਰ ਵਿੱਚ ਬਹੁਤ ਥੱਲੇ ਚਲੇ ਗਿਆ ਸੀ ਪਰ ਹੁਣ ਅਸੀਂ ਪੰਜਾਬ ਨੂੰ ਫਿਰ ਉੱਪਰ ਲੈ ਕੇ ਆਵਾਂਗੇ। ਇਸ ਵਿੱਚ ਜਨਤਾ ਦਾ ਹਰ ਨਾਗਰਿਕ ਸਾਹਮਣੇ ਆਵੇਗਾ ਅਤੇ ਆਪਣੀ ਤਾਕਤ ਦਾ ਖੁਦ ਇਸਤੇਮਾਲ ਕਰੇਗਾ। ਅਸੀਂ ਸਿਰਫ ਇੱਕ ਜ਼ਰੀਆ ਹੋਵਾਂਗੇ। ਮੇਰੀ ਜੋ ਵੀ ਜ਼ਿੰਮੇਵਾਰੀ ਲੱਗੇਗੀ, ਮੈਂ ਉਸਨੂੰ ਇਮਾਨਦਾਰੀ ਅਤੇ ਚੰਗੇ ਤਰੀਕੇ ਨਾਲ ਨਿਭਾਵਾਂਗਾ’।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਅੱਜ ਆਮ ਆਦਮੀ ਪਾਰਟੀ, ਪੰਜਾਬ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇਤਾ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਮਾਂ-ਬਾਪ ਨੇਤਾ ਸਨ। ਇਹ ਰਾਜਨੀਤਿਕ ਪਰਿਵਾਰ ਤੋਂ ਨਹੀਂ ਆਉਂਦੇ। ਮੈਂ ਵੀ ਨੇਤਾ ਨਹੀਂ ਹੈ। ਸਾਡੀ ਨੇਤਾਵਾਂ ਦੀ ਪਾਰਟੀ ਨਹੀਂ ਹੈ। ਸਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ, ਅਸੀਂ ਦੇਸ਼ ਲਈ, ਸਮਾਜ ਲਈ ਆਏ ਹਾਂ। ਉਸੇ ਭਾਵਨਾ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵਿਰੋਧੀ ਵੀ ਉਨ੍ਹਾਂ ਦੀ ਇਮਾਨਦਾਰੀ ਦੀ ਕਸਮ ਖਾਂਦੇ ਹਨ। ਇਹ ਪੰਜਾਬ ਦੇ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹੇ। ਲੋਕ ਇਨ੍ਹਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਆਪਣਾ ਅਫ਼ਸਰ ਭਰਾ ਆਖਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਗ ਦੇ ਲੋਕਾਂ ਦੀ ਪਾਰਟੀ ਹੈ’। 

