ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ 32 ਦੰਦ ਹੋਣ ਦੇ ਦਮ ‘ਤੇ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ ਤਾਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਲੋਕਸਭਾ ਚੋਣਾਂ ਤੋਂ ਬਾਅਦ ਮਾਨ ਦੀ ਕੁਰਸੀ ਜਾਣ ਦੀ ਭਵਿੱਖਬਾੜੀ ਕਰ ਦਿੱਤੀ ਹੈ । ਮਜੀਠੀਆ ਨੇ ਕਿਹਾ ਕਿ ਮਾਨ ਦੀ ਕੁਰਸੀ ਤਾਂ ਹੀ ਬਚੇਗੀ ਜੇਕਰ ਬੀਜੇਪੀ ਵੱਲੋਂ ਨਾਮੀਨੇਟ ਹੋਣਗੇ। ਮਜੀਠੀਆ ਨੇ ਤਾਂ ਅਗਲੇ ਮੁੱਖ ਮੰਤਰੀ ਦਾ ਨਾਂ ਐਲਾਨ ਦਿੱਤਾ,ਉਨ੍ਹਾਂ ਮੁਤਾਬਿਕ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਗਲੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣਗੇ । ਮਜੀਠੀਆ ਨੇ ਲੋਕਸਭਾ ਚੋਣ ਲੜਨ ਤੋਂ ਪਰਦਾ ਚੁੱਕ ਦਿੱਤਾ ਹੈ ।
ਬਿਕਰਮ ਸਿੰਘ ਮਜੀਠੀਆ ਦੇ ਖਡੂਰ ਸਾਹਿਬ ਤੋਂ ਚੋਣ ਲੜਨ ਦੀਆਂ ਚਰਚਾਵਾਂ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਮਜੀਠੀਆ ਨੇ ਕਿਹਾ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਹੈ ਨਾ ਹੀ ਦੱਸਿਆ ਹੈ । ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਦਾ ਨਾਂ ਵੀ ਚੱਲ ਰਿਹਾ ਹੈ ।
ਮਜੀਠੀਆ ਸੰਜੇ ਸਿੰਘ ਖਿਲਾਫ ਮਾਣਹਾਨੀ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ । ਉਨ੍ਹਾਂ ਨੇ ਸੰਜੇ ਸਿੰਘ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਮੈਨੂੰ ਉਮੀਦ ਸੀ ਕਿ 6 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਪੇਸ਼ੀ ‘ਤੇ ਆਉਣਗੇ,ਮੈਂ ਸੁਣਿਆ ਹੈ ਕਿ ਕੇਜਰੀਵਾਲ ਦਾ ਭਾਰ ਘੱਟ ਹੋ ਗਿਆ ਹੈ,ਮੈਂ ਉਨ੍ਹਾਂ ਨੂੰ ਜੇਲ੍ਹ ਵਿੱਚ ਰਹਿਣ ‘ਤੇ ਕੁਝ ਟਿਪ ਦੇ ਦਿੰਦਾ ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮੁੱਖ ਮੰਤਰੀ ਮਾਨ ਇਲਜ਼ਾਮ ਲੱਗਾ ਰਹੇ ਕਿ ਕੇਂਦਰ ਈਡੀ ਦੀ ਵਿਰੋਧੀਆਂ ਦੇ ਖਿਲਾਫ ਦੁਰਵਰਤੋਂ ਕਰ ਰਿਹਾ ਹੈ ਜਦਕਿ ਉਨ੍ਹਾਂ ਦੀ ਆਪਣੀ ਸਰਕਾਰ ਵੀ ਪੰਜਾਬ ਵਿੱਚ ਅਜਿਹਾ ਹੀ ਕਰ ਰਹੀ ਹੈ । ਜਿਹੜਾ ਆਗੂ ਅਵਾਜ਼ ਚੁੱਕ ਦਾ ਹੈ ਉਸ ਖਿਲਾਫ ਵਿਜੀਲੈਂਸ ਦੀ ਜਾਂਚ ਬਿਠਾਈ ਜਾਂਦੀ ਫਿਰ ਥੋੜੇ ਦਿਨ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਹੈ ।