‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿੱਚੋਂ ਸਮਾਨ ਚੋਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸਰਕਾਰੀ ਰਿਹਾਇਸ਼ ‘ਤੇ ਫਰਨੀਚਰ ਨੂੰ ਵੀ ਸਰਕਾਰੀ ਸਿਉਂਕ ਖਾ ਗਈ ਹੈ। ਆਮ ਪ੍ਰਸ਼ਾਸਨ ਵੱਲੋਂ ਪੰਚਾਇਤ ਮੰਤਰੀ ਨੂੰ ਚਾਰ ਦਿਨ ਪਹਿਲਾਂ ਸੈਕਟਰ 39 ਵਿੱਚ 752 ਨੰਬਰ ਅਲਾਟ ਹੋਇਆ ਸੀ। ਉਹ ਅਗਲੇ ਦਿਨ ਆਪਣਾ ਘਰ ਦੇਖਣ ਆਏ ਤਾਂ ਪੂਰਾ ਸਮਾਨ ਸਜਿਆ ਪਿਆ ਸੀ। ਪਰ ਦੋ ਦਿਨ ਪਹਿਲਾਂ ਜਦੋਂ ਉਨ੍ਹਾਂ ਨੇ ਘਰ ਦਾ ਗੇੜਾ ਲਾਇਆ ਤਾਂ ਫਰਨੀਚਰ ਗਾਇਬ ਸੀ ਅਤੇ ਘਰ ਦੀ ਅੰਦਰੋਂ ਕਈ ਥਾਂਵਾਂ ਤੋਂ ਟੁੱਟ ਭੰਨ ਵੀ ਕੀਤੀ ਹੋਈ ਸੀ।
ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਨਾਲ ਹੀ ਕਿਹਾ ਹੈ ਕਿ ਉਹ ਹਾਲੇ ਤੱਕ ਸਮਝ ਨਹੀਂ ਸਕੇ ਕਿ ਲੀਡਰ ਸਿਆਸਤਦਾਨ ਹਨ ਜਾਂ ਡਾਕੂ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ 15 ਸਾਲਾਂ ਵਿੱਚ ਪੰਜਾਬ ਨੂੰ ਲੁੱਟਣ ਵਾਲਿਆਂ ਦਾ ਹਾਲੇ ਪਤਾ ਨਹੀਂ ਲੱਗਿਆ। ਫਰਨੀਚਰ ਡਕਾਰਨ ਵਾਲੇ ਕਿੱਥੋਂ ਫੜੇ ਜਾਣੇ ਹਨ। ਉਂਝ, ਉਨ੍ਹਾਂ ਨੇ ਸਿਕਿਓਰਿਟੀ ਨਾਲ ਲੈਸ ਚਾਰਦੀਵਾਰੀ ਅੰਦਰਲੇ ਘਰਾਂ ਵਿੱਚੋਂ ਸਮਾਨ ਚੋਰੀ ਹੋਣ ਉੱਤੇ ਹੈਰਾਨੀ ਦਾ ਪ੍ਰਗਟਾਵਾ ਵੀ ਕੀਤਾ ਹੈ। ਇਸ ਤੋਂ ਪਹਿਲਾਂ PWD ਦੇ ਇੱਕ ਐਕਸੀਅਨ ਨੇ ਵਿਧਾਨ ਸਭਾ ਦੇ ਸਕੱਤਰ ਨੂੰ ਸ਼ਿਕਾਇਤ ਦੇ ਕੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰੋਂ ਲੱਖਾਂ ਦਾ ਸਮਾਨ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ।