ਬਿਊਰੋ ਰਿਪੋਰਟ : ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ ਰਿਹਾ ਹੋ ਰਹੇ ਹਨ ਜਾਂ ਨਹੀਂ ਇਸ ਨੂੰ ਲੈਕੇ ਸਸਪੈਂਸ ਬਣਿਆ ਹੋਇਆ ਹੈ । ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਚੰਗੇ ਕਿਰਦਾਰ ਵਾਲੇ ਕੈਦੀਆਂ ਦੀ ਰਿਹਾਈ ਦੀ ਲਿਸਟ ਹੁਣ ਤੱਕ ਜਾਰੀ ਨਹੀਂ ਕੀਤੀ ਗਈ ਹੈ । ਪਰ ਉਨ੍ਹਾਂ ਦੇ ਹਿਮਾਇਤੀ ਵਿਧਾਇਕਾਂ ਨੇ ਦਾਅਵਾ ਕਰ ਦਿੱਤਾ ਹੈ ਕਿ ਸਿੱਧੂ 26 ਜਨਵਰੀ ਨੂੰ ਸਵੇਰ 11 ਵਜੇ ਜੇਲ੍ਹ ਤੋਂ ਬਾਹਰ ਆ ਜਾਣਗੇ । ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਇਹ ਖੁਲਾਸਾ ਕੀਤਾ ਹੈ । ਉਧਰ ਦੂਜੇ ਪਾਸੇ ਕਾਂਗਰਸ ਦੇ ਇੱਕ ਹੋਰ ਵੱਡੇ ਚਿਹਰੇ ਕੁਲਬੀਰ ਸਿੰਘ ਜ਼ੀਰਾ ਨੇ ਸਮੇਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦਾ ਵਿਰੋਧ ਕੀਤਾ ਹੈ ।
ਜ਼ੀਰਾ ਨੇ ਦਿੱਤਾ ਇਹ ਤਰਕ
ਜ਼ੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਹੈ ਕਿ ਜੇਕਰ ਸਿੱਧੂ ਸਮੇਂ ਤੋਂ ਪਹਿਲਾਂ ਬਰੀ ਹੁੰਦੇ ਹਨ ਤਾਂ ਸਾਫ ਹੋ ਜਾਵੇਗਾ ਕਿ ਉਹ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਨਾਲ ਰਿਹਾ ਹੋ ਰਹੇ ਹਨ । ਉਨ੍ਹਾਂ ਨੇ ਸਿੱਧੂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਰਿਹਾਈ ਦੇ ਲਈ ਆਮ ਆਦਮੀ ਪਾਰਟੀ ਦੀ ਮਿੰਨਤਾਂ ਨਾ ਕਰਨ । ਜ਼ੀਰਾ ਨੇ ਕਿਹਾ ਨਵਜੋਤ ਸਿੰਘ ਸਿੱਧੂ ਦੀ 2 ਮਹੀਨੇ ਦੀ ਹੋਰ ਜੇਲ੍ਹ ਦੀ ਸਜ਼ਾ ਬਚੀ ਹੈ ਇਸ ਨੂੰ ਪੂਰਾ ਕਰ ਲੈਣ। ਇਸ ਦੇ ਨਾਲ ਉਨ੍ਹਾਂ ਦਾ ਮਾਨ ਸਨਮਾਨ ਹੋਰ ਵਧੇਗਾ । ਕੁਲਬੀਰ ਸਿੰਘ ਜ਼ੀਰਾ ਦੀ ਇਸ ਸਲਾਹ ਦੇ ਪਿੱਛੇ ਕਾਂਗਰਸ ਦੇ ਉਨ੍ਹਾਂ ਆਗੂਆਂ ਦਾ ਬਿਆਨ ਨਜ਼ਰ ਆ ਰਿਹਾ ਹੈ ਜੋ ਕਿਧਰੇ ਨਾ ਕਿਰਧੇ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਪਰੇਸ਼ਾਨ ਹਨ । ਕੁਲਬੀਰ ਜ਼ੀਰਾ ਵੀ ਇੱਕ ਵਕਤ ਸਿੱਧੂ ਦੇ ਖਾਸ ਮੰਨੇ ਜਾਂਦੇ ਸਨ । ਪਰ ਵਿਧਾਨਸਭਾ ਚੋਣਾਂ ਹਾਰਨ ਤੋਂ ਬਾਅਦ ਉਹ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਚੱਲੇ ਗਏ ।