Punjab

ਅੰਮ੍ਰਿਤਪਾਲ ਸਿੰਘ ਦੇ ਨਾਲ ਜੇਲ੍ਹ ‘ਚ ਬੰਦ ਦੂਜੇ ਸਾਥੀ ਨੇ ਵੀ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ! CM ਮਾਨ ਦੇ ਹਲਕੇ ਤੋਂ ਦਾਅਵੇਦਾਰੀ ਕਰਨਗੇ

ਬਿਉਰੋ ਰਿਪੋਰਟ – ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਦੂਜੇ ਸਾਥੀ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ । ਕੁਲਵੰਤ ਸਿੰਘ ਰਾਉਕੇ ਹੁਣ ਬਰਨਾਲਾ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲੜਨਗੇ,ਇਹ ਸੀਟ ਮੀਤ ਹੇਅਰ ਦੇ ਸੰਗਰੂਰ ਤੋਂ ਲੋਕਸਭਾ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਸੀ। ਕੁਲਵੰਤ ਸਿੰਘ ਰਾਉਕੇ ਦੇ ਭਰਾ ਮਹਾ ਸਿੰਘ ਨੇ ਇਸ ਦਾ ਐਲਾਨ ਕੀਤਾ ਹੈ । ਇਸ ਤੋਂ ਪਹਿਲਾਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਗਿੱਦੜਬਾਹਾ ਤੋਂ ਚੋਣ ਲੜਨਗੇ । ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕਸਭਾ ਜਿੱਤਣ ਤੋਂ ਬਾਅਦ ਇਹ ਸੀਟ ਹੁਣ ਖਾਲੀ ਹੋਈ ਸੀ ।

ਰਾਉਕੇ ਦੇ ਭਰਾ ਮਹਾ ਸਿੰਘ ਨੇ ਕਿਹਾ ਮੈਂ ਭਰਾ ਨਾਲ ਫੋਨ ‘ਤੇ ਗੱਲ ਕੀਤੀ ਸੀ । ਉਸ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਬਰਨਾਲਾ ਤੋਂ ਜ਼ਿਮਨੀ ਚੋਣ ਲੜਨ ਦਾ ਫੈਸਲਾ ਲਿਆ ਹੈ । ਅਸੀਂ ਉਸ ਦੀ ਹਮਾਇਤ ਕਰਾਂਗੇ । ਮੋਗਾ ਜ਼ਿਲ੍ਹੇ ਦੇ ਰਾਉਕੇ ਕਲਾਂ ਪਿੰਡ ਦੇ ਕੁਲਵੰਤ ਸਿੰਘ ਰਾਉਕੇ ਦੀ ਉਮਰ 38 ਸਾਲ ਹੈ ਅਤੇ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕਲਰਕ ਦੇ ਤੌਰ ‘ਤੇ ਕੰਮ ਕਰ ਚੁੱਕਾ ਹੈ ।

ਅੰਮ੍ਰਿਤਪਾਲ ਦਾ ਸਾਥ ਦੇਣ ‘ਤੇ ਲੱਗਿਆ ਸੀ NSA

ਕੁਲਵੰਤ ਸਿੰਘ ਰਾਉਕੇ ਦੇ ਪਿਤਾ ਚਰਹਤ ਸਿੰਘ ਨੂੰ ਵੀ ਖਾੜਕੂ ਦੌਰ ਦੇ ਦੌਰਾਨ 25 ਮਾਰਚ 1993 ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ,ਉਹ ਵੀ ਘਰ ਨਹੀਂ ਪਰਤੇ ਸਨ । ਭਰਾ ਮਹਾ ਸਿੰਘ ਨੇ ਕਿਹਾ ਅੱਜ ਤੱਕ ਸਾਨੂੰ ਨਹੀਂ ਪਤਾ ਚੱਲਿਆ ਪਿਤਾ ਚਰਹਤ ਸਿੰਘ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰੇ ਗਏ ਜਾਂ ਫਿਰ ਉਹ ਜ਼ਿੰਦਾ ਹਨ । ਸਾਡੇ ਕੋਲ ਉਨ੍ਹਾਂ ਦੀ ਮੌਤ ਦਾ ਕੋਈ ਸਬੂਤ ਨਹੀਂ ਹੈ,ਉਨ੍ਹਾਂ ਨੂੰ ਪੁਲਿਸ ਲੈ ਗਈ ਪਰ ਉਹ ਵਾਪਸ ਨਹੀਂ ਪਰਤੇ । ਕੁਲਵੰਤ ਸਿੰਘ ਦੇ ਪਿਤਾ ਨੂੰ ਵੀ 1987 ਵਿੱਚ NSA ਅਧੀਨ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ।

ਮਹਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਕਾਲੀ ਦਲ ਦੇ ਆਗੂ ਸਨ ਅਤੇ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਹਮਾਇਤ ਕਰਨ ‘ਤੇ ਹਿਰਾਸਤ ਵਿੱਚ ਲਿਆ ਗਿਆ ਸੀ,ਉਹ ਬਾਅਦ ਵਿੱਚ ਪਿੰਡ ਦੇ ਸਰਪੰਚ ਵੀ ਬਣੇ,25 ਮਾਰਚ 1993 ਨੂੰ ਪੁਲਿਸ ਉਨ੍ਹਾਂ ਨੂੰ ਜ਼ਬਰਦਸਤੀ ਲੈ ਗਈ ।