Punjab

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ‘ਤੇ ਅੱਜ ਹੋ ਰਹੇ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਨਿਹੰਗ ਖਾਂ ਦੇ ਕਿਲੇ ਨੂੰ ਨਾ ਸੰਭਾਲਣ ਕਰਕੇ ਇਸਦੀ ਬਿਲਡਿੰਗ ਜ਼ਰਜ਼ਰ ਹੋ ਚੁੱਕੀ ਹੈ ਅਤੇ ਇਸਦਾ ਕਾਫ਼ੀ ਹਿੱਸਾ ਢਹਿ ਢੇਰੀ ਵੀ ਹੋ ਗਿਆ ਹੈ। ਇਸ ਇਤਿਹਾਸਕ ਧਰੋਹਰ ਨੂੰ ਆਜ਼ਾਦ ਕਰਵਾਉਣ ਦਾ ਕੁੱਝ ਜਥੇਬੰਦੀਆਂ ਨੇ ਬੀੜਾ ਚੁੱਕ ਲਿਆ ਹੈ। ਸਿੱਖ ਜਥੇਬੰਦੀਆਂ ਨੇ ਕਿਲ੍ਹੇ ਦਾ ਜਿੰਦਰਾ ਤੋੜ ਕੇ ਸਾਂਭ ਸੰਭਾਲ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ ਹੈ। ਇਸ ਕਿਲ੍ਹੇ ਦੇ ਅੰਦਰ ਕਿਸੇ ਵੇਲੇ ਗੁਰਦੁਆਰਾ ਕੋਠੜਾ ਸਾਹਿਬ ਵੀ ਹੋਇਆ ਕਰਦਾ ਸੀ।

ਪੰਜਾਬ ਸਟੂਡੈਂਟਸ ਯੂਨੀਅਨ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂ ਕੁੱਝ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਨਿਹੰਗ ਖਾਂ ਦੀ ਹਵੇਲੀ ਵਿੱਚ ਦਾਖਲ ਹੋ ਗਏ। ਇਨ੍ਹਾਂ ਵੱਲੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਗਿਆ ਕਿ ਇਹ ਜਗ੍ਹਾ ਲਾਲ ਲਕੀਰ ਦੇ ਅੰਦਰ ਹੈ। ਸਦੀਆਂ ਤੋਂ ਖੰਡਰ ਤੇ ਬੇਆਬਾਦ ਪਈ ਹੈ। ਕੁੱਝ ਵਿਅਕਤੀ ਬਿਨਾਂ ਸਬੂਤਾਂ ਤੋਂ ਇਹ ਹਵੇਲੀ ਵੇਚ ਕੇ ਕਰੋੜਾਂ ਰੁਪਏ ਵੱਟਣਾ ਚਾਹੁੰਦੇ ਹਨ। ਇਸ ਦੌਰਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੁਣੌਤੀ ਦਿੱਤੀ ਕਿ ਖੁਦ ਨੂੰ ਹਵੇਲੀ ਦੇ ਮਾਲਕ ਅਖਵਾਉਣ ਵਾਲੇ ਵਿਅਕਤੀ ਮਾਲਕੀ ਸਬੰਧੀ ਪੁਖਤਾ ਸਬੂਤ ਪੇਸ਼ ਕਰਨ। ਬਿਨਾਂ ਸਬੂਤਾਂ ਤੋਂ ਕਿਸੇ ਵਿਅਕਤੀ ਨੂੰ ਇਤਿਹਾਸਿਕ ਧਰੋਹਰ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਹਵੇਲੀ ਦੀ ਸੰਭਾਲ ਲਈ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਟਰੱਸਟ ਬਣਾਇਆ ਜਾਵੇਗਾ।

ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਤੇ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਦੂਜੀ ਧਿਰ ਤੋਂ ਮਾਲਕੀ ਸਬੰਧੀ ਸਬੂਤ ਮੰਗੇ ਲਏ ਹਨ। 15 ਦਿਨਾਂ ਅੰਦਰ ਮਸਲਾ ਹੱਲ ਕਰ ਦਿੱਤਾ ਜਾਵੇਗਾ।