ਰੰਧਾਵਾ ਅਤੇ ਵੜਿੰਗ ਦੋਵਾਂ ਦੀ ਸਿੱਧੂ ਨਾਲ ਸਿਆਸੀ ਖਿੱਚੋਤਾਣ ਹੈ । ਸਿੱਧੂ ਨੇ ਜੇਲ੍ਹ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਵੜਿੰਗ ਦੇ ਖਿਲਾਫ਼ ਮੋਰਚਾ ਖੋਲਿਆ ਸੀ ਉਸ ਨੇ ਕਾਂਗਰਸ ਨੂੰ 2 ਹਿਸਿਆਂ ਵਿੱਚ ਵੰਡ ਦਿੱਤਾ ਸੀ । ਰਾਜਾ ਵੜਿੰਗ ਨੇ ਇਸ ਦੀ ਸ਼ਿਕਾਇਤ ਹਾਈਕਮਾਨ ਨੂੰ ਕੀਤੀ ਸੀ ਪਰ ਇਸ ਤੋਂ ਪਹਿਲਾਂ ਕੋਈ ਫੈਸਲਾ ਹੁੰਦਾ ਸਿੱਧੂ ਜੇਲ੍ਹ ਪਹੁੰਚ ਗਏ ਸਨ । ਪਰ ਹੁਣ ਹਾਈਕਮਾਨ ਇੱਕ ਵਾਰ ਮੁੜ ਤੋਂ ਸਿੱਧੂ ‘ਤੇ ਦਾਅ ਖੇਡਣ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ ।
ਸ੍ਰੀਨਗਰ ਰੈਲੀ ਦੇ ਲਈ ਸਿੱਧੂ ਨੂੰ ਸੱਦਾ
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਸੇ ਮਹੀਨੇ ਦੇ ਅਖੀਰ ਵਿੱਚ ਸ੍ਰੀ ਨਗਰ ਵਿੱਚ ਖਤਮ ਹੋਵੇਗਾ ਇਸ ਦੌਰਾਨ ਕਾਂਗਰਸ ਵੱਲੋਂ ਵੱਡੀ ਰੈਲੀ ਦਾ ਐਲਾਨ ਕੀਤਾ ਗਿਆ ਹੈ। ਰਾਹੁਲ ਗਾਂਧੀ ਜਿਸ ਦਿਨ ਜੰਮੂ ਦਾਖਲ ਹੋਏ ਸਨ, ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ । ਹਾਲਾਂਕਿ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੇ ਅਖੀਰਲੇ ਦਿਨ ਜਦੋਂ ਪਠਾਨਕੋਟ ਵਿੱਚ ਕਾਂਗਰਸ ਨੇ ਰੈਲੀ ਕੀਤੀ ਸੀ ਤਾਂ ਰਾਜਾ ਵੜਿੰਗ,ਪ੍ਰਤਾਪ ਬਾਜਵਾ,ਸੁਖਜਿੰਦਰ ਰੰਧਾਵਾ ਨੇ ਇੱਕ ਸੁਰ ਵਿੱਚ ਬਿਨਾਂ ਸਿੱਧੂ ਦਾ ਨਾਂ ਲਏ ਹਾਈਕਮਾਨ ਨੂੰ ਨਸੀਹਤ ਦਿੱਤੀ ਸੀ ਕਿ ਬਾਹਰੀ ਲੋਕਾਂ ਨੂੰ ਤਰਜ਼ੀ ਦੇਣ ਦੀ ਵਜ੍ਹਾ ਕਰਕੇ ਕਾਂਗਰਸ ਦਾ ਬੁਰਾ ਹਾਲ ਹੋਇਆ ਹੈ । ਇਸ ਲਈ ਉਹ ਟਕਸਾਲੀ ਕਾਂਗਰੀਆਂ ਨੂੰ ਤਰਜ਼ੀ ਦੇਣ। ਪਰ ਪੰਜਾਬ ਤੋਂ ਕਦਮ ਪੁੱਟ ਦੇ ਹੀ ਰਾਹੁਲ ਨੇ ਸਿੱਧੂ ਨੂੰ ਰੈਲੀ ਲਈ ਸੱਦਾ ਦੇ ਕੇ ਆਪਣੇ ਆਗੂਆਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਸਾਫ ਹੈ ਕਿ ਸਿੱਧੂ ਹੁਣ ਵੀ ਰਾਹੁਲ ਗਾਂਧੀ ਦੇ ਲਈ ਨੰਬਰ 1 ‘ਤੇ ਹਨ ਅਤੇ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਮੁੜ ਤੋਂ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ । ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਦਾ ਕਲੇਸ਼ ਹੋਰ ਤੇਜ਼ ਹੋਣਾ ਵੀ ਤੈਅ ਮੰਨਿਆ ਜਾ ਰਿਹਾ ਹੈ ।