ਕੇਜਰੀਵਾਲ ਨੇ ਕਿਹਾ ਕਿ ‘ਪਿਛਲੇ ਦੋ-ਢਾਈ ਸਾਲ ਵਿੱਚ ਬਰਗਾੜੀ ਮਾਮਲੇ ਵਿੱਚ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਇਨ੍ਹਾਂ ਨੇ ਜੋ ਸੰਘਰਸ਼ ਕੀਤਾ, ਉਸਨੂੰ ਪੂਰੇ ਪੰਜਾਬ ਨੇ ਵੇਖਿਆ। ਇਨ੍ਹਾਂ ਨੇ ਜਾਂਚ ਕੀਤੀ ਅਤੇ ਘਟਨਾ ਦੇ ਜੋ ਮਾਸਟਰ ਮਾਈਂਡ ਸਨ, ਉਨ੍ਹਾਂ ਦਾ ਪਤਾ ਲਗਾਇਆ। ਪਰ ਸਾਰਾ ਸਿਸਟਮ ਇਨ੍ਹਾਂ ਦੇ ਖਿਲਾਫ ਹੋ ਗਿਆ ਅਤੇ ਜਦੋਂ ਇਨ੍ਹਾਂ ਨੂੰ ਲੱਗਾ ਕਿ ਇਹ ਸਿਸਟਮ ਦੇ ਅੰਦਰ ਰਹਿ ਕੇ ਕੁੱਝ ਨਹੀਂ ਕਰ ਸਕਦੇ ਤਾਂ ਇਨ੍ਹਾਂ ਨੇ ਅਸਤੀਫਾ ਦੇ ਦਿੱਤਾ। ਇਨ੍ਹਾਂ ਨੇ ਨੌਕਰੀ ਆਪਣੇ ਲਈ ਨਹੀਂ ਬਲਕਿ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਛੱਡੀ। ਇਨ੍ਹਾਂ ਦੀ ਜੋ ਅਧੂਰੀ ਕਾਰਵਾਈ ਰਹਿ ਗਈ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਜੋ ਬਰਗਾੜੀ ਮਾਮਲੇ ਦਾ ਇਨਸਾਫ ਨਹੀਂ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਬਰਗਾੜੀ ਮਾਮਲੇ ਦੇ ਜੋ ਵੀ ਮਾਸਟਰ ਮਾਈਂਡ ਹਨ, ਉਨ੍ਹਾਂ ਨੂੰ ਸਜ਼ਾਵਾਂ ਦਿਵਾਵਾਂਗੇ ਅਤੇ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਵਾਂਗੇ’।

ਪੰਜਾਬ ਦੀਆਂ ਤਿੰਨੇ ਪਾਰਟੀਆਂ ਤੇ ਕੱਸੇ ਨਿਸ਼ਾਨੇ

ਉਨ੍ਹਾਂ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਅੱਜ ਪੰਜਾਬ ਬਹੁਤ ਬੁਰੇ ਦੌਰ ਤੋਂ ਗੁਜ਼ਰ ਰਿਹਾ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਅਤੇ ਉਸਦੇ ਨੇਤਾ ਕੁੱਤੇ-ਬਿੱਲੀਆਂ ਦੀ ਤਰ੍ਹਾਂ ਲੜ ਰਹੇ ਹਨ। ਇਹ ਸਿਰਫ ਕੁਰਸੀ ਦੇ ਲਈ ਲੜ ਰਹੇ ਹਨ। ਜਦੋਂ ਪੂਰਾ ਪੰਜਾਬ ਕਰੋਨਾ ਮਹਾਂਮਾਰੀ ਦੌਰਾਨ ਸੰਕਟਮਈ ਘੜੀ ਵਿੱਚ ਸੀ ਅਤੇ ਸੋਚਿਆ ਸੀ ਕਿ ਸਾਡਾ ਮੁੱਖ ਮੰਤਰੀ, ਸਾਡੀ ਸਰਕਾਰ ਸਾਡੇ ਲਈ ਕੰਮ ਆਵੇਗੀ, ਸਾਡੀ ਮਦਦ ਕਰੇਗੀ, ਉਸ ਸਮੇਂ ਇਹ ਸਾਰੇ ਕੁੱਤੇ-ਬਿੱਲੀਆਂ ਵਾਂਗ ਲੜ ਰਹੀ ਸੀ’।

ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਵਿੱਚ ਇੱਕ ਹੋਰ ਪਾਰਟੀ ਹੈ, ਜਿਸ ‘ਤੇ ਭ੍ਰਿਸ਼ਟਾਚਾਰ ਅਤੇ ਬੇਅਦਬੀ ਦੇ ਗੰਭੀਰ ਦੋਸ਼ ਲੱਗੇ ਹਨ’।

