ਚੰਡੀਗੜ੍ਹ : ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾਂ ਨੇ ਕਿਹਾ ਕੀ ਮੀਡੀਆ ਦੇ ਇਕ ਹਿੱਸੇ ਵੱਲੋਂ ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ.ਦਰਸ਼ਨਪਾਲ ਨੂੰ ਮਾਓਵਾਦੀ ਪਾਰਟੀ ਦਾ ਮੈਂਬਰ ਬਣਾ ਕੇ ਪੇਸ਼ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਥੇਬੰਦੀ ਸਮਝਦੀ ਹੈ ਕਿ ਅਜਿਹਾ ਬੇਬੁਨਿਆਦ ਅਤੇ ਝੂਠਾ ਪ੍ਰਚਾਰ ਕਿਸਾਨ ਅੰਦੋਲਨ, ਖ਼ਾਸ ਕਰਕੇ ਇਸ ਦੇ ਪ੍ਰਮੁੱਖ ਆਗੂਆਂ ਨੂੰ ਬਦਨਾਮ ਕਰਨ ਅਤੇ ਜਬਰ ਦਾ ਨਿਸ਼ਾਨਾ ਬਣਾਉਣ ਦੀ ਡੂੰਘੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਜਿਵੇਂ ਭਾਰਤ ਸਰਕਾਰ ਨੇ ਪਹਿਲਾਂ ਹੀ ਦੇਸ਼ ਦੇ ਕਈ ਲੋਕਪੱਖੀ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਦਾ ਸੰਬੰਧ ਪਾਬੰਦੀਸ਼ੁਦਾ ਪਾਰਟੀ ਨਾਲ ਜੋੜ ਕੇ ਉਨ੍ਹਾਂ ਨੂੰ ਝੂਠੇ ਦੋਸ਼ਾਂ ਤਹਿਤ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ, ਇਹ ਵੀ ਉਸੇ ਤਰ੍ਹਾਂ ਦਾ ਮੀਡੀਆ ਟਰਾਇਲ ਹੈ।
ਆਗੂਆਂ ਨੇ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਪੰਜਾਬ ਇੱਕ ਸੁਤੰਤਰ ਜਨਤਕ ਜਮਹੂਰੀ ਜਥੇਬੰਦੀ ਹੈ, ਇਸ ਦਾ, ਇਸਦੇ ਪ੍ਰਧਾਨ ਡਾਕਟਰ ਦਰਸ਼ਨ ਪਾਲ ਅਤੇ ਇਸ ਦੇ ਆਗੂਆਂ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਇਕ ਟੀਵੀ ਚੈਨਲ ਵੱਲੋਂ ਸਾਡੀ ਜਥੇਬੰਦੀ ਦੇ ਪ੍ਰਮੁੱਖ ਆਗੂ ਡਾ. ਦਰਸ਼ਨਪਾਲ ਨੂੰ ਕਿਸੇ ਕਥਿਤ ਮਾਓਵਾਦੀ ਪ੍ਰੈੱਸ ਨੋਟ ਨਾਲ ਜੋੜਕੇ ਬਦਨਾਮ ਕਰਨਾ ਬੇਹੱਦ ਗ਼ੈਰਜ਼ਿੰਮੇਵਾਰਾਨਾ ਕਾਰਵਾਈ ਹੈ। ਮੀਡੀਆ ਨੂੰ ਅਜਿਹੇ ਬੇਬੁਨਿਆਦ ਮੁੱਦੇ ਉਛਾਲਣ ਦੀ ਬਜਾਏ ਲੋਕ ਮੁੱਦਿਆਂ ਤੇ ਸੰਘਰਸ਼ਾਂ ਬਾਰੇ ਸੰਜੀਦਗੀ ਨਾਲ ਰਿਪੋਰਟਿੰਗ ਕਰਨੀ ਚਾਹੀਦੀ ਹੈ।
ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਡਾ. ਦਰਸ਼ਨਪਾਲ ਮਕਬੂਲ ਜਨਤਕ ਜਮਹੂਰੀ ਸ਼ਖ਼ਸੀਅਤ ਹਨ ਜੋ ਦਹਾਕਿਆਂ ਤੋਂ ਕਿਰਤੀਆਂ, ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ, ਪੰਜਾਬ ਦੇ ਹਿਤਾਂ ਲਈ ਅਤੇ ਭਾਰਤੀ ਹੁਕਮਰਾਨਾਂ ਦੀਆਂ ਸਾਮਰਾਜਵਾਦ ਤੇ ਕਾਰਪੋਰੇਟ ਸਰਮਾਏ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਹਮੇਸ਼ਾ ਡੱਟ ਕੇ ਖੜ੍ਹਦੇ ਆ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਲੜੇ ਗਏ ਇਤਿਹਾਸਕ ਕਿਸਾਨ ਅੰਦੋਲਨ ਸਮੇਂ ਵੀ ਸਰਕਾਰ ਅਤੇ ਗੋਦੀ ਮੀਡੀਆ ਵੱਲੋਂ ਇਸੇ ਤਰ੍ਹਾਂ ਮਨਘੜਤ ਕਹਾਣੀਆਂ ਪ੍ਰਚਾਰ ਕੇ ਭੁਲੇਖੇ ਖੜ੍ਹੇ ਕਰਦਿਆਂ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਕਿਸਾਨ ਜਨਤਾ ਦੀ ਦਿ੍ਰੜਤਾ ਨਾਲ ਅਸਫ਼ਲ ਬਣਾਇਆ ਗਿਆ ਸੀ। ਹੁਣ ਵੀ ਪ੍ਰਮੁੱਖ ਕਿਸਾਨ ਆਗੂਆਂ ਦੀ ਕਿਰਦਾਰਕੁਸ਼ੀ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅਜਿਹੇ ਕੋਝੇ ਯਤਨਾਂ ਨੂੰ ਕਿਸਾਨ ਏਕਤਾ ਅਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਕੇ ਪਛਾੜਿਆ ਜਾਵੇਗਾ।