ਉਨ੍ਹਾਂ ਨੇ ਬੀਜੇਪੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਵਿੱਚ ਤੀਸਰੀ ਪਾਰਟੀ ਹੈ ਜਿਸਨੂੰ ਲੋਕ ਆਪਣੇ ਪਿੰਡਾਂ ਵਿੱਚ ਹੀ ਨਹੀਂ ਵੜ੍ਹਨ ਦਿੰਦੇ। ਇਸ ਪਾਰਟੀ ਦੇ ਲੀਡਰ ਜੇ ਪਿੰਡਾਂ ਵਿੱਚ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਭਜਾ ਦਿੰਦੇ ਹਨ’।

ਕੇਜਰੀਵਾਲ ਨੇ ਸਵਾਲ ਕਰਦਿਆਂ ਕਿਹਾ ਕਿ ‘ਅੱਜ ਪੰਜਾਬ ਦੇ ਅੰਦਰ ਕਿਸਨੂੰ ਪੰਜਾਬ ਦੀ ਚਿੰਤਾ ਹੈ। ਕਿਸਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ। ਕਿਸੇ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਹੈ। ਪੰਜਾਬ ਦੇ ਲੋਕ ਕਿੱਥੇ ਜਾਣ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੌਣ ਕਰੇਗਾ। ਹੁਣ ਪੰਜਾਬ ਦੇ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਹੈ ਕਿ ਸਾਨੂੰ ਵੀ ਮੁਫਤ ਬਿਜਲੀ ਚਾਹੀਦੀ ਹੈ। ਦਿੱਲੀ ਵਾਲਿਆਂ ਨੇ ‘ਆਪ’ ਨੂੰ ਇੱਕ ਮੌਕਾ ਦਿੱਤਾ ਤਾਂ ਦਿੱਲੀ ਵਿੱਚ 24 ਘੰਟੇ ਮੁਫਤ ਬਿਜਲੀ ਆ ਰਹੀ ਹੈ। ਅਜੇ ਤੱਕ ਲੋਕਾਂ ਕੋਲ ਕੋਈ ਵਿਕਲਪ ਨਹੀਂ ਸੀ ਪਰ ਹੁਣ ਲੋਕਾਂ ਕੋਲ ਵਿਕਲਪ ਹੈ’।

ਕੇਜਰੀਵਾਲ ਦੀ ਅਪੀਲ

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘ਪਿਛਲੇ 70 ਸਾਲਾਂ ਵਿੱਚ ਤੁਸੀਂ ਇਨ੍ਹਾਂ 3 ਪਾਰਟੀਆਂ ਨੂੰ ਅਣਗਿਣਤ ਮੌਕੇ ਦਿੱਤੇ ਪਰ ਕੁੱਝ ਨਹੀਂ ਬਦਲਿਆ, ਸਭ ਕੁੱਝ ਪਹਿਲਾਂ ਵਾਂਗ ਹੀ ਹੈ। ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਵੇਖੋ, ਅਸੀਂ ਸਾਰੇ ਮਿਲ ਕੇ ਪੰਜਾਬ ਦੇ 3 ਕਰੋੜ ਲੋਕਾਂ ਦੇ ਨਾਲ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਬਦਲਾਂਗੇ।

ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚਿਹਰੇ ਲਈ ਕੀ ਕੀਤਾ ਗਿਆ ਐਲਾਨ

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੀਐੱਮ ਚਿਹਰਾ ਕੌਣ ਹੋਵੇਗਾ, ਇਸ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਜੋ ਵੀ ਹੋਵੇਗਾ, ਉਸਦੇ ਬਾਰੇ ਸਮਾਂ ਆਉਣ ‘ਤੇ ਤੁਹਾਨੂੰ ਦੱਸਿਆ ਜਾਵੇਗਾ। ਤੁਹਾਨੂੰ ਇੱਕ ਹੀ ਗੱਲ ਦੱਸ ਸਕਦਾ ਹਾਂ ਕਿ ਪੂਰੇ ਪੰਜਾਬ ਨੂੰ ਉਸ ਉੱਪਰ ਨਾਜ਼ ਹੋਵੇਗਾ। ਇੱਕ ਚੀਜ਼ ਪੱਕੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸੀਐੱਮ ਚਿਹਰਾ ਸਿੱਖ ਸਮਾਜ ਤੋਂ ਹੋਵੇਗਾ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਅੰਦਰ ਪੰਜਾਬ ਹੀ ਇੱਕ ਐਸਾ ਸੂਬਾ ਹੈ ਜਿਸਦਾ ਮੁੱਖ ਮੰਤਰੀ ਸਿੱਖ ਸਮਾਜ ਤੋਂ ਹੈ। ਸਾਡਾ ਮੰਨਣਾ ਹੈ ਕਿ ਇਹ ਸਿੱਖ ਸਮਾਜ ਦਾ ਹੱਕ ਹੈ ਅਤੇ ਇਹ ਹੱਕ ਉਨ੍ਹਾਂ ਕੋਲ ਹੀ ਰਹੇਗਾ।

ਕੇਜਰੀਵਾਲ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਮੈਂ ਸਿੱਧੂ ਦਾ ਬਹੁਤ ਸਨਮਾਨ ਕਰਦਾ ਹਾਂ ਅਤੇ ਉਹ ਕਾਂਗਰਸ ਦੇ ਸੀਨੀਅਰ ਨੇਤਾ ਹਨ। ਮੇਰੀ ਸਿੱਧੂ ਨਾਲ ਕੋਈ ਮੀਟਿੰਗ ਨਹੀਂ ਹੋਈ ਹੈ।

ਕੇਜਰੀਵਾਲ ਦਾ ਹੋਇਆ ਵਿਰੋਧ

ਕੁੱਝ ਲੋਕਾਂ ਵੱਲੋਂ ਕੇਜਰੀਵਾਲ ਦਾ ਹਵਾਈ ਅੱਡੇ ਦੇ ਸਾਹਮਣੇ ਅਤੇ ਸਰਕਟ ਹਾਊਸ ਦੇ ਬਾਹਰ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਵਾਪਸ ਜਾਓ ਦੇ ਨਾਅਰੇ ਲਗਾਏ। ਅਕਾਲੀ ਦਲ ਦੇ ਕੁੱਝ ਵਰਕਰਾਂ ਨੇ ਕੇਜਰੀਵਾਲ ਦੇ ਕਾਫਲੇ ਵਾਲੇ ਰਾਹ ਉੱਤੇ ਖੜ੍ਹਕੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਅਤੇ ਕੇਜਰੀਵਾਲ ਗੋ ਬੈਕ ਦੇ ਨਾਅਰੇ ਲਾਏ। ਵਿਰੋਧ ਕਰਨ ਪਹੁੰਚੀ ਇੱਕ ਅਕਾਲੀ ਵਰਕਰ ਨੇ ਕਿਹਾ ਕਿ ਕੇਜਰੀਵਾਲ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਮੁਆਫ਼ੀ ਮੰਗ ਕੇ ਜਾ ਚੁੱਕਾ ਹੈ। ਅਸੀਂ ਉਸ ਨੂੰ ਪੰਜਾਬ ਵਿੱਚ ਨਹੀਂ ਵੜ੍ਹਨ ਦੇਣਾ। ਉਨ੍ਹਾਂ ਇਲਜ਼ਾਮ ਲਾਇਆ ਕਿ ਕਰੋਨਾ ਕਾਰਨ ਦਿੱਲੀ ਵਿੱਚ ਜੋ ਹਾਲਾਤ ਬਣੇ ਹਨ, ਉਸ ਲਈ ਕੇਜਰੀਵਾਲ ਜ਼ਿੰਮੇਵਾਰ ਹੈ। ਉਸ ਕੋਲੋ ਦਿੱਲੀ ਤਾਂ ਸਾਂਭੀ ਨਹੀਂ ਜਾਂਦੀ, ਉਹ ਪੰਜਾਬ ਦਾ ਸੁਪਨਾ ਲੈਣਾ ਭੁੱਲ ਜਾਵੇ।